ਚੰਡੀਗੜ੍ਹ-  ਪੂਰੀ ਦੁਨੀਆਂ 'ਚੋਂ ਸਨਮਾਨ ਹਾਸਲ ਕਰਨ ਵਾਲੇ ਡਾ. ਮਨਮੋਹਨ ਸਿੰਘ ਦਾ ਅੱਜ 90 ਵਾਂ ਜਨਮ ਦਿਨ ਹੈ। 1931 ਵਿੱਚ ਜਨਮੇ ਡਾ. ਮਨਮੋਹਨ ਸਿੰਘ ਭਾਰਤ ਦੇ 14 ਵੇਂ ਪ੍ਰਧਾਨ ਮੰਤਰੀ ਬਣੇ ਸਨ। ਮਨਮੋਹਨ ਸਿੰਘ ਕੌਮਾਂਤਰੀ ਪ੍ਰਸਿੱਧੀ ਹਾਸਲ ਅਰਥ ਸ਼ਾਸਤਰੀ, ਇਮਾਨਦਾਰ ਦਿੱਖ ਵਾਲੇ ਆਗੂ ਵਜੋਂ ਵੀ ਜਾਣੇ ਜਾਂਦੇ ਹਨ। ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਭਾਰਤ ਅਰਥਚਾਰੇ ਦੇ ਮੌਜੂਦਾ ਸਰੂਪ ਦਾ ਨੀਤੀਘਾੜਾ ਕਿਹਾ ਜਾਂਦਾ ਹੈ। ਪਹਿਲਾਂ ਆਰਥਿਕ ਮਾਹਰ ਵਜੋਂ, ਫੇਰ ਕੇਂਦਰੀ ਵਿੱਤ ਮੰਤਰੀ ਅਤੇ ਫੇਰ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਕਰੀਬ ਤਿੰਨ ਦਹਾਕੇ ਤੋਂ ਵੱਧ ਸਮੇਂ ਤੱਕ ਭਾਰਤ ਦੀ ਆਰਥਿਕਤਾ ਉੱਤੇ ਪ੍ਰਭਾਵ ਪਾਇਆ।


COMMERCIAL BREAK
SCROLL TO CONTINUE READING

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਜਨਮ 26 ਸਤੰਬਰ 1932 ਨੂੰ ਪਕਿਸਤਾਨ ਦੇ ਪਿੰਡ ਗਾਹ ਵਿੱਚ ਹੋਇਆ ਸੀ। ਦੇਸ਼ ਦੀ ਵੰਡ ਤੋਂ ਬਾਅਦ ਉਹਨਾਂ ਦਾ ਪਰਿਵਾਰ ਅੰਮ੍ਰਿਤਸਰ ਆ ਵਸਿਆ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਡਾ. ਮਨਮੋਹਨ ਸਿੰਘ ਨੇ ਅਰਥ ਸਾਸਤਰ ਦੀ ਐਮ.ਏ. ਕੀਤੀ। 1957 ਵਿੱਚ ਉਹਨਾਂ ਨੇ ਕੈਂਬਰਿਜ ਯੂਨੀਵਰਸਿਟੀ, ਲੰਡਨ ਤੋਂ ਅਰਥ -ਸ਼ਾਸਤਰ ਵਿੱਚ ਫ਼ਸਟ ਕਲਾਸ ਆਨਰਸ ਡਿਗਰੀ ਹਾਸਲ ਕੀਤੀ ਤੇ ਫਿ਼ਰ 1962 ਵਿੱਚ ਆਕਸਫ਼ੋਰਡ ਯੂਨੀਵਰਸਿਟੀ ਤੋਂ ਅਰਥ-ਸ਼ਾਸਤਰ ਵਿੱਚ ਹੀ ਡਾਕਟਰ ਆਫ਼ ਫਿਲਾਸਫ਼ੀ ਦੀ ਡਿਗਰੀ ਹਾਸਲ ਕੀਤੀ।


ਡਾ. ਮਨਮੋਹਨ ਸਿੰਘ ਦੀ ਜ਼ਿੰਦਗੀ ਦਾ ਸਫਰ 


 1957 - 1965 - ਪੰਜਾਬ ਯੂਨੀਵਰਸਿਟੀ, ਚੰਡੀਗੜ ਵਿੱਚ ਅਧਿਆਪਕ
1969 - 1971 - ਦਿੱਲੀ ਸਕੂਲ ਆਫ ਇਕੋਨਾਮਿਕਸ ਵਿੱਚ ਅੰਤਰਰਾਸ਼ਟਰੀ ਵਪਾਰ ਦੇ ਪ੍ਰੋਫੈਸਰ
1971- ਭਾਰਤ ਸਰਕਾਰ ਵਿੱਚ ਅਰਥ ਸਲਾਹਕਾਰ ਦੇ ਵਜੋਂ ਭਰਤੀ ਹੋਏ
1976 - ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿੱਚ ਆਨਰੇਰੀ ਪ੍ਰੋਫੈਸਰ
1982 ਤੋਂ 1985 - ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ
1985 ਤੋਂ 1987 - ਯੋਜਨਾ ਕਮਿਸ਼ਨ ਦੇ ਉਪ-ਪ੍ਰਧਾਨ
1990 ਤੋਂ 1991 - ਭਾਰਤ ਦੇ ਪ੍ਰਧਾਨਮੰਤਰੀ ਦੇ ਆਰਥਕ ਸਲਾਹਕਾਰ
1991 - ਨਰਸਿਮਹਾ ਰਾਓ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿੱਚ ਵਿੱਤ ਮੰਤਰੀ
1991 - ਅਸਮ ਤੋਂ ਰਾਜ ਸਭਾ ਮੈਂਬਰ
1995 - ਦੂਜੀ ਵਾਰ ਰਾਜ ਸਭਾ ਮੈਂਬਰ
1996 - ਦਿੱਲੀ ਸਕੂਲ ਆਫ ਇਕੋਨਾਮਿਕਸ ਵਿੱਚ ਆਨਰੇਰੀ ਪ੍ਰੋਫੈਸਰ
1999 - ਦੱਖਣ ਦਿੱਲੀ ਲੋਕਸਭਾ ਹਲਕੇ ਤੋਂ ਚੋਣ ਲੜੇ ਲੇਕਿਨ ਹਾਰ ਗਏ
2001 - ਤੀਜੀ ਵਾਰ ਰਾਜ ਸਭਾ ਮੈਂਬਰ ਅਤੇ ਸਦਨ ਵਿੱਚ ਵਿਰੋਧੀ ਪੱਖ ਦੇ ਨੇਤਾ
2004 - ਭਾਰਤ ਦੇ ਪ੍ਰਧਾਨਮੰਤਰੀ
ਨਿਊਜ਼ਵੀਕ ਪੱਤ੍ਰਿਕਾ’ ਨੇ ਦੁਨੀਆ ’ਚ ਸਭ ਤੋਂ ਜ਼ਿਆਦਾ ਸਨਮਾਨ ਹਾਸਿਲ ਕਰਨ ਵਾਲੇ 10 ਨੇਤਾਵਾਂ ਦੀ ਸੂਚੀ ਜਾਰੀ ਕੀਤੀ ਹੈ, ਜਿਸ 'ਚ ਡੇਵਿਡ ਕੈਮਰਨ, ਨਿਕੋਲਸ ਸਰਕੋਜ਼ੀ ਅਤੇ ਵੇਨ ਜਿਆਬਾਓ ਵਰਗੇ ਨੇਤਾਵਾਂ ਨੂੰ ਪਿੱਛੇ ਛੱਡਦਿਆਂ ਡਾ. ਮਨਮੋਹਨ ਸਿੰਘ ਪਹਿਲੇ ਸਥਾਨ ਉੱਤੇ ਬਿਰਾਜਮਾਨ ਹਨ।
ਮਨਮੋਹਨ ਸਿੰਘ ਨੂੰ ਆਮ ਤੌਰ ਉੱਤੇ ਉਨ੍ਹਾਂ ਦੀ ਚੁੱਪ ਕਾਰਨ ਕਾਫ਼ੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। ਉਹ ਆਪਣੀ ਯੋਗਤਾ ਅਤੇ ਕੰਮ ਪ੍ਰਤੀ ਵਿਦਿਅਕ ਨਜ਼ਰੀਏ ਲਈ ਤਾਂ ਸਲਾਹੇ ਹੀ ਜਾਂਦੇ ਹਨ ਅਤੇ ਨਾਲ ਹੀ ਉਨ੍ਹਾਂ ਦਾ ਸੁਲਭ, ਸਾਦਾ ਤੇ ਸਰਲ ਸੁਭਾਅ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਹੋਰ ਵੀ ਉੱਚਾ ਕਰ ਦਿੰਦਾ ਹੈ।
ਮਨਮੋਹਨ ਸਿੰਘ ਨੇ ਖੁਦ ਵੀ ਇੱਕ ਭਾਸ਼ਣ ਵਿੱਚ ਕਿਹਾ ਸੀ, ''ਮੈਂ ਕਦੇ ਵੀ ਆਪਣੇ ਲਈ, ਆਪਣੇ ਪਰਿਵਾਰ ਲਈ, ਜਾਂ ਦੋਸਤ ਮਿੱਤਰਾਂ ਨੂੰ ਲਾਭ ਪਹੁੰਚਾਉਣ ਲਈ ਆਪਣੇ ਅਹੁਦੇ ਦੀ ਵਰਤੋਂ ਨਹੀਂ ਕੀਤੀ।''


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤੀ ਜਨਮ ਦਿਨ 'ਤੇ ਵਧਾਈ


ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਨੇ ਟਵੀਟ ਕਰਦੇ ਹੋਏ ਕਿਹਾ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ। ਉਨ੍ਹਾਂ ਦੀ ਲੰਬੀ ਅਤੇ ਸਿਹਤਮੰਦ ਜ਼ਿੰਦਗੀ ਲਈ ਅਰਦਾਸ ਕੀਤੀ।



WATCH LIVE TV