Sadhu Dharamsot Arrest News: ਈਡੀ ਵੱਲੋਂ ਗ੍ਰਿਫਤਾਰ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਅੱਜ ਅਦਾਲਤ `ਚ ਕੀਤਾ ਜਾਵੇਗਾ ਪੇਸ਼
Sadhu Dharamsot Arrest News: ਪੰਜਾਬ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ ਈਡੀ ਨੇ ਬੀਤੇ ਦਿਨ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਨੂੰ ਈਡੀ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਚੱਲ ਰਹੀ ਜਾਂਚ ਲਈ ਬੁਲਾਇਆ ਸੀ।
Sadhu Dharamsot Arrest News: ਕਾਂਗਰਸ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਮੁੜ ਮੁਸ਼ਕਲਾਂ ਵਿੱਚ ਘਿਰਦੇ ਨਜ਼ਰ ਆ ਰਹੇ ਹਨ। ਦਰਅਸਲ ਕਾਂਗਰਸ ਦੇ ਕਾਰਜਕਾਲ ਦੌਰਾਨ ਜੰਗਲਾਤ ਵਿਭਾਗ ਵਿੱਚ ਘਪਲੇ ਮਗਰੋਂ ਗ੍ਰਿਫਤਾਰੀ ਤੋਂ ਬਾਅਦ ਇਸ ਮਾਮਲੇ ਵਿੱਚ ਈਡੀ ਦੀ ਐਂਟਰੀ ਹੋਈ ਸੀ।
ਕਾਬਿਲੇਗੌਰ ਹੈ ਕਿ 30 ਨਵੰਬਰ ਨੂੰ ਈਡੀ ਨੇ ਪੰਜਾਬ ਸਰਕਾਰ ਦੇ ਦੋ ਸਾਬਕਾ ਮੰਤਰੀਆਂ ਸਾਧੂ ਸਿੰਘ ਧਰਮਸੋਤ ਅਤੇ ਸੰਗਤ ਸਿੰਘ ਗਿਲਜੀਆਂ ਸਮੇਤ ਕਈ ਹੋਰ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕੀਤੀ ਸੀ। ਇਸ ਤੋਂ ਪਹਿਲਾਂ ਵੀ ਸਾਧੂ ਸਿੰਘ ਧਰਮਸੋਤ ਨੂੰ ਬੁਲਾਇਆ ਗਿਆ ਸੀ ਪਰ ਈਡੀ ਅਧਿਕਾਰੀਆਂ ਕੋਲ ਠੋਸ ਸਬੂਤ ਨਹੀਂ ਸਨ।
ਸੋਮਵਾਰ ਨੂੰ ਜਦੋਂ ਜਲੰਧਰ ਦਫਤਰ ਬੁਲਾਇਆ ਗਿਆ ਤਾਂ ਈਡੀ ਅਧਿਕਾਰੀਆਂ ਨੇ ਠੋਸ ਸਬੂਤ ਪੇਸ਼ ਕਰਨ ਤੋਂ ਬਾਅਦ ਸਾਧੂ ਸਿੰਘ ਨਾਲ ਗੱਲ ਕੀਤੀ, ਜਿਸ ਦਾ ਉਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ। ਇਸ ਤੋਂ ਬਾਅਦ ਈਡੀ ਨੇ ਸਾਬਕਾ ਮੰਤਰੀ ਨੂੰ ਗ੍ਰਿਫਤਾਰ ਕਰ ਲਿਆ। ਅੱਜ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
2023 ਦੇ ਸ਼ੁਰੂਆਤ ਵਿੱਚ ਪੰਜ ਵਾਰ ਵਿਧਾਇਕ ਰਹਿ ਚੁੱਕੇ ਧਰਮਸੋਤ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਦੋ ਭਾਰਤੀ ਜੰਗਲਾਤ ਸੇਵਾ (IFS) ਅਧਿਕਾਰੀਆਂ ਦੇ ਨਾਲ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਇੱਕ ਕਥਿਤ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ। ਪਿਛਲੇ ਸਾਲ ਨਵੰਬਰ ਵਿੱਚ ਇੱਕ ਈਡੀ ਟੀਮ ਨੇ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੇ ਜਵਾਨਾਂ ਨਾਲ ਮਿਲ ਕੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਸਬ ਡਿਵੀਜ਼ਨ ਵਿੱਚ ਗਿਲਜੀਆਂ ਦੇ ਜੱਦੀ ਪਿੰਡ ਵਿੱਚ ਛਾਪੇਮਾਰੀ ਕੀਤੀ ਸੀ।
ਜੰਗਲਾਤ ਵਿਭਾਗ ਦੇ ਠੇਕੇਦਾਰ ਹਰਮਿੰਦਰ ਸਿੰਘ ਨੇ ਇੰਡੀਅਨ ਐਵੀਡੈਂਸ ਐਕਟ ਦੀ ਧਾਰਾ 27 ਤਹਿਤ ਦਰਜ ਕਰਵਾਏ ਬਿਆਨ ਵਿੱਚ ਕਿਹਾ ਸੀ ਕਿ ਉਸ ਨੇ ਧਰਮਸੋਤ ਨੂੰ ਦਰੱਖਤ ਕੱਟਣ ਲਈ ਕਮਿਸ਼ਨ ਦਿੱਤਾ ਸੀ। ਉਸ ਨੇ ਅਕਤੂਬਰ-ਮਾਰਚ ਸੀਜ਼ਨ ਲਈ ਕਰੀਬ ਸੱਤ ਹਜ਼ਾਰ ਦਰੱਖਤ ਕੱਟਣ ਦੇ ਪਰਮਿਟ ਲਏ, ਜਿਸ ਲਈ ਉਸ ਨੇ ਪ੍ਰਤੀ ਰੁੱਖ 1000 ਰੁਪਏ ਰਿਸ਼ਵਤ ਵਜੋਂ ਦਿੱਤੀ, ਜਿਸ ਵਿੱਚ ਧਰਮਸੋਤ ਨੂੰ 500 ਰੁਪਏ, ਜ਼ਿਲ੍ਹਾ ਜੰਗਲਾਤ ਅਫ਼ਸਰ (ਡੀ.ਐੱਫ.ਓ.) ਨੂੰ 200 ਰੁਪਏ ਅਤੇ ਰੇਂਜ ਨੂੰ 100 ਰੁਪਏ ਸ਼ਾਮਲ ਹਨ।
ਇਸ ਤੋਂ ਇਲਾਵਾ ਜੰਗਲਾਤ ਵਿਭਾਗ ਵਿੱਚ ਬਦਲੀਆਂ ਨੂੰ ਲੈ ਕੇ ਵੀ ਰਿਸ਼ਵਤ ਦੇ ਦੋਸ਼ ਸਾਹਮਣੇ ਆਏ ਸਨ। ਵਣ ਗਾਰਡ ਆਪਣੇ ਅਫਸਰ ਆਨ ਸਪੈਸ਼ਲ ਡਿਊਟੀ (ਓਐਸਡੀ) ਚਮਕੌਰ ਸਿੰਘ ਅਤੇ ਰਿਪੋਰਟਰ ਰਾਹੀਂ ਰਿਸ਼ਵਤ ਦਿੰਦੇ ਸਨ।
ਦੋਸ਼ ਹੈ ਕਿ ਜੰਗਲਾਤ ਮੰਤਰੀ ਵਜੋਂ ਆਪਣੇ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਧਰਮਸੋਤ ਨੇ ਦਰੱਖਤ ਕੱਟਣ ਦੇ ਪਰਮਿਟ ਜਾਰੀ ਕਰਨ ਦੇ ਬਦਲੇ ਆਪਣੇ ਓਐਸਡੀ ਰਾਹੀਂ 1 ਕਰੋੜ ਰੁਪਏ ਇਕੱਠੇ ਕੀਤੇ ਸਨ। ਕਈ ਲੋਕਾਂ ਨੇ ਈਡੀ ਅਧਿਕਾਰੀਆਂ ਸਾਹਮਣੇ ਆਪਣੇ ਬਿਆਨ ਦਰਜ ਕਰਵਾਏ ਕਿ ਉਨ੍ਹਾਂ ਤੋਂ ਰਿਸ਼ਵਤ ਲਈ ਗਈ ਹੈ। ਇੰਨਾ ਹੀ ਨਹੀਂ ਸਾਧੂ ਸਿੰਘ ਨੇ 2.5 ਕਰੋੜ ਰੁਪਏ ਦੀ ਕਮਾਈ ਕੀਤੀ ਸੀ, ਜਦਕਿ 8 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਸਨ। ਇਸ ਲਈ ਈਡੀ ਨੇ ਕੇਸ ਦਰਜ ਕੀਤਾ ਸੀ। ਧਰਮਸੋਤ ਨੂੰ ਮੰਗਲਵਾਰ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ : Mining Income News: ਸਰਕਾਰ ਨੇ ਮਾਈਨਿੰਗ ਤੋਂ 472.50 ਕਰੋੜ ਰੁਪਏ ਦੀ ਰਿਕਾਰਡ ਕਮਾਈ ਕੀਤੀ- ਚੇਤਨ ਸਿੰਘ ਜੌੜਾਮਾਜਰਾ