Jassi Khangura Join Congress: ਸਾਬਕਾ ਵਿਧਾਇਕ ਜੱਸੀ ਖੰਗੂੜਾ ਮੁੜ ਕਾਂਗਰਸ ਵਿੱਚ ਹੋਏ ਸ਼ਾਮਿਲ
Jassi Khangura Join Congress: ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇ ਚੁੱਕੇ ਸਾਬਕਾ ਵਿਧਾਇਕ ਜੱਸੀ ਖੰਗੂੜਾ ਮੁੜ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ।
Jassi Khangura Join Congress: ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇ ਚੁੱਕੇ ਸਾਬਕਾ ਵਿਧਾਇਕ ਜੱਸੀ ਖੰਗੂੜਾ ਮੁੜ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਜੱਸੀ ਖੰਗੂੜਾ ਕਾਂਗਰਸ ਵੱਲੋਂ ਕਿਲਾ ਰਾਏਪੁਰ ਤੋਂ ਵਿਧਾਇਕ ਰਹਿ ਚੁੱਕੇ ਹਨ। ਖੰਗੂੜਾ ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ ਦੀ ਮੌਜੂਦਗੀ 'ਚ ਮੁੜ ਕਾਂਗਰਸ 'ਚ ਸ਼ਾਮਲ ਹੋ ਗਏ ਹਨ। ਪੰਜਾਬ ਇੰਚਾਰਜ ਨੇ ਜੱਸੀ ਖੰਗੂੜਾ ਦਾ ਨਿੱਘਾ ਸਵਾਗਤ ਕੀਤਾ ਤੇ ਬਣਦਾ ਮਾਣ-ਸਨਮਾਨ ਦੇਣ ਦਾ ਦਾਅਵਾ ਕੀਤਾ।
ਖੰਗੂੜਾ ਨੂੰ ਅੱਜ ਇੱਥੇ ਪੰਜਾਬ ਕਾਂਗਰਸ ਭਵਨ ਵਿਖੇ ਹੋਏ ਸਮਾਗਮ ਦੌਰਾਨ ਕਾਂਗਰਸ ਦੇ ਜਨਰਲ ਸਕੱਤਰ ਅਤੇ ਪੰਜਾਬ ਇੰਚਾਰਜ ਦਵਿੰਦਰ ਯਾਦਵ ਨੇ ਪਾਰਟੀ ਵਿੱਚ ਸ਼ਾਮਲ ਕੀਤਾ। ਇੱਕ ਪ੍ਰਮੁੱਖ ਨੇਤਾ ਅਤੇ ਬ੍ਰਿਟੇਨ ਤੋਂ ਆਏ ਸਾਬਕਾ ਐਨਆਰਆਈ ਖੰਗੂੜਾ ਸਾਲ 2022 ਵਿੱਚ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਹਾਲਾਂਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਕਾਂਗਰਸ 'ਚ ਵਾਪਸੀ ਲਈ 'ਆਪ' ਤੋਂ ਅਸਤੀਫਾ ਦੇ ਦਿੱਤਾ ਸੀ।
ਇਸ ਮੌਕੇ ਯਾਦਵ ਨੇ ਖੰਗੂੜਾ ਦੀ ਪਾਰਟੀ ਵਿੱਚ ਵਾਪਸੀ ਦਾ ਸੁਆਗਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਕਾਂਗਰਸ ਵਿੱਚ ਵਾਪਸੀ ਨਾਲ ਨਾ ਸਿਰਫ਼ ਲੁਧਿਆਣਾ, ਬਲਕਿ ਪੂਰੇ ਸੂਬੇ ਵਿੱਚ ਪਾਰਟੀ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਖੰਗੂੜਾ ਆਪਣੀ ਤਿੱਖੀ ਅਤੇ ਸ਼ਾਨਦਾਰ ਭਾਸ਼ਣਬਾਜ਼ੀ ਲਈ ਜਾਣੇ ਜਾਂਦੇ ਹਨ ਅਤੇ ਐਨਆਰਆਈ ਭਾਈਚਾਰੇ ਵਿੱਚ ਵੀ ਬਹੁਤ ਪਸੰਦ ਕੀਤੇ ਜਾਂਦੇ ਹਨ।
ਇਸ ਦੌਰਾਨ ਖੰਗੂੜਾ ਨੇ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ, ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਸੰਗਠਨ ਜਨਰਲ ਸਕੱਤਰ ਕੇਸੀ ਵੇਣੂਗੋਪਾਲ, ਦਵਿੰਦਰ ਯਾਦਵ, ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕਾਂਗਰਸ ਵਿਧਾਇਕ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ ਧੰਨਵਾਦ ਕੀਤਾ।
ਉਨ੍ਹਾਂ ਭਰੋਸਾ ਦਵਾਇਆ ਕਿ ਪਾਰਟੀ ਉਨ੍ਹਾਂ ਨੂੰ ਜੋ ਵੀ ਜ਼ਿੰਮੇਵਾਰੀ ਸੌਂਪੇਗੀ, ਉਹ ਉਸਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ, ਜੋ ਉਹਨਾਂ ਨੇ ਹਮੇਸ਼ਾ ਕੀਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਏਕਤਾ, ਅਖੰਡਤਾ, ਲੋਕਤੰਤਰ ਅਤੇ ਸੰਵਿਧਾਨ ਦੀ ਰਾਖੀ ਤੇ ਮਜ਼ਬੂਤੀ ਸਿਰਫ਼ ਕਾਂਗਰਸ ਪਾਰਟੀ ਹੀ ਕਰ ਸਕਦੀ ਹੈ।
ਦੇਵੇਂਦਰ ਯਾਦਵ ਨੇ ਕਿਹਾ ਕਿ ਕਾਂਗਰਸ ਦਾ ਪਰਿਵਾਰ ਵੱਡਾ ਹੁੰਦਾ ਨਜ਼ਰ ਆ ਰਿਹਾ ਹੈ ਤੇ ਜੱਸੀ ਖੰਗੂੜਾ ਦੀ ਪਰਿਵਾਰ ਵਿੱਚ ਮੌਜੂਦਗੀ ਲੋਕ ਸਭਾ ਚੋਣਾਂ ਵਿੱਚ ਫੈਸਲਾਕੁੰਨ ਭੂਮਿਕਾ ਨਿਭਾਏਗੀ। ਕਾਂਗਰਸ ਵਿੱਚ ਵਾਪਸੀ ਤੋਂ ਬਾਅਦ ਜੱਸੀ ਖੰਗੂੜਾ ਨੇ ਕਿਹਾ ਕਿ 'ਆਪ' ਨਾਲ ਉਨ੍ਹਾਂ ਦਾ ਤਜਰਬਾ ਠੀਕ ਨਹੀਂ ਰਿਹਾ, ਇਸ ਲਈ ਉਨ੍ਹਾਂ ਨੇ ਘਰ ਵਾਪਸੀ ਦਾ ਮਨ ਬਣਾਇਆ।
ਜਸਬੀਰ ਸਿੰਘ ਜੱਸੀ ਖੰਗੂੜਾ ਯੂਕੇ ਤੋਂ ਅਪਣੀ ਬ੍ਰਿਟਿਸ਼ ਨਾਗਰਿਕਤਾ ਤਿਆਗ ਕੇ ਦੇਸ਼ ਵਾਪਸ ਆ ਕੇ ਪੰਜਾਬ ਦੀ ਸਿਆਸਤ ਵਿੱਚ ਸਰਗਰਮ ਹੋ ਗਏ ਸਨ। ਉਨ੍ਹਾਂ ਨੇ 2007 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੀ ਕਿਲ੍ਹਾ ਰਾਏਪੁਰ ਸੀਟ 10,876 ਵੋਟਾਂ ਦੇ ਫਰਕ ਨਾਲ ਜਿੱਤੀ ਸੀ। ਪੰਜਾਬ ਦੀ ਇਹ ਇਕੋ-ਇਕ ਸੀਟ ਸੀ, ਜਿਸ ਉਤੇ ਕਾਂਗਰਸ ਕਦੇ ਨਹੀਂ ਜਿੱਤੀ ਸੀ। ਇਸ ਮਗਰੋਂ 2012 ਵਿੱਚ ਜੱਸੀ ਨੇ ਦਾਖਾ ਤੋਂ ਚੋਣ ਲੜੀ ਕਿਉਂਕਿ ਕਿਲ੍ਹਾ ਰਾਏਪੁਰ ਸੀਟ ਨੂੰ ਸਮਾਪਤ ਕਰ ਦਿੱਤੀ ਗਈ ਸੀ।
ਜੱਸੀ ਇਥੋਂ ਹਾਰ ਗਏ ਸਨ ਪਰ ਉਨ੍ਹਾਂ ਨੇ ਇਥੋਂ ਰਿਕਾਰਡ 55,820 ਵੋਟਾਂ ਹਾਸਲ ਕੀਤੀਆਂ, ਜਿਥੋਂ ਤੱਕ ਅਗਲੀਆਂ ਦੋ ਚੋਣਾਂ ਵਿੱਚ ਕਾਂਗਰਸ ਦਾ ਕੋਈ ਵੀ ਉਮੀਦਵਾਰ ਨਹੀਂ ਪਹੁੰਚ ਸਕਿਆ। ਜਸਬੀਰ ਸਿੰਘ ਜੱਸੀ ਖੰਗੂੜਾ ਨੇ ਔਕਸਫੋਰਡ ਯੂਨੀਵਰਸਿਟੀ ਤੋਂ ਡਾਕਟਰੀ ਦੀ ਪੜ੍ਹਾਈ ਕੀਤੀ ਹੈ। ਉਨ੍ਹਾਂ ਦੀ ਪਤਨੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਪੋਤੀ ਹਨ।
ਇਹ ਵੀ ਪੜ੍ਹੋ : Sippy Sharma News: ਕੇਜਰੀਵਾਲ ਦੀ ਮੂੰਹ ਬੋਲੀ ਭੈਣ ਸਿੱਪੀ ਸ਼ਰਮਾ ਵੱਲੋਂ ਸੰਗਰੂਰ ਲੋਕ ਸਭਾ ਸੀਟ ਚੋਣ ਲੜਨ ਦਾ ਐਲਾਨ