ਮਨਰੇਗਾ ਦੇ 2.16 ਲੱਖ ਹੜਪਣ ਵਾਲੀ ਮਹਿਲਾ ਸਰਪੰਚ ਗ੍ਰਿਫ਼ਤਾਰ, 3 ਆਰੋਪੀਆਂ ਦੀ ਭਾਲ ਜਾਰੀ
ਵਿਜੀਲੈਂਸ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਮਹਿਲਾ ਸਰਪੰਚ ਅਤੇ ਹੋਰਨਾ ਆਰੋਪੀਆਂ ਨੇ ਮਿਲਕੇ ਮਨਰੇਗਾ ਲਈ ਆਏ ਫ਼ੰਡ ’ਚੋਂ 2 ਲੱਖ 16 ਹਜ਼ਾਰ 510 ਰੁਪਏ ਦੀ ਧਾਂਦਲੀ ਕੀਤੀ ਹੈ।
Embezzlement of MGNREGS Funds: ਪੰਜਾਬੀ ਵਿਜੀਲੈਂਸ ਬਿਓਰੋ ਵਲੋਂ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਜਾਰੀ ਹੈ, ਜਿਸ ਤਹਿਤ ਕਾਰਵਾਈ ਕਰਦਿਆਂ ਤਰਨ ਤਾਰਨ (Tarn Taran) ਦੇ ਪਿੰਡ ਕੋਟ ਜਸਪਤ ਦੀ ਸਰਪੰਚ ਅਮਨਦੀਪ ਕੌਰ ਨੂੰ ਗ੍ਰਿਫ਼ਤਾਰ ਕੀਤਾ ਹੈ।
ਜ਼ਿਕਰਯੋਗ ਹੈ ਕਿ ਇਸ ਘਪਲੇ ’ਚ ਮਹਿਲਾ ਸਰਪੰਚ ਤੋਂ ਇਲਾਵਾ ਮਨਰੇਗਾ (MGNREGS) ਗ੍ਰਾਮ ਰੁਜ਼ਗਾਰ ਸਹਾਇਕ ਜੋਧਵੀਰ ਸਿੰਘ, ਮਨਰੇਗਾ ਤਕਨੀਕੀ ਸਹਾਇਕ ਤਰੁਣਪ੍ਰੀਤ ਸਿੰਘ ਅਤੇ ਇਕ ਹੋਰ ਵਿਅਕਤੀ ਪ੍ਰੇਮ ਸਿੰਘ ਦਾ ਨਾਮ ਵੀ ਸ਼ਾਮਲ ਹੈ।
ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਮਹਿਲਾ ਸਰਪੰਚ ਅਤੇ ਹੋਰਨਾ ਆਰੋਪੀਆਂ ਨੇ ਮਿਲਕੇ ਮਨਰੇਗਾ ਲਈ ਆਏ ਫ਼ੰਡ ’ਚੋਂ 2 ਲੱਖ 16 ਹਜ਼ਾਰ 510 ਰੁਪਏ ਦੀ ਧਾਂਦਲੀ ਕੀਤੀ ਹੈ। ਆਰੋਪੀਆਂ ਨੇ ਆਪਸੀ ਮਿਲੀ-ਭੁਗਤ ਨਾਲ ਮਨਰੇਗਾ ਸਕੀਮ (Mahatma Gandhi National Rural Employment Guarantee Scheme)ਤਹਿਤ ਮਜ਼ਦੂਰਾਂ ਦੇ ਫਰਜ਼ੀ ਮਾਸਟਰ-ਰੋਲ ਤਿਆਰ ਕੀਤੇ। ਇਸ ਤੋਂ ਬਾਅਦ ਆਪਣੀ ਜਾਣ-ਪਹਿਚਾਣ ਵਾਲੇ ਵਿਅਕਤੀਆਂ ਦੇ ਨਾਮ ’ਤੇ ਦਿਹਾੜੀਦਾਰਾਂ ਦੇ ਜਾਅਲੀ ਬਿੱਲ ਤਿਆਰ ਕਰਕੇ ਬੈਂਕ ’ਚੋਂ ਪੈਸੇ ਕਢਵਾਏ।
ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਬਿਓਰੋ ਵਲੋਂ ਸ਼ਿਕਾਇਤ ਪ੍ਰਾਪਤ ਹੋਣ ਤੋਂ ਬਾਅਦ ਬਕਾਇਦਾ ਪੜਤਾਲ ਕਰਨ ਉਪਰੰਤ ਹੀ ਉਕਤ ਦੋਸ਼ੀਆਂ ਖ਼ਿਲਾਫ਼ ਗਬਨ ਦਾ ਇਹ ਮਾਮਲਾ ਦਰਜ ਕੀਤਾ ਗਿਆ ਹੈ। ਤਫ਼ਤੀਸ਼ ਦੌਰਾਨ ਇਹ ਗੱਲ ਸਿੱਧ ਹੋ ਗਈ ਕਿ ਉਕਤ ਮੁਲਜ਼ਮਾਂ ਨੇ ਸਰਕਾਰੀ ਅਹੁਦਿਆਂ ਦੀ ਦੁਰਵਰਤੋਂ ਕਰਕੇ ਆਪਣੇ ਸੌੜੇ ਹਿੱਤਾਂ ਲਈ ਸਰਕਾਰੀ ਫ਼ੰਡ (MGNREGS Funds) ’ਚ ਧਾਂਦਲੀ ਕੀਤੀ ਹੈ।
ਇਸ ਘਪਲੇ ਦੇ ਸਬੰਧ ’ਚ ਆਈ. ਪੀ. ਸੀ. (IPC) ਦੀ ਧਾਰਾ 409, 420, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1)ਏ, 13 (2) ਤਹਿਤ ਥਾਣਾ ਵਿਜੀਲੈਂਸ ਬਿਓਰੋ, ਅੰਮ੍ਰਿਤਸਰ ’ਚ ਮਾਮਲਾ ਦਰਜ ਕਰਨ ਉਪਰੰਤ ਅਗਲੇਰੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ: ਸੜਕਾਂ ’ਤੇ ਲਿਖਿਆ ਹੁੰਦਾ Don’t drink and don’t drive, ਇੱਥੇ ਡਰਿੰਕ ਕਰਕੇ ਸੂਬਾ ਚਲਾਇਆ ਜਾ ਰਿਹਾ: ਹਰਸਿਮਰਤ ਕੌਰ ਬਾਦਲ