ਰਾਜਾ ਵੜਿੰਗ ਖ਼ਿਲਾਫ਼ ਬੋਲਣਾ ਕਮਲਜੀਤ ਬਰਾੜ ਨੂੰ ਪਿਆ ਮਹਿੰਗਾ, ਕਾਂਗਰਸ ਨੇ ਵਿਖਾਇਆ ਬਾਹਰ ਦਾ ਰਸਤਾ
ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਵੱਲੋਂ ਪੱਤਰ ਜਾਰੀ ਕਰਦਿਆਂ ਮੋਗਾ ਦੇ ਜਿਲ੍ਹਾ ਪ੍ਰਧਾਨ ਕਮਲਜੀਤ ਸਿੰਘ ਬਰਾੜ ਨੂੰ ਕਾਂਗਰਸ ਪਾਰਟੀ ’ਚੋਂ ਬਾਹਰ ਕੱਢਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਨਵਦੀਪ ਮਹੇਸਰੀ / ਮੋਗਾ: ਹਮੇਸ਼ਾ ਆਪਣੀ ਬੇਬਾਕ ਬੋਲਣ ਕਾਰਨ ਸੁਰਖੀਆਂ ’ਚ ਰਹਿਣ ਵਾਲੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਦੇ ਪੁੱਤਰ ਅਤੇ ਸਾਬਕਾ ਜ਼ਿਲਾ ਪ੍ਰਧਾਨ ਕਮਲਜੀਤ ਸਿੰਘ ਬਰਾੜ ਨੂੰ ਕਾਂਗਰਸ ਪਾਰਟੀ ’ਚੋਂ ਬਾਹਰ ਕਰ ਦਿੱਤਾ ਗਿਆ ਹੈ।
ਭਿੰਡਰਾਵਾਲੇ ਦੀ ਫ਼ੋਟੋ ਲਗਾ ਕੇ ਰੱਖਦੇ ਸਨ ਮੋਬਾਈਲ ਫ਼ੋਨ ’ਚ
ਦੱਸ ਦੇਈਏ ਕਿ ਕਮਲਜੀਤ ਬਰਾੜ ਅਕਸਰ ਹੀ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਹੱਕ ’ਚ ਬਿਆਨਬਾਜੀ ਕਰ ਰਹੇ ਸਨ। ਇੰਨ੍ਹਾ ਹੀ ਨਹੀਂ ਉਹ ਆਪਣੇ ਮੋਬਾਈਲ ਫ਼ੋਨ ’ਚ ਵੀ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੀ ਤਸਵੀਰ ਲਗਾ ਕੇ ਰੱਖਦੇ ਸਨ।
ਹਰੀਸ਼ ਚੌਧਰੀ ਦੇ ਆਦੇਸ਼ ’ਤੇ ਜਾਰੀ ਹੋਇਆ ਪੱਤਰ
ਕਮਲਜੀਤ ਬਰਾੜ ਦੀਆਂ ਇਨ੍ਹਾਂ ਗਤੀਵਿਧੀਆਂ ਨੂੰ ਪਾਰਟੀ ਵਿਰੋਧੀ ਕਰਾਰ ਦਿੰਦਿਆਂ ਉਨ੍ਹਾਂ ਦੀ ਕਾਂਗਰਸ ਤੋਂ ਛੁੱਟੀ ਕਰ ਦਿੱਤੀ ਗਈ ਹੈ। ਬੀਤੀ ਦੇਰ ਸ਼ਾਮ ਪੰਜਾਬ ਦੀ ਕਾਂਗਰਸ ਇਕਾਈ ਨੂੰ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਵੱਲੋਂ ਪੱਤਰ ਜਾਰੀ ਕਰਦਿਆਂ ਪਾਰਟੀ ਚੋਂ ਬਾਹਰ ਕੱਢਣ ਦੇ ਹੁਕਮ ਜਾਰੀ ਕੀਤੇ ਗਏ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੂੰ ਪ੍ਰਿਅੰਕਾ ਗਾਂਧੀ ਦੀ ਚਿੱਠੀ, ਕਾਂਗਰਸ ’ਚ ਸਿੱਧੂ ਨੂੰ ਵੱਡਾ ਅਹੁਦਾ ਦਿੱਤੇ ਜਾਣ ਦਾ ਇਸ਼ਾਰਾ!
ਪਾਰਟੀ ਪ੍ਰਧਾਨ ਵੜਿੰਗ ਖ਼ਿਲਾਫ਼ ਵੀ ਕਰਦੇ ਸਨ ਬਿਆਨਬਾਜੀ
ਦੱਸਿਆ ਇਹ ਵੀ ਜਾ ਰਿਹਾ ਹੈ ਕਿ ਕਮਲਜੀਤ ਬਰਾੜ ਅਕਸਰ ਹੀ ਪਾਰਟੀ ਪ੍ਰਧਾਨ ਰਾਜਾ ਵੜਿੰਗ ਖ਼ਿਲਾਫ਼ ਕੋਈ ਨਾ ਕੋਈ ਟਿਪਣੀ ਕਰਦੇ ਰਹਿੰਦੇ ਸਨ। ਜਿਸਦੇ ਕਾਰਨ ਸਥਾਨਕ (Local) ਲੀਡਰ ਇੰਤਜ਼ਾਰ ’ਚ ਸਨ ਕਿ ਕਮਲਜੀਤ ਖ਼ਿਲਾਫ਼ ਪਾਰਟੀ ਵਲੋਂ ਕੋਈ ਨਾ ਕੋਈ ਐਕਸ਼ਨ ਲਿਆ ਜਾਵੇ।
ਸਿੱਖ ਨਸਲਕੁਸ਼ੀ ਲਈ ਇੰਦਰਾ ਗਾਂਧੀ ਨੂੰ ਮੰਨਦੇ ਸਨ ਜ਼ਿੰਮੇਵਾਰ
ਕਮਲਜੀਤ ਬਰਾੜ ਨੇ ਕਾਂਗਰਸ ਪਾਰਟੀ ’ਚ ਰਹਿੰਦਿਆਂ ਰਾਹੁਲ ਗਾਂਧੀ ਦੀ ਟੀਮ ਦੇ ਸਰਗਰਮ ਮੈਂਬਰ ਰਹੇ ਹਨ। ਪਾਰਟੀ ਨੂੰ ਮਜ਼ਬੂਤ ਕਰਨ ’ਚ ਉਨ੍ਹਾਂ ਨੇ ਜ਼ਮੀਨੀ ਪੱਧਰ ’ਤੇ ਵੱਡੀ ਭੂਮਿਕਾ ਨਿਭਾਈ ਹੈ। ਇਸ ਤੋਂ ਪਹਿਲਾਂ ਕਈ ਵਾਰ ਕਮਲਜੀਤ ਨੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਫ਼ੌਜੀ ਹਮਲੇ ਅਤੇ ਸਿੱਖ ਨਸਲਕੁਸ਼ੀ ਲਈ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ।
ਕਮਲਜੀਤ ਬਰਾੜ ਤੋਂ ਬਾਅਦ ਕਈ ਹੋਰਨਾਂ ਲੀਡਰਾਂ ਨੂੰ ਵੀ ਬਾਹਰ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ, ਜੋ ਪਾਰਟੀ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਹਨ। ਬਕਾਇਦਾ ਉਨ੍ਹਾਂ ਲੀਡਰਾਂ ਦੇ ਸੋਸ਼ਲ ਮੀਡੀਆ ਅਕਾਊਂਟ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ।
ਪੜ੍ਹੋ , ਕਾਂਗਰਸ ਹਾਈ ਕਮਾਨ ਵਲੋਂ ਕਮਲਜੀਤ ਸਿੰਘ ਬਰਾੜ ਨੂੰ ਜਾਰੀ ਕੀਤੇ ਪੱਤਰ ’ਚ ਕੀ ਦੱਸਿਆ ਗਿਆ ਕਾਰਨ