`ਆਪ` ਨੇ ਸੂਬੇ ’ਚ ਵਿਗੜ ਰਹੀ ਕਾਨੂੰਨ ਵਿਵਸਥਾ ਲਈ ਪਿਛਲੀਆਂ ਸਰਕਾਰਾਂ ’ਤੇ ਭੰਨਿਆ ਭਾਂਡਾ!
ਅੱਜ `ਆਪ` ਵਲੋਂ ਪ੍ਰੈਸ-ਕਾਨਫ਼ਰੰਸ ਕੀਤੀ ਗਈ, ਜਿਸ ’ਚ ਕੰਗ ਨੇ ਕਿਹਾ ਕਿ ਪਿਛਲੀ ਬਾਦਲ ਅਤੇ ਕਾਂਗਰਸ ਸਰਕਾਰ ਨੇ ਵੱਡੀ ਗਿਣਤੀ `ਚ ਗੈਰ-ਜ਼ਰੂਰੀ ਲੋਕਾਂ ਨੂੰ ਅਸਲੇ ਦੇ ਲਾਇਸੈਂਸ ਦਿੱਤੇ, ਜਿਸ ਨਾਲ ਸਮਾਜ ਦਾ ਮਾਹੌਲ ਖ਼ਰਾਬ ਹੋਇਆ|
ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਕੱਲ੍ਹ ਹਥਿਆਰਾਂ ਦੀ ਸਮੀਖਿਆ ਕਰਨ ਦੇ ਹਕੁਮ ਦਿੰਦਿਆ, ਨਵੇਂ ਲਾਇਸੰਸ ਜਾਰੀ ਕਰਨ ’ਤੇ ਰੋਕ ਲਗਾ ਦਿੱਤੀ ਸੀ। ਅੱਜ ਵਿਰੋਧੀਆਂ ਵਲੋਂ ਵਿਗੜ ਰਹੀ ਕਾਨੂੰਨ ਵਿਵਸਥਾ ਦੇ ਮੁੱਦੇ ’ਤੇ ਘੇਰੇ ਜਾਣ ਤੋਂ ਬਾਅਦ 'ਆਪ' ਵਲੋਂ ਪ੍ਰੈਸ-ਕਾਨਫ਼ਰੰਸ ਕੀਤੀ ਗਈ।
ਇਸ ਮੌਕੇ 'ਆਪ' ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਪਿਛਲੀਆਂ ਸਰਕਾਰਾਂ ’ਤੇ ਤਿੱਖਾ ਹਮਲਾ ਬੋਲਿਆ। ਕੰਗ ਨੇ ਕਿਹਾ ਕਿ ਪਿਛਲੀ ਬਾਦਲ ਅਤੇ ਕਾਂਗਰਸ ਸਰਕਾਰ ਨੇ ਵੱਡੀ ਗਿਣਤੀ 'ਚ ਗੈਰ-ਜ਼ਰੂਰੀ ਲੋਕਾਂ ਨੂੰ ਅਸਲੇ ਦੇ ਲਾਇਸੈਂਸ ਦਿੱਤੇ, ਜਿਸ ਨਾਲ ਪੰਜਾਬ 'ਚ ਗੰਨ ਕਲਚਰ ਨੂੰ ਬੇਲੋੜਾ ਹੁਲਾਰਾ ਮਿਲਿਆ ਅਤੇ ਸਮਾਜ ਦਾ ਮਾਹੌਲ ਖ਼ਰਾਬ ਹੋਇਆ|
ਉਨ੍ਹਾਂ ਪਿਛਲੀਆਂ ਸਰਕਾਰਾਂ ’ਤੇ ਭਾਂਡਾ ਭੰਨਦਿਆਂ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਅਜਿਹੀਆਂ ਕਈ ਮੰਦਭਾਗੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਵਿਆਹਾਂ ਵਰਗੇ ਖੁਸ਼ੀ ਦੇ ਪ੍ਰੋਗਰਾਮਾਂ ’ਚ ਹਥਿਆਰਾਂ ਦੇ ਪ੍ਰਦਰਸ਼ਨ ਨਾਲ ਲੋਕਾਂ ਦੀਆਂ ਕਈ ਕੀਮਤੀ ਜਾਨਾਂ ਚਲੀਆਂ ਗਈਆਂ।
ਸਾਬਕਾ ਖਜ਼ਾਨਾ ਮੰਤਰੀ ਢੀਂਡਸਾ ਨੇ CM ਭਗਵੰਤ ਮਾਨ ’ਤੇ ਬੋਲਿਆ ਹਮਲਾ
ਇਸ ਦੇ ਨਾਲ ਹੀ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਨੇ ਵੀ ਸੂਬੇ ਦੀ ਕਾਨੂੰਨ ਵਿਵਸਥਾ ਦੇ ਮੁੱਦੇ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦਾ ਮਾਹੌਲ ਦਿਨੋ - ਦਿਨ ਖ਼ਰਾਬ ਹੋ ਰਿਹਾ ਹੈ, ਪਰ ਮਾਨ ਸਰਕਾਰ ਸੁੱਤੀ ਪਈ ਹੈ। ਵਪਾਰੀ ਆਪਣਾ ਕਾਰੋਬਾਰ ਸਮੇਟ ਕੇ ਬਾਹਰ ਜਾਣ ਦੀ ਤਿਆਰੀ ਕਰਨ ਵਿਚ ਜੁੱਟ ਗਏ ਹਨ।
ਢੀਂਡਸਾ ਨੇ ਕਿਹਾ ਕਿ ਜਿਹੜਾ ਮੰਤਰੀ ਮੁੱਖ ਮੰਤਰੀ ਅੱਧੇ ਤੋਂ ਵੱਧ ਸਮਾਂ ਬਾਹਰਲੇ ਸੂਬਿਆਂ 'ਚ ਬਤੀਤ ਕਰੇ, ਉਹ ਪੰਜਾਬ ਦਾ ਕੀ ਭਲਾ ਕਰੇਗਾ।
ਮਜੀਠੀਆ ਨੇ ਕਾਨੂੰਨ ਵਿਵਸਥਾ ਦੇ ਮੁੱਦੇ ’ਤੇ ਮੁੱਖ ਮੰਤਰੀ ਨੂੰ ਠਹਿਰਾਇਆ ਜ਼ਿੰਮੇਵਾਰ
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਵਲੋਂ ਪ੍ਰੈਸ-ਕਾਨਫ਼ਰੰਸ ਦੌਰਾਨ ਸੂਬੇ ਦੀ ਵਿਗੜੀ ਕਾਨੂੰਨ ਵਿਵਸਥਾ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਮਜੀਠੀਆ ਨੇ ਕਿਹਾ ਸੀ ਕਿ ਸੂਬੇ ’ਚ ਲਗਾਤਾਰ ਵਿਗੜ ਰਹੀ ਅਮਨ- ਕਾਨੂੰਨ ਦੀ ਸਥਿਤੀ ਦਾ ਅਸਰ ਨਾ ਸਿਰਫ਼ ਸੂਬੇ ਦੇ ਅਰਥਚਾਰੇ ’ਤੇ ਪਵੇਗਾ ਸਗੋਂ ਦੇਸ਼ ਦੀ ਸੁਰੱਖਿਆ ਵੀ ਖ਼ਤਰੇ ਵਿੱਚ ਪੈ ਜਾਵੇਗੀ।
ਵੇਖੋ, ਮਾਲਵਿੰਦਰ ਸਿੰਘ ਕੰਗ ਨੇ ਕਾਨੂੰਨ ਵਿਵਸਥਾ ਦੇ ਮੁੱਦੇ ’ਤੇ ਕਿਵੇਂ ਪਿਛਲੀਆਂ ਸਰਕਾਰਾਂ ਨੂੰ ਠਹਿਰਾਇਆ ਜ਼ਿੰਮੇਵਾਰ