Fazilka News: ਪਾਣੀ ਨਾਲ ਭਰਿਆ ਅੰਡਰਬ੍ਰਿਜ; ਰੇਲਵੇ ਫਾਟਕ ਦੋ ਦਿਨਾਂ ਤੋਂ ਬੰਦ, ਲੋਕਾਂ ਦਾ ਆਉਣ-ਜਾਣਾ ਹੋਇਆ ਔਖਾ
Fazilka News: ਜਿਸ ਫਾਟਕ ਦੇ ਬੰਦ ਹੋਣ ਕਾਰਨ ਰੇਲਵੇ ਲਾਈਨ ਦੇ ਪਾਰ ਰਹਿਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Fazilka News(ਸੁਨੀਲ ਨਾਗਪਾਲ): ਫਾਜ਼ਿਲਕਾ ਵਾਸੀਆਂ ਲਈ ਦੋਹਰੀ ਮੁਸੀਬਤ ਦੀ ਤਸਵੀਰ ਸਾਹਮਣੇ ਆਈ ਹੈ। ਮੀਂਹ ਦੇ ਕਾਰਨ ਜਿੱਥੇ ਪਾਣੀ ਭਰਨ ਕਰਕੇ ਪ੍ਰਸ਼ਾਸਨ ਨੇ ਰੇਲਵੇ ਅੰਡਰ ਬ੍ਰਿਜ ਨੂੰ ਜਾਣ ਵਾਲੀ ਸੜਕ ਨੂੰ ਬੰਦ ਕਰ ਦਿੱਤਾ ਹੈ। ਜਿਸ ਕਾਰਨ ਮੁਰੰਮਤ ਦਾ ਕੰਮ ਚੱਲਣ ਕਰਕੇ ਸਲੇਮਸ਼ਾਹ ਇਲਾਕੇ ਦਾ ਰੇਲਵੇ ਫਾਟਕ 2 ਦਿਨਾਂ ਤੋਂ ਬੰਦ ਹੈ। ਜਿਸ ਕਾਰਨ ਰੇਲਵੇ ਲਾਈਨ ਦੇ ਪਾਰ ਰਹਿਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਲੋਕਾਂ ਵੱਲੋਂ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਸਵਾਲ ਉਠਾਏ ਜਾ ਰਹੇ ਹਨ। ਦੋਵੇਂ ਸੜਕਾਂ ਬੰਦ ਹੋਣ ਕਾਰਨ ਬੱਚਿਆਂ ਦਾ ਸਕੂਲ ਜਾਣਾ ਔਖਾ ਹੋ ਗਿਆ ਹੈ।
ਜਾਣਕਾਰੀ ਦਿੰਦਿਆਂ ਫਾਜ਼ਿਲਕਾ ਵਾਸੀਆਂ ਨੇ ਦੱਸਿਆ ਕਿ ਉਹ ਆਪਣੇ ਘਰ ਜਾ ਰਹੇ ਸਨ ਕਿ ਅੰਡਰ ਬ੍ਰਿਜ ਬੰਦ ਹੋਣ ਕਾਰਨ ਉਹ ਪਿੱਛੇ ਮੁੜ ਕੇ ਰੇਲਵੇ ਲਾਈਨ ਦੇ ਦੂਜੇ ਪਾਸੇ ਤੋਂ ਆ ਗਏ ਤਾਂ ਅੱਗੇ ਵਾਲਾ ਫਾਟਕ ਬੰਦ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਰੇਲਵੇ ਫਾਟਕ ਦੀ ਮੁਰੰਮਤ ਦਾ ਕੰਮ ਅੰਡਰ ਬ੍ਰਿਜ ਦਾ ਰਸਤਾ ਸਾਫ਼ ਕਰਕੇ ਸ਼ੁਰੂ ਕਰਨਾ ਚਾਹੀਦਾ ਸੀ। ਇੱਕ ਮਹਿਲਾ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਜਾ ਰਿਹਾ ਸੀ ਕਿ ਰਸਤੇ ਵਿੱਚ ਰੇਲਵੇ ਫਾਟਕ ਦਾ ਰਸਤਾ ਬੰਦ ਹੋ ਗਿਆ ਹੈ, ਹੁਣ ਉਸ ਨੂੰ ਆਪਣਾ ਸਾਈਕਲ ਪਿੱਛੇ ਖੜ੍ਹਾ ਕਰਕੇ ਰੇਲਵੇ ਫਾਟਕ ਪਾਰ ਕਰਕੇ ਆਪਣੇ ਬੱਚਿਆਂ ਨੂੰ ਸਕੂਲ ਛੱਡਣਾ ਪੈ ਰਿਹਾ ਹੈ। ਦੂਜੇ ਪਾਸੇ ਅੰਡਰ ਬ੍ਰਿਜ ਦੇ ਨੇੜੇ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪਾਣੀ ਭਰਨ ਕਾਰਨ ਜਿੱਥੇ ਅੰਡਰ ਬ੍ਰਿਜ ਨੂੰ ਜਾਣ ਵਾਲਾ ਰਸਤਾ ਬੰਦ ਹੈ, ਉੱਥੇ ਉਨ੍ਹਾਂ ਦੀਆਂ ਦੁਕਾਨਾਂ 'ਚ ਵੀ ਪਾਣੀ ਭਰ ਜਾਂਦਾ ਹੈ, ਜਿਸ ਕਾਰਨ ਪਾਣੀ ਦੀ ਨਿਕਾਸੀ ਨਹੀਂ ਹੁੰਦੀ ਇਸ ਕਾਰਨ ਉਨ੍ਹਾਂ ਦਾ ਕਾਰੋਬਾਰ ਵੀ ਪ੍ਰਭਾਵਿਤ ਹੋ ਰਿਹਾ ਹੈ।
ਇਸ ਮੌਕੇ ’ਤੇ ਮੌਜੂਦ ਵਿਭਾਗ ਦੇ ਜੇਈ ਰੱਤੀ ਰਾਮ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਰੇਲਵੇ ਲਾਈਨਾਂ 'ਤੇ ਲੱਗੇ ਜੰਗਾਲ ਦੀ ਮੁਰੰਮਤ ਲਈ ਪਹਿਲਾਂ ਹੀ ਮਨਜ਼ੂਰੀ ਲਈ ਹੋਈ ਹੈ। ਜਿਸ ਕਾਰਨ ਕਰੀਬ ਦੋ ਦਿਨ ਰੇਲਵੇ ਫਾਟਕ ਬੰਦ ਕੀਤਾ ਗਿਆ ਹੈ। ਜਦਕਿ ਉਨ੍ਹਾਂ ਨੇ ਆਪਣੇ ਸਮੇਂ 'ਤੇ ਕੰਮ ਸ਼ੁਰੂ ਕਰਵਾ ਦਿੱਤਾ। ਉਨ੍ਹਾਂ ਕਿਹਾ ਕਿ ਰੇਲਵੇ ਅੰਡਰ ਬ੍ਰਿਜ ਦੇ ਬੰਦ ਹੋਣ ਕਾਰਨ ਹਾਈਵੇ ਫਲਾਈਓਵਰ ਰਾਹੀਂ ਲੋਕ ਬਾਹਰੋਂ ਆ ਜਾ ਸਕਦੇ ਹਨ। ਜਿਸ ਲਈ ਉਨ੍ਹਾਂ ਨੂੰ ਸ਼ਹਿਰ ਤੋਂ ਬਾਹਰੋਂ ਜ਼ਿਆਦਾ ਦੂਰੀ ਤੈਅ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਹੁਣ ਹਾਲਾਤਾਂ ਨੂੰ ਦੇਖਦਿਆਂ ਰੇਲਵੇ ਅੰਡਰ ਬ੍ਰਿਜ ਵਿੱਚ ਜਮ੍ਹਾਂ ਹੋਏ ਪਾਣੀ ਦੀ ਨਿਕਾਸੀ ਲਈ ਯਤਨ ਕੀਤੇ ਜਾ ਰਹੇ ਹਨ।