Jalandhar News (ਸੁਨੀਲ ਮਹਿੰਦਰੂ): ਜਲੰਧਰ ਵਿੱਚ ਪੁਲਿਸ ਨੇ ਫਰਜ਼ੀ ਜ਼ਮਾਨਤ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਜਾਅਲੀ ਜ਼ਮਾਨਤ ਬਾਂਡ ਭਰਨ ਵਾਲੇ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਮੁਲਜ਼ਮ ਕਈ ਹਾਈ ਪ੍ਰੋਫਾਈਲ ਲੋਕਾਂ ਨਾਲ ਜੁੜੇ ਹੋਏ ਸਨ। ਪੁਲਿਸ ਜਲਦ ਹੀ ਇਨ੍ਹਾਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕਰੇਗੀ ਕਿ ਉਕਤ ਦੋਸ਼ੀਆਂ ਵੱਲੋਂ ਹੁਣ ਤੱਕ ਕਿੰਨੇ ਲੋਕਾਂ ਨੂੰ ਫਰਜ਼ੀ ਜ਼ਮਾਨਤ ਦਿੱਤੀ ਗਈ ਸੀ।


COMMERCIAL BREAK
SCROLL TO CONTINUE READING

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸੂਬੇ 'ਚ ਇੱਕ ਹਾਈਪ੍ਰੋਫਾਈਲ ਗਿਰੋਹ ਸਰਗਰਮ ਹੈ ਜੋ ਅਜਿਹੇ ਮਾਮਲਿਆਂ 'ਚ ਦੋਸ਼ੀਆਂ ਨੂੰ ਅਪਰਾਧਿਕ ਮਾਮਲਿਆਂ 'ਚ ਝੂਠੀ ਜ਼ਮਾਨਤ ਦੇ ਕੇ ਫਾਇਦਾ ਪਹੁੰਚਾਉਣ ਦਾ ਕੰਮ ਕਰ ਰਿਹਾ ਹੈ।


ਭਾਰਗਵ ਕੈਂਪ ਥਾਣਾ ਪੁਲਿਸ ਨੇ ਜਗਜੀਤ ਸਿੰਘ ਉਰਫ ਜੱਗੀ ਪੁੱਤਰ ਤਰਲੋਕ ਸਿੰਘ ਵਾਸੀ ਫੱਤੂ ਢੀਂਗਾ (ਕਪੂਰਥਲਾ), ਰਵੀ ਕੁਮਾਰ ਪੁੱਤਰ ਅਸ਼ੋਕ ਕੁਮਾਰ, ਸੁਖਦੇਵ ਕੁਮਾਰ ਪੁੱਤਰ ਮੋਹਨ ਲਾਲ ਸ਼ਰਮਾ, ਰਾਕੇਸ਼ ਕੁਮਾਰ ਪੁੱਤਰ ਮਹਿੰਦਰ ਰਾਮ ਵਾਸੀ ਗਾਖਲਾ ਕਾਲੋਨੀ (ਜਲੰਧਰ) ਨੂੰ ਗ੍ਰਿਫ਼ਤਾਰ ਕੀਤਾ ਹੈ। ਪੰਕਜ ਰਾਮ ਉਰਫ਼ ਗੰਜੂ, ਗੁਰਮੀਤ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਛੇਹਰਟਾ (ਅੰਮ੍ਰਿਤਸਰ) ਅਤੇ ਜੋਧਾ ਵਾਸੀ ਜਲੰਧਰ ਖ਼ਿਲਾਫ਼ ਧਾਰਾ 419, 420, 465, 467, 468, 470 ਅਤੇ 120 ਤਹਿਤ ਕੇਸ ਦਰਜ ਕੀਤਾ ਗਿਆ ਹੈ।


ਜਾਣਕਾਰੀ ਮੁਤਾਬਕ ਪੁਲਿਸ ਕੋਲ ਪਿਛਲੇ ਕਾਫੀ ਸਮੇਂ ਤੋਂ ਫਰਜ਼ੀ ਜ਼ਮਾਨਤ ਸਬੰਧੀ ਕੇਸ ਆ ਰਹੇ ਸਨ। ਪੁਲਿਸ ਨੇ ਇੱਕ ਮਾਮਲੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਪੁਲਿਸ ਨੇ ਜਦੋਂ ਲਿੰਕ ਜੋੜਨਾ ਸ਼ੁਰੂ ਕੀਤਾ ਤਾਂ ਭਾਰਗਵ ਕੈਂਪ ਵਿੱਚ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ। ਪੁਲਿਸ ਨੇ ਸਭ ਤੋਂ ਪਹਿਲਾਂ ਮੁਲਜ਼ਮ ਨੂੰ ਜਲੰਧਰ ਤੋਂ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਦੀ ਪੁੱਛਗਿੱਛ ਤੋਂ ਬਾਅਦ ਅੰਮ੍ਰਿਤਸਰ ਤੇ ਕਪੂਰਥਲਾ ਤੋਂ ਵੀ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ।


ਮੁਲਜ਼ਮਾਂ ਕੋਲੋਂ ਜਾਅਲੀ ਦਸਤਾਵੇਜ਼ ਬਰਾਮਦ
ਜਾਣਕਾਰੀ ਮੁਤਾਬਕ ਪੁਲਿਸ ਨੇ 122 ਜਾਅਲੀ ਆਧਾਰ ਕਾਰਡ, 41 ਜਾਅਲੀ ਜ਼ਿਲ੍ਹਾ ਕੁਲੈਕਟਰ ਕਾਰਡ ਅਤੇ ਨੰਬਰਦਾਰ ਕਾਰਡ, ਤਹਿਸੀਲਦਾਰ ਅਤੇ ਨੰਬਰਦਾਰ ਦੀਆਂ 15 ਜਾਅਲੀ ਮੋਹਰਾਂ ਅਤੇ 35 ਫਰਦਾਂ, ਇੱਕ ਕੰਪਿਊਟਰ, ਇੱਕ ਪ੍ਰਿੰਟਰ ਅਤੇ 7 ਸਟੈਂਪ ਪੈਡ ਅਤੇ ਵੱਡੀ ਮਾਤਰਾ ਵਿੱਚ ਹੋਰ ਜਾਅਲੀ ਦਸਤਾਵੇਜ਼ ਬਰਾਮਦ ਕੀਤੇ ਹਨ।


ਜਦੋਂ ਪੁਲਿਸ ਨੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਸੁਖਦੇਵ ਕੁਮਾਰ ਤੇ ਰਾਕੇਸ਼ ਕੁਮਾਰ ਖਿਲਾਫ਼ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ। ਜਿਸ ਦਾ ਰਿਕਾਰਡ ਪੰਜਾਬ ਪੁਲਿਸ ਕੋਲ ਮੌਜੂਦ ਹੈ। ਸੁਖਦੇਵ ਕੁਮਾਰ ਖ਼ਿਲਾਫ਼ ਪਹਿਲਾਂ ਹੀ 7 ਐਫਆਈਆਰ ਦਰਜ ਹਨ। ਇਸ ਦੇ ਨਾਲ ਹੀ ਰਾਕੇਸ਼ ਖਿਲਾਫ਼ ਪਹਿਲਾਂ ਵੀ ਦੋ ਮਾਮਲੇ ਦਰਜ ਹਨ। ਪੁਲਿਸ ਮੁਲਜ਼ਮਾਂ ਤੋਂ ਪੁੱਛਗਿਛ ਕਰ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਉਨ੍ਹਾਂ ਨਾਲ ਹੋਰ ਕਿੰਨੇ ਲੋਕ ਸ਼ਾਮਲ ਹਨ।


ਇਹ ਵੀ ਪੜ੍ਹੋ : Zira Police Encounter: ਐਸਟੀਐਫ ਤੇ ਨਸ਼ਾ ਤਸਕਰਾਂ ਵਿਚਾਲੇ ਫਾਇਰਿੰਗ, ਦੋ ਨਸ਼ਾ ਤਸਕਰ ਹਲਾਕ