OP Soni arrested: ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਗ੍ਰਿਫ਼ਤਾਰ
OP Soni arrested: ਵਿਜੀਲੈਂਸ ਨੇ ਇੱਕ ਹੋਰ ਕਾਂਗਰਸੀ ਨੇਤਾ ਉਪਰ ਸ਼ਿਕੰਜਾ ਕੱਸ ਲਿਆ ਹੈ। ਸਾਬਕਾ ਉਪ ਮੁੱਖ ਮੰਤਰੀ ਨੂੰ ਆਮਦਨ ਤੋਂ ਵਧ ਜਾਇਦਾਦ ਮਾਮਲੇ ਵਿਚ ਗ੍ਰਿਫਤਾਰ ਕਰ ਲਿਆ ਗਿਆ ਹੈ।
OP Soni arrested: ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵਧ ਜਾਇਦਾਦ ਮਾਮਲੇ ’ਚ ਗ੍ਰਿਫਤਾਰ ਕੀਤਾ ਹੈ। ਓਮ ਪ੍ਰਕਾਸ਼ ਸੋਨੀ ਅੱਜ ਐਸਐਸਪੀ ਵਿਜੀਲੈਂਸ ਬਿਊਰੋ ਕੋਲ ਪੇਸ਼ ਹੋਏ, ਜਿੱਥੇ ਉਨ੍ਹਾਂ ਤੋਂ ਲੰਬੀ ਪੁੱਛਗਿੱਛ ਕੀਤੀ ਗਈ ਤੇ ਜਿਸ ਤੋਂ ਬਾਅਦ ਉਨਾਂ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ।
ਇਹ ਵੀ ਪੜ੍ਹੋ : Ludhiana Crime News: ਸਿਰ ਕਟੀ ਲਾਸ਼; ਖ਼ੁਦ ਨੂੰ ਮਰਿਆ ਹੋਇਆ ਸਾਬਿਤ ਕਰਨ ਲਈ ਦਿੱਤਾ ਵਾਰਦਾਤ ਨੂੰ ਅੰਜਾਮ
ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਉਤੇ ਆਮਦਨ ਤੋਂ ਵੱਧ ਜਾਇਦਾਦ ਇਕੱਠੀ ਕਰਨ ਦੇ ਗੰਭੀਰ ਇਲਜ਼ਾਮ ਲੱਗੇ ਹਨ। ਉਨ੍ਹਾਂ ਨੂੰ ਆਮਦਨ ਸਬੰਧੀ ਜਾਣਕਾਰੀ ਤੇ ਵੇਰਵੇ ਪੇਸ਼ ਕਰਨ ਲਈ ਕਿਹਾ ਗਿਆ ਹੈ। ਸਪੱਸ਼ਟ ਹੈ ਕਿ ਇਸ ਦੌਰਾਨ 2017 ਤੋਂ 2022 ਤੱਕ ਦੀ ਆਮਦਨ ਦੀ ਜਾਂਚ ਕੀਤੀ ਜਾ ਸਕਦੀ ਹੈ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇੱਕ ਕੇਸ ਐਫ.ਆਈ.ਆਰ. ਨੰ. 20 ਮਿਤੀ 9/7/2023 ਨੂੰ ਓ.ਪੀ.ਸੋਨੀ ਖਿਲਾਫ ਪੁਲਿਸ ਸਟੇਸ਼ਨ ਵੀ.ਬੀ., ਅੰਮ੍ਰਿਤਸਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ 13 (1) (ਬੀ) ਅਤੇ 13 (2) ਤਹਿਤ ਜਾਂਚ ਪੜਤਾਲ ਉਪਰੰਤ ਦਰਜ ਕੀਤਾ ਗਿਆ ਹੈ, ਜਿਸ ਦਾ ਹੁਕਮ 10 ਅਕਤੂਬਰ 2022 ਜਾਰੀ ਕੀਤਾ ਗਿਆ ਸੀ।
ਬੁਲਾਰੇ ਨੇ ਦੱਸਿਆ ਕਿ 1 ਅਪ੍ਰੈਲ, 2016 ਤੋਂ 31 ਮਾਰਚ, 2022 ਤੱਕ ਦੇ ਚੈੱਕ ਪੀਰੀਅਡ ਦੌਰਾਨ ਸਾਬਕਾ ਉਪ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਆਮਦਨ 4,52,18,771 ਰੁਪਏ ਸੀ, ਜਦਕਿ ਖਰਚਾ 12,48,42,692 ਰੁਪਏ ਸੀ, ਜੋ ਕਿ ਉਨ੍ਹਾਂ ਦੀ ਆਮਦਨ ਦੇ ਸਰੋਤਾਂ ਨਾਲੋਂ 7,96,23,921 ਰੁਪਏ ਜਾਂ 176.08 ਫ਼ੀਸਦੀ ਵੱਧ ਬਣਦਾ ਹੈ। ਇਸ ਸਮੇਂ ਦੌਰਾਨ ਮੁਲਜ਼ਮ ਓਪੀ ਸੋਨੀ ਨੇ ਆਪਣੀ ਪਤਨੀ ਸੁਮਨ ਸੋਨੀ ਤੇ ਬੇਟੇ ਰਾਘਵ ਸੋਨੀ ਦੇ ਨਾਂ 'ਤੇ ਜਾਇਦਾਦਾਂ ਬਣਾਈਆਂ। ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਅਗਲੀ ਜਾਂਚ ਜਾਰੀ ਹੈ।
ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਤੇ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ 2021 ਵਿੱਚ ਓਪੀ ਸੋਨੀ ਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਸੌਂਪਿਆ ਗਿਆ ਸੀ। ਓਪੀ ਸੋਨੀ 1997, 2002, 2007, 2012 ਅਤੇ 2017 ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਜਿੱਤ ਚੁੱਕੇ ਹਨ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੋਨੀ ਨੇ ਅੰਮ੍ਰਿਤਸਰ ਕੇਂਦਰੀ ਸੀਟ ਤੋਂ ਭਾਜਪਾ ਦੇ ਤਰੁਣ ਚੁੱਘ ਨੂੰ 21 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ ਸੀ।
ਉਹ 1991 ਵਿੱਚ ਅੰਮ੍ਰਿਤਸਰ ਦੇ ਪਹਿਲੇ ਮੇਅਰ ਬਣੇ ਸਨ। ਉਹ ਦੋ ਸਾਲ ਪੰਜਾਬ ਕਾਂਗਰਸ ਪਬਲਿਕ ਕਮੇਟੀ ਦੇ ਜਨਰਲ ਸਕੱਤਰ ਅਤੇ ਆਲ ਇੰਡੀਆ ਕੌਂਸਲ ਆਫ ਮੇਅਰਜ਼ ਦੇ ਚੇਅਰਮੈਨ ਵੀ ਰਹੇ ਹਨ। ਇਸ ਤੋਂ ਇਲਾਵਾ ਉਹ ਵਿਧਾਨ ਸਭਾ ਵਿੱਚ ਲੋਕ ਲੇਖਾ ਕਮੇਟੀ ਦੇ ਮੈਂਬਰ ਅਤੇ 2017-18 ਵਿੱਚ ਪੰਜਾਬ ਵਿਧਾਨ ਸਭਾ ਦੀ ਲੋਕਲ ਬਾਡੀਜ਼ ਤੇ ਪਬਲਿਕ ਅੰਡਰਟੇਕਿੰਗਜ਼ ਬਾਰੇ ਕਮੇਟੀ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ।
ਇਹ ਵੀ ਪੜ੍ਹੋ : Chandigarh Weather Update: ਚੰਡੀਗੜ੍ਹ 'ਚ ਭਾਰੀ ਮੀਂਹ ਨੇ 23 ਸਾਲਾਂ ਦਾ ਤੋੜਿਆ ਰਿਕਾਰਡ; ਸ਼ਹਿਰ ਹੋਇਆ ਜਲਥਲ