Tranportation Tender Scam ਤੋਂ ਬਾਅਦ, ਹੁਣ ਸਾਬਕਾ ਮੰਤਰੀ ਆਸ਼ੂ ਦਾ ਫਰਜ਼ੀ ਖ਼ਰੀਦ ਘੁਟਾਲਾ ਆਇਆ ਸਾਹਮਣੇ!
ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਤੋਂ ਬਾਅਦ ਹੁਣ ਪਿਛਲੀ ਕਾਂਗਰਸ ਸਰਕਾਰ ਦੌਰਾਨ ਹੋਇਆ ਕਥਿਤ ਫਰਜ਼ੀ ਖਰੀਦ ਘੁਟਾਲਾ ਸਾਹਮਣੇ ਆਇਆ ਹੈ।
ਚੰਡੀਗੜ੍ਹ: ਸਾਬਕਾ ਖ਼ੁਰਾਕ ਤੇ ਫ਼ੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ (Bharat Bhushan Ashu) ਦੀਆਂ ਮੁਸ਼ਕਲਾਂ ਘੱਟਣ ਦਾ ਨਾਮ ਨਹੀਂ ਲੈ ਰਹੀਆਂ। ਹੁਣ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਤੋਂ ਬਾਅਦ ਨਵਾਂ ਕਥਿਤ ਫਰਜ਼ੀ ਖਰੀਦ ਘੁਟਾਲਾ ਸਾਹਮਣੇ ਆਇਆ ਹੈ।
ਆੜ੍ਹਤੀ ਕ੍ਰਿਸ਼ਨ ਲਾਲ ਧੋਤੀਵਾਲਾ ਨੇ ਫਰਜ਼ੀ ਖ਼ਰੀਦ ਘੁਟਾਲੇ ਦਾ ਕੀਤਾ ਖ਼ੁਲਾਸਾ
ਵਿਜੀਲੈਂਸ ਬਿਓਰੋ ਦੁਆਰਾ ਪਹਿਲਾਂ ਹੀ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ (Tender Allotment Scam) ’ਚ ਸਾਬਕਾ ਮੰਤਰੀ ਆਸ਼ੂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਹੁਣ ਪਿਛਲੀ ਕਾਂਗਰਸ ਸਰਕਾਰ ਦੌਰਾਨ ਝੋਨੇ ਦੀ ਪੈਦਾਵਾਰ ਅਤੇ ਖ਼ਰੀਦਦਾਰੀ ’ਚ ਵੱਡਾ ਫ਼ਰਕ ਸਾਹਮਣੇ ਆਇਆ ਹੈ। ਕੁਝ ਦਿਨ ਪਹਿਲਾਂ ਵਿਜੀਲੈਂਸ ਵਲੋਂ ਕ੍ਰਿਸ਼ਨ ਲਾਲ ਧੋਤੀਵਾਲਾ (Krishan Lal Dhotiwala) ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਧੋਤੀਵਾਲਾ ਨੇ ਝੋਨੇ ਦੀ ਖ਼ਰੀਦ ’ਚ ਘਪਲਾ ਹੋਣ ਦੀ ਗੱਲ ਸਵੀਕਾਰ ਕੀਤੀ ਹੈ।
ਘੁਟਾਲੇ ਨੂੰ ਛੁਪਾਉਣ ਲਈ ਤਿਆਰ ਕੀਤਾ ਜਾਂਦਾ ਸੀ ਫਰਜ਼ੀ ਰਿਕਾਰਡ
ਧੋਤੀਵਾਲਾ ਦੇ ਦੱਸਣ ਮੁਤਾਬਕ ਗੁਆਢੀਂ ਸੂਬਿਆਂ ਚੋਂ 1100-1200 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਝੋਨਾ ਖ਼ਰੀਦ ਕੇ ਪੰਜਾਬ ਲਿਆਇਆ ਜਾਂਦਾ ਸੀ ਤੇ ਇਸ ਬਾਹਰੋਂ ਆਏ ਝੋਨੇ ਨੂੰ ਖ਼ਰੀਦ ਕੇਂਦਰਾਂ ’ਚ ਸਰਕਾਰੀ ਰੇਟ ’ਤੇ ਵੇਚ ਦਿੱਤਾ ਜਾਂਦਾ ਸੀ। ਇਸ ਤਰ੍ਹਾਂ ਪ੍ਰਤੀ ਕੁਇੰਟਲ ਪਿੱਛੇ ਤਕਰੀਬਨ 600 ਤੋਂ 700 ਰੁਪਏ ਦਾ ਮੁਨਾਫ਼ਾ ਘਪਲੇਬਾਜ਼ਾਂ ਦੀ ਜੇਬ ’ਚ ਚਲੇ ਜਾਂਦੀ ਸੀ।
ਇਸ ਬਾਹਰੋਂ ਆਏ ਝੋਨੇ ਦੀ ਖ਼ਰੀਦ ’ਤੇ ਪਰਦਾ ਪਾਉਣ ਲਈ ਫਰਜ਼ੀ ਰਿਕਾਰਡ ਤਿਆਰ ਕੀਤਾ ਜਾਂਦਾ ਸੀ ਤੇ ਸਰਕਾਰੀ ਰਿਕਾਰਡ ’ਚ ਇਸ ਝੋਨੇ ਨੂੰ ਸਥਾਨਕ ਕਿਸਾਨਾਂ ਤੋਂ ਖ਼ਰੀਦਿਆ ਦਿਖਾਇਆ ਜਾਂਦਾ ਸੀ।