Jalandhar News: ਡਰੋਨ ਰਾਹੀਂ ਪਾਕਿਸਤਾਨ ਤੋਂ ਹਥਿਆਰ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
Jalandhar News: ਜਲੰਧਰ ਪੁਲਿਸ ਨੇ ਡਰੋਨ ਦੀ ਵਰਤੋਂ ਕਰਕੇ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ ਤੇ ਹੈਰੋਇਨ ਦੀ ਤਸਕਰੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।
Jalandhar News (ਸੁਨੀਲ ਮਹਿੰਦਰੂ): ਜਲੰਧਰ ਕਮਿਸ਼ਨਰੇਟ ਪੁਲਿਸ ਨੇ ਡਰੋਨ ਦੀ ਵਰਤੋਂ ਕਰਕੇ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ ਅਤੇ ਹੈਰੋਇਨ ਦੀ ਤਸਕਰੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਹ ਗਿਰੋਹ ਗੈਂਗਸਟਰ ਤੇ ਅੱਤਵਾਦੀ ਲਖਬੀਰ ਸਿੰਘ ਲੰਡਾ ਦੀ ਅਗਵਾਈ ਵਾਲੇ ਆਪਣੇ ਵਿਰੋਧੀ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਖਤਮ ਕਰਨ ਦੀ ਸਾਜ਼ਿਸ਼ ਘੜ ਰਿਹਾ ਸੀ।
ਜਲੰਧਰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸ਼ਹਿਰ ਦੇ ਆਸ-ਪਾਸ ਹਥਿਆਰਾਂ ਦੀ ਤਸਕਰੀ ਕਰਨ ਵਾਲਾ ਗਿਰੋਹ ਸਰਗਰਮ ਹੈ। ਇਸ ਤੋਂ ਬਾਅਦ ਪੁਲਿਸ ਨੇ ਜਾਲ ਵਿਛਾ ਕੇ ਜਸਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਤਰਲੋਕ ਸਿੰਘ ਵਾਸੀ ਵੇਰਕਾ ਮਿਲਕ ਪਲਾਂਟ ਅਤੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਤਰਨਤਾਰਨ ਨੂੰ ਹਰੀਕੇ ਨੇੜੇ ਕਾਬੂ ਕਰ ਲਿਆ।
ਸਵਪਨ ਸ਼ਰਮਾ ਨੇ ਦੱਸਿਆ ਕਿ 25 ਅਸਲਾ ਐਕਟ ਤਹਿਤ ਥਾਣਾ ਡਵੀਜ਼ਨ 1 ਜਲੰਧਰ ਵਿਖੇ ਐਫ.ਆਈ.ਆਰ ਨੰਬਰ 11 ਮਿਤੀ 24-01-2024 ਦਰਜ ਕੀਤੀ ਗਈ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਤਫਤੀਸ਼ ਦੌਰਾਨ ਜਸਪ੍ਰੀਤ ਸਿੰਘ ਉਰਫ਼ ਜੱਸਾ ਨੇ ਖੁਲਾਸਾ ਕੀਤਾ ਕਿ ਉਸ ਦੇ ਪਾਕਿਸਤਾਨ ਸਥਿਤ ਹਥਿਆਰਾਂ ਦੇ ਸਮੱਗਲਰਾਂ ਨਾਲ ਡੂੰਘੇ ਸਬੰਧ ਸਨ, ਜਿਨ੍ਹਾਂ ਰਾਹੀਂ ਉਸ ਨੇ ਪਾਕਿਸਤਾਨ ਵਿਚਲੇ ਆਪਣੇ ਸਰੋਤਾਂ ਰਾਹੀਂ ਡਰੋਨ ਦੀ ਵਰਤੋਂ ਕਰਕੇ ਪਿਸਤੌਲ ਅਤੇ ਹੈਰੋਇਨ ਮੰਗਵਾਈ ਸੀ ਅਤੇ ਹੁਣ ਤੱਕ ਅਜਿਹੀਆਂ ਛੇ ਖੇਪਾਂ ਬਰਾਮਦ ਕੀਤੀਆਂ ਹਨ।
ਉਨ੍ਹਾਂ ਦੱਸਿਆ ਕਿ ਜੱਸਾ ਦੀ ਕੈਨੇਡਾ ਸਥਿਤ ਗੈਂਗਸਟਰ-ਕਮ-ਅੱਤਵਾਦੀ ਲਖਬੀਰ ਸਿੰਘ ਲੰਡਾ ਨਾਲ ਪੁਰਾਣੀ ਦੁਸ਼ਮਣੀ ਸੀ। ਸਵਪਨ ਸ਼ਰਮਾ ਨੇ ਦੱਸਿਆ ਕਿ ਇਸ ਰੰਜਿਸ਼ ਦੀ ਜੜ੍ਹ ਸੂਬੇ ਦੇ ਹਰੀਕੇ ਪੱਤਣ ਇਲਾਕੇ ਵਿੱਚ ਮੱਛੀ ਫੜਨ ਦਾ ਠੇਕਾ ਹੈ ਅਤੇ ਹਾਲ ਹੀ ਵਿੱਚ ਜੱਸਾ ਦੇ ਚਚੇਰੇ ਭਰਾ ਸੁਖਪ੍ਰੀਤ ਸਿੰਘ ਦਾ ਲੰਡਾ ਗੈਂਗ ਵੱਲੋਂ ਕਤਲ ਕਰ ਦਿੱਤਾ ਗਿਆ ਸੀ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜੱਸਾ ਖ਼ਿਲਾਫ਼ ਐਨਡੀਪੀਐਸ, ਆਰਮਜ਼ ਐਕਟ ਅਤੇ ਹੋਰ ਧਾਰਾਵਾਂ ਤਹਿਤ 17 ਐਫਆਈਆਰ ਦਰਜ ਕੀਤੀਆਂ ਗਈਆਂ ਸਨ ਅਤੇ ਨਵੀਂ ਖੇਪ ਰਾਹੀਂ ਉਸ ਨੇ ਲੰਡਾ ਗਿਰੋਹ ਦੇ ਤਿੰਨ ਸਾਥੀਆਂ ਨੂੰ ਮਾਰਨ ਦੀ ਯੋਜਨਾ ਬਣਾਈ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਤਫ਼ਤੀਸ਼ ਦੇ ਆਧਾਰ 'ਤੇ ਤਿੰਨ ਹੋਰ ਮੁਲਜ਼ਮਾਂ ਨੂੰ ਤਿੰਨ ਪਿਸਤੌਲਾਂ ਅਤੇ 14 ਰੌਂਦ ਸਮੇਤ ਕਾਬੂ ਕੀਤਾ ਹੈ।
ਸਵਪਨ ਸ਼ਰਮਾ ਨੇ ਦੱਸਿਆ ਕਿ ਫੜੇ ਗਏ ਸਮੱਗਲਰਾਂ ਦੀ ਪਛਾਣ ਭਗਵੰਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਪੰਜੇਟਾ ਤਰਨਤਾਰਨ, ਗੁਰਜੰਟ ਸਿੰਘ ਉਰਫ਼ ਅੰਮ੍ਰਿਤ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਵੈਪੁਰੀ ਤਰਨਤਾਰਨ ਅਤੇ ਲਵਪ੍ਰੀਤ ਸਿੰਘ ਉਰਫ਼ ਲਵ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਰੱਲਚਾਹਲ ਤਰਨਤਾਰਨ ਵਜੋਂ ਹੋਈ ਹੈ।
ਇਹ ਵੀ ਪੜ੍ਹੋ : Mansa News: ਸ਼ਰਾਬ ਪੀ ਕੇ ਗੁਰਦੁਆਰਾ ਸਾਹਿਬ 'ਚ ਵੜਨ ਵਾਲਾ ਥਾਣਾ ਇੰਚਾਰਜ ਮੁਅੱਤਲ