Firozpur Punjab Lok Sabha Seat 2024: ਪ੍ਰਾਚੀਨ ਸ਼ਹਿਰ ਫਿਰੋਜ਼ਪੁਰ ਭਾਰਤ-ਪਾਕਿਸਤਾਨ ਦੇ ਸਰਹੱਦ ਦੇ ਨਜ਼ਦੀਕ ਸਥਿਤ ਹੈ। ਸਿਆਸਤ ਪੱਖੋਂ ਫਿਰੋਜ਼ਪੁਰ ਵੱਖਰੀ ਅਹਿਮੀਅਤ ਰੱਖਦਾ ਹੈ। ਸਰਹੱਦੀ ਜ਼ਿਲ੍ਹਾ ਹੋਣ ਕਾਰਨ ਇਸ ਦੇ ਮੁੱਦੇ ਪੰਜਾਬ ਦੇ ਬਾਕੀ ਹਲਕਿਆਂ ਨਾਲ ਹਮੇਸ਼ਾ ਵੱਖਰੇ ਰਹੇ ਹਨ। ਸੂਬੇ ਦੇ ਬਾਕੀ ਜ਼ਿਲ੍ਹਿਆਂ ਨਾਲ ਇਥੇ ਸੁਰੱਖਿਆ ਅਤੇ ਪਾਕਿਸਤਾਨ ਦੀ ਸਰਹੱਦ ਉਪਰ ਖੇਤਾਂ ਵਾਲੇ ਕਿਸਾਨਾਂ ਦੀਆਂ ਮੁਸ਼ਕਲਾਂ ਹਮੇਸ਼ਾ ਵਿਧਾਨ ਸਭਾ ਅਤੇ ਲੋਕ ਸਭਾ ਵਿੱਚ ਵੀ ਉਠਦੀਆਂ ਰਹੀਆਂ ਹਨ।


COMMERCIAL BREAK
SCROLL TO CONTINUE READING

ਇਸ ਸ਼ਹਿਰ ਦੀ ਨੀਂਹ 14ਵੀਂ ਸਦੀ ਵਿੱਚ ਫਿਰੋਜ਼ਸ਼ਾਹ ਤੁਗਲਕ ਨੇ ਰੱਖੀ ਸੀ। ਫਿਰੋਜ਼ਪੁਰ ਦੀ ਦੇਸ਼ ਦੀ ਉਤਰ-ਪੱਛਮੀ ਦਿਸ਼ਾ ਵੱਲ ਦੀ ਰਣਨੀਤਿਕ ਸਥਿਤੀ ਕਾਰਨ ਇਹ ਫੌਜੀ ਕਾਰਵਾਈ ਦਾ ਵੀ ਹਿੱਸਾ ਰਿਹਾ। 1845 ਦੇ ਪਹਿਲੇ ਅੰਗਰੇਜ਼-ਸਿੱਖ ਯੁੱਧ ਦੌਰਾਨ ਫਿਰੋਜ਼ਪੁਰ ਦੇ ਬ੍ਰਿਟਿਸ਼ ਕਮਾਂਡਰ ਦੀ ਲਾਪਰਵਾਹੀ ਦੇ ਕਾਰਨ ਖ਼ਾਲਸਾ ਫ਼ੌਜ ਬਿਨਾਂ ਕਿਸੇ ਵਿਰੋਧ ਦੇ ਸਤਲੁਜ ਪਾਰ ਕਰਨ ਵਿੱਚ ਕਾਮਯਾਬ ਹੋ ਗਈ ਸੀ। ਜਦੋਂ ਲਾਰਡ ਹਾਰਡਿੰਗ ਨੇ ਸਿੱਖਾਂ ਨਾਲ ਯੁੱਧ ਦਾ ਐਲਾਨ ਕਰ ਦਿੱਤਾ ਸੀ ਤਾਂ ਪਹਿਲੀ ਲੜਾਈ ਮੁੱਦਕੀ ਵਿੱਚ ਲੜੀ ਗਈ, ਜੋ ਕਿ ਫਿਰੋਜ਼ਪੁਰ ਤੋਂ 20 ਮੀਲ ਦੱਖਣ-ਪੂਰਬ ਵੱਲ ਸਥਿਤ ਹੈ। 1838 ਵਿੱਚ ਫਿਰੋਜ਼ਪੁਰ ਉਹ ਕੇਂਦਰ ਸੀ ਜਿਥੋਂ ਬਰਤਾਨਵੀ ਫੌਜੀ ਟੁਕੜੀਆਂ ਪਹਿਲੇ ਅੰਗਰੇਜ਼-ਅਫ਼ਗਾਨ ਯੁੱਧ ਲਈ ਕੂਚ ਕਰਦੀਆਂ ਸਨ।


ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਦੇ ਤਿੰਨ ਮਹਾਨ ਸ਼ਹੀਦਾਂ ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀ ਸ਼ਹੀਦ ਰਾਜਗੁਰੂ ਤੇ ਸੁਖਦੇਵ ਦੀ ਯਾਦਗਾਰ ਸਤਲੁਜ ਦਰਿਆ ਦੇ ਕੰਢੇ ਹੁਸੈਨੀਵਾਲਾ ਵਿੱਚ ਸਥਿਤ ਹਨ।  ਫਿਰੋਜ਼ਪੁਰ ਵਿਚ ਇੱਕ ਹੋਰ ਇਤਿਹਾਸਕ ਯਾਦਗਾਰ ਮੌਜੂਦ ਹੈ ਸਾਰਾਗੜ੍ਹੀ ਗੁਰਦੁਆਰਾ, ਜੋ ਕਿ ਉਨ੍ਹਾਂ 21 ਸਿੱਖ ਸੈਨਿਕਾਂ ਦੀ ਯਾਦ ਵਿੱਚ ਹੈ ਜਿਨ੍ਹਾ ਆਪਣੀ ਜਾਨ ਬਲੋਚਿਸਤਾਨ ਵਿੱਚ ਸਥਿਤ ਸਾਰਾਗੜੀ ਵਿੱਚ ਸ਼ਹਾਦਤ ਦਿੱਤੀ ਸੀ। 12 ਸਤੰਬਰ ਨੂੰ ਹਰ ਸਾਲ ਲੋਕ ਇਥੇ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਇਕੱਠੇ ਹੁੰਦੇ ਹਨ ਤੇ ਸਾਰਾਗੜ੍ਹੀ ਦਿਵਸ ਮਨਾਉਂਦੇ ਹਨ। ਇਸ ਯਾਦਗਾਰ ਦੀ ਸੇਵਾ ਸਾਬਕਾ ਸੈਨਿਕਾਂ ਨੂੰ ਮੁੜ-ਇਕੱਠੇ ਹੋਣ ਦਾ ਮੌਕਾ ਵੀ ਪ੍ਰਦਾਨ ਕਰਦੀ ਹੈ।


ਫਿਰੋਜ਼ਪੁਰ ਲੋਕ ਸਭਾ ਹਲਕੇ ਨੇ ਦੇਸ਼ ਨੂੰ ਕਈ ਘਾਗ ਨੇਤਾ ਦਿੱਤੇ ਹਨ। ਬਲਰਾਮ ਜਾਖੜ ਫਾਜ਼ਿਲਕਾ ਜ਼ਿਲ੍ਹੇ ਵਿੱਚੋਂ ਸਨ ਤੇ ਉਹ ਲੋਕ ਸਭਾ ਦਾ ਸਪੀਕਰ ਤੇ ਗਵਰਨਰ ਵੀ ਰਹੇ ਸਨ। ਇਸ ਤੋਂ ਇਲਾਵਾ ਭਾਜਪਾ ਦੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਫਾਜ਼ਿਲਕਾ ਜ਼ਿਲ੍ਹੇ ਤੋਂ ਹਨ।


ਫਿਰੋਜ਼ਪੁਰ ਲੋਕ ਸਭਾ ਸੀਟ ਦਾ ਇਤਿਹਾਸ


ਫਿਰੋਜ਼ਪੁਰ ਲੋਕ ਸਭਾ ਸੀਟ ਉਪਰ ਪਹਿਲੀ ਵਾਰ 1952 ਨੂੰ ਆਮ ਚੋਣਾਂ ਹੋਈਆਂ ਸਨ। ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਹੁਣ ਤੱਕ ਜ਼ਿਆਦਾਤਰ ਅਕਾਲੀ ਦਲ ਦਾ ਦਬਦਬਾ ਰਿਹਾ ਹੈ। ਇਸ ਹਲਕੇ ਨੂੰ 1998 ਤੋਂ ਕਾਂਗਰਸ ਦਾ ਗੜ੍ਹ ਮੰਨਿਆ ਜਾਂਦਾ ਹੈ। ਪਿਛਲੀਆਂ ਤਿੰਨ ਲੋਕ ਸਭਾ ਚੋਣਾਂ ਵਿੱਚ ਇਸ ਹਲਕੇ ਵਿਚ ਅਕਾਲੀ ਦਲ ਦੇ ਉਮੀਦਵਾਰ ਹੀ ਜਿੱਤੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਹਲਕੇ ਤੋਂ ਮੌਜੂਦਾ ਸੰਸਦ ਮੈਂਬਰ ਹਨ।


2019 ਦੀਆਂ ਲੋਕ ਸਭਾ ਚੋਣਾਂ ਵਿਚ ਸੁਖਬੀਰ ਬਾਦਲ ਨੇ ਆਪਣੇ ਪੁਰਾਣੇ ਸਾਥੀ ਤੇ ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੂੰ ਕਰੀਬ 2 ਲੱਖ ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ। ਸੁਖਬੀਰ ਬਾਦਲ ਨੂੰ 54.05% ਜਦਕਿ ਸ਼ੇਰ ਸਿੰਘ ਘੁਬਾਇਆ ਨੂੰ 37.08% ਵੋਟਾਂ ਮਿਲੀਆਂ ਹਨ। ਸਾਲ 2014 ਦੀਆਂ ਦੀਆਂ ਚੋਣਾਂ ਵਿਚ ਅਕਾਲੀ ਦਲ ਦੀ ਟਿਕਟ ਉਤੇ ਚੋਣ ਲੜੇ ਸ਼ੇਰ ਸਿੰਘ ਘੁਬਾਇਆ ਨੇ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੂੰ 31,420 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ।


ਸ਼ੇਰ ਸਿੰਘ ਘੁਬਾਇਆ ਨੂੰ 44.13% ਜਦਕਿ ਜਾਖੜ ਨੂੰ 41.29% ਵੋਟਾਂ ਮਿਲੀਆਂ ਸਨ। 2009 ਦੀਆਂ ਲੋਕ ਸਭਾ ਚੋਣਾਂ ਵਿਚ ਅਕਾਲੀ ਦਲ ਦੀ ਸੀਟ ’ਤੇ ਸ਼ੇਰ ਸਿੰਘ ਘੁਬਾਇਆ ਨੇ ਕਾਂਗਰਸ ਦੇ ਉਮੀਦਵਾਰ ਜਗਮੀਤ ਸਿੰਘ ਬਰਾੜ ਨੂੰ ਕਰੀਬ 21,071 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਸ਼ੇਰ ਸਿੰਘ ਘੁਬਾਇਆ ਨੂੰ 47.11% ਜਦਕਿ ਜਗਮੀਤ ਬਰਾੜ ਨੂੰ 44.91% ਵੋਟਾਂ ਮਿਲੀਆਂ ਸਨ।


ਫਿਰੋਜ਼ਪੁਰ ਵਿੱਚ ਪਹਿਲੀ ਵਾਰ ਕਦੋਂ ਹੋਈਆਂ ਸਨ ਲੋਕ ਸਭਾ ਚੋਣਾਂ


ਫਿਰੋਜ਼ਪੁਰ ਲੋਕ ਸਭਾ ਸੀਟ ਕਾਫੀ ਪੁਰਾਣੀ ਹੈ ਇਥੋਂ 1952 ਤੋਂ ਲਗਾਤਾਰ ਆਮ ਚੋਣਾਂ ਹੋ ਰਹੀਆਂ ਹਨ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿੱਚੋਂ ਇਹ ਇੱਕ ਜਨਰਲ ਸੀਟ ਹੈ। ਪੰਜਾਬ ਵਿੱਚ ਕਈ ਲੋਕ ਸਭਾ ਸੀਟਾਂ ਉਪਰ ਕਾਂਗਰਸ ਦਾ ਦਬਦਬਾ ਰਿਹਾ ਹੈ ਪਰ ਫ਼ਿਰੋਜ਼ਪੁਰ ਕੁਝ ਅਪਵਾਦਾਂ ਵਿੱਚੋਂ ਇੱਕ ਸੀ। ਫ਼ਿਰੋਜ਼ਪੁਰ ਦੀਆਂ ਪਹਿਲੀਆਂ ਆਮ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਬਹਾਦਰ ਸਿੰਘ ਜੇਤੂ ਰਹੇ ਸਨ। ਹਾਂ ਉਸ ਤੋਂ ਬਾਅਦ ਅਗਲੀਆਂ ਦੋ ਚੋਣਾਂ ਕਾਂਗਰਸ ਪਾਰਟੀ ਨੇ ਜ਼ਰੂਰ ਜਿੱਤ ਲਈ।


ਨੰ. ਸਾਲ ਜੇਤੂ ਉਮੀਦਵਾਰ ਸਿਆਸੀ ਪਾਰਟੀ
1 1952 ਬਹਾਦਰ ਸਿੰਘ ਲਾਲ ਸਿੰਘ ਸ਼੍ਰੋਮਣੀ ਅਕਾਲੀ
2 1957 ਇਕਬਾਲ ਸਿੰਘ ਕਾਂਗਰਸ
3 1962 ਇਕਬਾਲ ਸਿੰਘ ਕਾਂਗਰਸ
4 1967 ਸੋਹਣ ਸਿੰਘ ਬੱਸੀ ਸ਼੍ਰੋਮਣੀ ਅਕਾਲੀ ਦਲ
5 1969 ਜੀ ਸਿੰਘ ਸ਼੍ਰੋਮਣੀ ਅਕਾਲੀ ਦਲ
6 1971 ਮੋਹਿੰਦਰ ਸਿੰਘ ਗਿੱਲ ਸ਼੍ਰੋਮਣੀ ਅਕਾਲੀ ਦਲ
7 1977 ਮਹਿੰਦਰ ਸਿੰਘ ਸਾਈਆਂਵਾਲਾ ਸ਼੍ਰੋਮਣੀ ਅਕਾਲੀ ਦਲ
8 1980 ਬਲਰਾਮ ਜਾਖੜ ਕਾਂਗਰਸ
9 1984 ਗੁਰਦਿਆਲ ਸਿੰਘ ਢਿਲੋਂ ਕਾਂਗਰਸ
10 1989 ਧਿਆਨ ਸਿੰਘ ਆਜ਼ਾਦ
11 1992 ਮੋਹਨ ਸਿੰਘ ਬਹੁਜਨ ਸਮਾਜ ਪਾਰਟੀ
12 1996 ਮੋਹਨ ਸਿੰਘ ਬਹੁਜਨ ਸਮਾਜ ਪਾਰਟੀ
13 1998 ਜ਼ੋਰਾ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ
14 1999 ਜ਼ੋਰਾ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ
15 2004 ਜ਼ੋਰਾ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ
16 2009 ਸ਼ੇਰ ਸਿੰਘ ਘੁਬਾਇਆ ਸ਼੍ਰੋਮਣੀ ਅਕਾਲੀ ਦਲ
17 2014 ਸ਼ੇਰ ਸਿੰਘ ਘੁਬਾਇਆ ਸ਼੍ਰੋਮਣੀ ਅਕਾਲੀ ਦਲ
18 2019 ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ

ਪਹਿਲੀ ਵਾਰ ਕਿਸ ਨੇ ਕੀਤੀ ਸੀ ਜਿੱਤ ਦਰਜ


ਜਿਵੇਂ ਕਿ ਅਸੀਂ ਸ਼ੁਰੂ ਵਿੱਚ ਦੱਸਿਆ ਸੀ ਕਿ ਫ਼ਿਰੋਜ਼ਪੁਰ ਸੀਟ ਦੀਆਂ ਲੋਕ ਸਭਾ ਚੋਣਾਂ ਦਾ ਇਤਿਹਾਸ ਸ਼੍ਰੋਮਣੀ ਅਕਾਲੀ ਦਲ ਦੇ ਬਹਾਦਰ ਸਿੰਘ ਦੀ ਜਿੱਤ ਨਾਲ ਸ਼ੁਰੂ ਹੁੰਦਾ ਹੈ। ਇਸ ਤੋਂ ਬਾਅਦ 1957 ਤੋਂ 1967 ਤੱਕ ਕਾਂਗਰਸ ਪਾਰਟੀ ਦੇ ਇਕਬਾਲ ਸਿੰਘ ਇਸ ਸੀਟ ਤੋਂ ਚੋਣ ਜਿੱਤ ਕੇ ਲੋਕ ਸਭਾ ਪੁੱਜੇ। 1967 ਤੋਂ ਬਾਅਦ ਇਹ ਸੀਟ ਅਗਲੇ ਡੇਢ ਦਹਾਕੇ ਤੱਕ ਸ਼੍ਰੋਮਣੀ ਅਕਾਲੀ ਦਲ ਕੋਲ ਰਹੀ। ਸੋਹਣ ਸਿੰਘ ਬਸੀ, ਜੀ ਸਿੰਘ, ਮਹਿੰਦਰ ਸਿੰਘ ਗਿੱਲ, ਮਹਿੰਦਰ ਸਿੰਘ ਸਾਈਆਂਵਾਲਾ 1967 ਤੋਂ 1980 ਤੱਕ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਜਿੱਤਦੇ ਰਹੇ।


ਫਿਰੋਜ਼ਪੁਰ ਲੋਕ ਸਭਾ ਹਲਕੇ ਵਿੱਚ ਕਿੰਨੇ ਵਿਧਾਨ ਸਭਾ ਹਲਕੇ


ਫ਼ਿਰੋਜ਼ਪੁਰ ਲੋਕ ਸਭਾ ਸੀਟ ਅਧੀਨ ਕੁੱਲ 9 ਵਿਧਾਨ ਸਭਾ ਸੀਟਾਂ ਹਨ। ਇਨ੍ਹਾਂ ਵਿੱਚੋਂ ਤਿੰਨ ਸੀਟਾਂ ਐਸਸੀ ਭਾਈਚਾਰੇ ਦੇ ਲੋਕਾਂ ਲਈ ਰਾਖਵੀਆਂ ਹਨ। ਫ਼ਿਰੋਜ਼ਪੁਰ ਅਧੀਨ 6 ਆਮ ਵਿਧਾਨ ਸਭਾ ਸੀਟਾਂ ਹਨ- ਫ਼ਿਰੋਜ਼ਪੁਰ ਸ਼ਹਿਰ, ਗੁਰੂਹਰਸਹਾਏ, ਜਲਾਲਾਬਾਦ, ਫ਼ਾਜ਼ਿਲਕਾ, ਅਬੋਹਰ ਅਤੇ ਮੁਕਤਸਰ। ਇਸ ਦੇ ਨਾਲ ਹੀ ਫ਼ਿਰੋਜ਼ਪੁਰ ਅਧੀਨ ਤਿੰਨ ਰਾਖਵੀਆਂ ਵਿਧਾਨ ਸਭਾ ਸੀਟਾਂ ਫ਼ਿਰੋਜ਼ਪੁਰ ਦਿਹਾਤੀ, ਬੱਲੂਆਣਾ ਅਤੇ ਮਲੋਟ ਹਨ। ਇਸ ਵੇਲੇ ਇਸ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਸੰਸਦ ਮੈਂਬਰ ਹਨ।


ਸ਼੍ਰੋਮਣੀ ਅਕਾਲੀ ਦਲ ਦਾ ਸਮਰਥਨ ਆਧਾਰ


1980 ਤੋਂ 1989 ਦਰਮਿਆਨ ਥੋੜ੍ਹੇ ਸਮੇਂ ਲਈ ਕਾਂਗਰਸ ਪਾਰਟੀ ਤੇ ਫਿਰ 1992 ਤੋਂ 1998 ਤੱਕ ਬਹੁਜਨ ਸਮਾਜ ਪਾਰਟੀ ਨੇ ਫ਼ਿਰੋਜ਼ਪੁਰ ਸੀਟ ਜਿੱਤੀ। ਜੇਕਰ ਇਨ੍ਹਾਂ ਦੋਵੇਂ ਸਿਆਸੀ ਘਟਨਾਵਾਂ ਨੂੰ ਛੱਡ ਦੇਈਏ ਤਾਂ ਇਹ ਸੀਟ ਸ਼੍ਰੋਮਣੀ ਅਕਾਲੀ ਦਲ ਦਾ ਗੜ੍ਹ ਜਾਪਦੀ ਹੈ। ਸ਼੍ਰੋਮਣੀ ਅਕਾਲੀ ਦਲ 1998 ਦੀਆਂ ਆਮ ਚੋਣਾਂ ਤੋਂ ਬਾਅਦ ਲਗਾਤਾਰ ਫ਼ਿਰੋਜ਼ਪੁਰ ਸੀਟ ਜਿੱਤਦਾ ਆ ਰਿਹਾ ਹੈ।


ਪਹਿਲਾਂ ਜ਼ੋਰਾ ਸਿੰਘ ਮਾਨ ਤਿੰਨ ਆਮ ਚੋਣਾਂ ਵਿੱਚ ਜਿੱਤੇ, ਉਸ ਤੋਂ ਬਾਅਦ ਸ਼ੇਰ ਸਿੰਘ ਘੁਬਾਇਆ 2009 ਅਤੇ 2014 ਦੀਆਂ ਆਮ ਚੋਣਾਂ ਵਿੱਚ ਜਿੱਤੇ। ਫ਼ਿਰੋਜ਼ਪੁਰ ਸੀਟ 2019 ਤੋਂ ਬਾਦਲ ਪਰਿਵਾਰ ਕੋਲ ਹੈ। ਸੁਖਬੀਰ ਸਿੰਘ ਬਾਦਲ ਇਸ ਸੀਟ ਤੋਂ ਸੰਸਦ ਮੈਂਬਰ ਹਨ। ਉਹ ਕਾਂਗਰਸ ਪਾਰਟੀ ਦੇ ਆਗੂ ਸ਼ੇਰ ਸਿੰਘ ਨੂੰ ਹਰਾ ਕੇ ਦੇਸ਼ ਦੇ ਹੇਠਲੇ ਸਦਨ ਤੱਕ ਪਹੁੰਚ ਗਏ ਹਨ।


ਸਿਆਸੀ ਪਾਰਟੀਆਂ ਦੇ ਮੌਜੂਦਾ ਉਮੀਦਵਾਰ


ਆਮ ਆਦਮੀ ਪਾਰਟੀ ਨੇ ਫਿਰੋਜ਼ਪੁਰ ਤੋਂ ਜਗਦੀਪ ਸਿੰਘ ਕਾਕਾ ਬਰਾੜ ਨੂੰ ਉਮੀਦਵਾਰ ਐਲਾਨਿਆ ਹੈ। ਕਾਕਾ ਬਰਾੜ ਪੰਜਾਬ ਵਿਧਾਨ ਸਭਾ ਵਿੱਚ ਮੁਕਤਸਰ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਦੇ ਹਨ। ਸਾਲ 2022 ਦੀਆਂ ਚੋਣਾਂ ਵਿੱਚ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਟਿਕਟ ਉੱਤੇ ਚੋਣ ਲੜਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਕਮਲਜੀਤ ਸਿੰਘ ਰੋਜ਼ੀ ਬਰਕੰਦੀ ਨੂੰ ਹਰਾਇਆ ਸੀ।


ਸ਼੍ਰੋਮਣੀ ਅਕਾਲੀ ਦਲ ਨੇ ਨਰਦੇਵ ਸਿੰਘ ਮਾਨ ਉਰਫ ਬੋਬੀ ਮਾਨ ਹਲਕਾ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨੇ ਗਏ ਹਨ। ਬੌਬੀ ਮਾਨ ਪਿੰਡ ਦੇ ਸਰਪੰਚ ਵੀ ਰਹਿ ਚੁੱਕੇ ਹਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਫਿਰੋਜ਼ਪੁਰ ਤੋਂ ਜ਼ਿਲ੍ਹਾ ਪ੍ਰਧਾਨ ਵੀ ਰਹਿ ਚੁੱਕੇ ਹਨ।


ਬਸਪਾ ਨੇ ਸੁਰਿੰਦਰ ਕੰਬੋਜ ਨੂੰ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨ ਦਿੱਤਾ ਹੈ। ਸੁਰਿੰਦਰ ਕੰਬੋਜ਼ ਆਪ ਦੇ ਮੌਜੂਦਾ ਵਿਧਾਇਕ ਜਗਦੀਪ ਗੋਲਡੀ ਕੰਬੋਜ਼ ਦੇ ਪਿਤਾ ਹਨ ਅਤੇ ਉਹ ਕੁਝ ਦਿਨਾਂ ਪਹਿਲਾਂ ਹੀ ਬਸਪਾ ਵਿਚ ਸ਼ਾਮਲ ਹੋਏ ਹਨ। 
ਕਾਂਗਰਸ ਨੇ ਸ਼ੇਰ ਸਿੰਘ ਘੁਬਾਇਆ ਨੂੰ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨ ਦਿੱਤਾ ਹੈ। ਭਾਜਪਾ ਵੱਲੋਂ ਅਜੇ ਉਮੀਦਵਾਰ ਉਤਾਰਿਆ ਨਹੀਂ ਗਿਆ ਹੈ।


ਫਿਰੋਜ਼ਪੁਰ ਹਲਕੇ ਦੇ ਕੁਲ ਵੋਟਰ


ਫਿਰੋਜ਼ਪੁਰ 'ਚ 16 ਲੱਖ 68 ਹਜ਼ਾਰ 113 ਕੁੱਲ ਵੋਟਰ ਹਨ [ 8 ਲੱਖ 79 ਹਜ਼ਾਰ 704 ਮਰਦ ਵੋਟਰ, 7 ਲੱਖ 88 ਹਜ਼ਾਰ 361 ਮਹਿਲਾ ਵੋਟਰ ਅਤੇ 48 ਟਰਾਂਸਜੈਂਡਰ ਵੋਟਰ ਹਨ।