Gurdaspur Lok Sabha Seat History: ਬਾਲੀਵੁੱਡ ਸਟਾਰ ਨੂੰ ਰਾਸ ਆਉਂਦੀ ਰਹੀ ਗੁਰਦਾਸਪੁਰ ਲੋਕ ਸਭਾ ਸੀਟ; ਜਾਣੋ ਸਰਹੱਦੀ ਇਲਾਕੇ ਦਾ ਸਿਆਸੀ ਇਤਿਹਾਸ
Gurdaspur Lok Sabha Seat History: ਗੁਰਦਾਸਪੁਰ ਜ਼ਿਲ੍ਹਾ ਪੰਜਾਬ ਦੇ ਮਾਝਾ ਖੇਤਰ ਵਿੱਚ ਸਥਿਤ ਹੈ। ਗੁਰਦਾਸਪੁਰ ਪੰਜਾਬ ਦਾ ਸਰਹੱਦੀ ਜ਼ਿਲ੍ਹਾ ਹੈ ਅਤੇ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੇ ਕੰਢੇ ਉਪਰ ਸਥਿਤ ਹੈ।
Gurdaspur Lok Sabha Seat History: ਗੁਰਦਾਸਪੁਰ ਜ਼ਿਲ੍ਹਾ ਪੰਜਾਬ ਦੇ ਮਾਝਾ ਖੇਤਰ ਵਿੱਚ ਸਥਿਤ ਹੈ। ਗੁਰਦਾਸਪੁਰ ਪੰਜਾਬ ਦਾ ਸਰਹੱਦੀ ਜ਼ਿਲ੍ਹਾ ਹੈ ਅਤੇ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੇ ਕੰਢੇ ਉਪਰ ਸਥਿਤ ਹੈ। ਗੁਰਦਾਸਪੁਰ ਲਹਿੰਦੇ ਪੰਜਾਬ ਦਾ ਜ਼ਿਲ੍ਹਾ ਨਾਰੋਵਾਲ, ਜੰਮੂ-ਕਸ਼ਮੀਰ ਦਾ ਕਠੂਆ ਜ਼ਿਲ੍ਹਾ ਤੇ ਪਠਾਨਕੋਟ, ਅੰਮ੍ਰਿਤਸਰ ਤੇ ਹੁਸ਼ਿਆਰਪੁਰ ਨਾਲ ਲੱਗਦਾ ਹੈ। ਗੁਰਦਾਸਪੁਰ ਦੀ ਸਥਾਪਨਾ 17ਵੀਂ ਸਦੀ ਵਿੱਚ ਗੁਰਿਆ ਜੀ ਵੱਲੋਂ ਕੀਤੀ ਗਈ ਸੀ।
ਗੁਰਦਾਸਪੁਰ ਪਾਕਿਸਤਾਨ ਦੇ ਨਾਰਵਾਲ ਜ਼ਿਲ੍ਹੇ ਨਾਲ ਆਪਣੀ ਅੰਤਰਰਾਸ਼ਟਰੀ ਸਰਹੱਦ ਸਾਂਝੀ ਕਰਦਾ ਹੈ। ਬਿਆਸ ਅਤੇ ਰਾਵੀ ਵਰਗੀਆਂ ਦੋ ਵੱਡੇ ਦਰਿਆ ਇਸ ਜ਼ਿਲ੍ਹੇ ਵਿੱਚੋਂ ਲੰਘਦੇ ਹਨ। 2011 ਦੀ ਮਰਦਮਸ਼ੁਮਾਰੀ ਅਨੁਸਾਰ ਇੱਥੇ ਸਿੱਖ ਭਾਈਚਾਰੇ ਦੀ ਆਬਾਦੀ ਲਗਭਗ 59 ਫ਼ੀਸਦੀ ਹੈ ਜਦਕਿ ਹਿੰਦੂ ਆਬਾਦੀ 29 ਫ਼ੀਸਦੀ ਹੈ। ਇਸ ਦੇ ਨਾਲ ਹੀ ਇਸ ਜ਼ਿਲ੍ਹੇ ਵਿੱਚ ਇਸਾਈ ਭਾਈਚਾਰੇ ਦੀ ਆਬਾਦੀ ਵੀ ਕਾਫ਼ੀ ਹੈ। ਜਾਣਕਾਰੀ ਮੁਤਾਬਕ ਇਸ ਇਲਾਕੇ ਦੇ ਕਰੀਬ 10 ਫੀਸਦੀ ਲੋਕ ਇਸਾਈ ਹਨ।
ਕਿੰਨੇ ਵਿਧਾਨ ਸਭਾ ਹਲਕੇ
ਗੁਰਦਾਸਪੁਰ ਲੋਕ ਸਭਾ ਸੀਟ ਪੰਜਾਬ ਦੀਆਂ 9 ਆਮ ਸੀਟਾਂ ਵਿੱਚੋਂ ਇੱਕ ਹੈ। ਭਾਵ ਇਹ ਸੀਟ ਕਿਸੇ ਵਿਸ਼ੇਸ਼ ਲਈ ਰਾਖਵੀਂ ਨਹੀਂ ਹੈ। ਫਿਲਹਾਲ ਇਸ ਸੀਟ ਅਧੀਨ 9 ਵਿਧਾਨ ਸਭਾ ਸੀਟਾਂ ਹਨ। ਇਹ 9 ਸੀਟਾਂ ਹਨ- ਸੁਜਾਨਪੁਰ, ਭੋਆ, ਪਠਾਨਕੋਟ, ਗੁਰਦਾਸਪੁਰ, ਦੀਨਾਨਗਰ, ਕਾਦੀਆਂ, ਬਟਾਲਾ, ਫਤਿਹਗੜ੍ਹ ਚੂੜੀਆਂ, ਡੇਰਾ ਬਾਬਾ ਨਾਨਕ। ਇਨ੍ਹਾਂ 9 ਵਿੱਚੋਂ ਸਿਰਫ਼ ਦੋ ਸੀਟਾਂ (ਭੋਆ ਅਤੇ ਦੀਨਾਨਗਰ) ਅਨੁਸੂਚਿਤ ਜਾਤੀ ਦੇ ਲੋਕਾਂ ਲਈ ਰਾਖਵੀਆਂ ਹਨ।
ਜਾਣੋ ਕਿਸ ਸਿਆਸੀ ਪਾਰਟੀ ਦਾ ਰਿਹਾ ਦਬਦਬਾ
ਇਸ ਸੀਟ ਉਪਰ 1952 ਤੋਂ ਆਮ ਚੋਣਾਂ ਲੜੀਆਂ ਜਾ ਰਹੀਆਂ ਹਨ। ਸ਼ੁਰੂਆਤ 'ਚ ਕਰੀਬ 25 ਸਾਲਾਂ ਤੱਕ ਇਸ ਸੀਟ ਤੋਂ ਕਾਂਗਰਸ ਦੇ ਹੀ ਸੰਸਦ ਮੈਂਬਰ ਚੁਣੇ ਗਏ। ਇਸ ਤੋਂ ਬਾਅਦ 1977 ਵਿੱਚ ਜਨਤਾ ਪਾਰਟੀ ਨੇ ਕਾਂਗਰਸ ਨੂੰ ਹਰਾਇਆ। ਇਸ ਸਾਲ ਇਸ ਸੀਟ 'ਤੇ ਜਨਤਾ ਪਾਰਟੀ ਦੇ ਯੱਗਿਆ ਦੱਤ ਸ਼ਰਮਾ ਨੇ ਕਾਂਗਰਸ ਦੇ ਜੇਤੂ ਰੱਥ ਨੂੰ ਰੋਕਿਆ ਸੀ ਪਰ ਫਿਰ 1980 ਵਿਚ ਕਾਂਗਰਸ ਨੇ ਇਸ ਸੀਟ 'ਤੇ ਕਬਜ਼ਾ ਕਰ ਲਿਆ। ਇਸ ਤੋਂ ਬਾਅਦ ਅਗਲੇ ਦੋ ਦਹਾਕਿਆਂ ਤੱਕ ਕਾਂਗਰਸ ਪਾਰਟੀ ਇਸ ਸੀਟ ਤੋਂ ਜਿੱਤਦੀ ਰਹੀ। 1998 ਵਿਚ ਭਾਰਤੀ ਜਨਤਾ ਪਾਰਟੀ ਨੇ ਅਦਾਕਾਰ ਵਿਨੋਦ ਖੰਨਾ ਦੀ ਬਦੌਲਤ ਇਸ ਸੀਟ 'ਤੇ ਆਪਣਾ ਝੰਡਾ ਲਹਿਰਾਇਆ ਤੇ ਫਿਰ 1999 ਤੇ 2004 ਵਿਚ ਉਹ ਇਸੇ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ।
2009 ਤੋਂ 2019 ਤੱਕ ਦੀ ਸਥਿਤੀ
ਹਾਲੀਆ ਚੋਣਾਂ ਦੀ ਗੱਲ ਕਰੀਏ ਤਾਂ ਇਸ ਸੀਟ 'ਤੇ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਦੇ ਉਮੀਦਵਾਰਾਂ ਵਿਚਾਲੇ ਹੱਥ-ਪੈਰ ਬਦਲਦੇ ਰਹੇ। 2009 'ਚ ਇਸ ਸੀਟ ਤੋਂ ਪ੍ਰਤਾਪ ਸਿੰਘ ਬਾਜਵਾ ਜਿੱਤੇ ਸਨ, ਜਦਕਿ 2014 'ਚ ਇਹ ਸੀਟ ਵਿਨੋਦ ਖੰਨਾ ਦੇ ਹਿੱਸੇ ਗਈ ਸੀ। ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਜਦੋਂ ਇਸ ਸੀਟ 'ਤੇ ਉਪ ਚੋਣ ਹੋਈ ਤਾਂ ਕਾਂਗਰਸ ਪਾਰਟੀ ਦੇ ਸੁਨੀਲ ਜਾਖੜ ਸੰਸਦ ਮੈਂਬਰ ਬਣੇ ਪਰ 2019 'ਚ ਕਾਂਗਰਸ ਪਾਰਟੀ ਸੰਸਦੀ ਸੀਟ ਨੂੰ ਬਰਕਰਾਰ ਨਹੀਂ ਰੱਖ ਸਕੀ। 2019 ਵਿੱਚ ਸੰਨੀ ਦਿਓਲ ਕਾਂਗਰਸ ਦੇ ਸੁਨੀਲ ਜਾਖੜ ਨੂੰ ਹਰਾ ਕੇ ਇਸ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ ਸਨ।
2019 ਦੀਆਂ ਚੋਣਾਂ ਤੇ ਗੁਰਦਾਸਪੁਰ ਸੀਟ
2019 ਦੀਆਂ ਲੋਕ ਸਭਾ ਚੋਣਾਂ ਵਿੱਚ ਗੁਰਦਾਸਪੁਰ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਨੀ ਦਿਓਲ ਖਿਲਾਫ ਕਾਂਗਰਸ ਦੇ ਸੁਨੀਲ ਜਾਖੜ ਉਮੀਦਵਾਰ ਸਨ। ਇਨ੍ਹਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਨੇ ਪੀਟਰ ਮਸੀਹ ਨੂੰ ਆਪਣਾ ਉਮੀਦਵਾਰ ਬਣਾਇਆ ਸੀ। ਮਸੀਹ ਸਿਰਫ਼ 28 ਹਜ਼ਾਰ ਵੋਟਾਂ ਹਾਸਲ ਕਰਕੇ ਚੋਣ ਮੈਦਾਨ ਵਿੱਚ ਕਿਤੇ ਵੀ ਨਹੀਂ ਖੜ੍ਹੇ ਹੋ ਸਕੇ। 2019 ਦੀਆਂ ਆਮ ਚੋਣਾਂ 'ਚ ਭਾਜਪਾ ਨੇ ਫਿਰ ਬਾਲੀਵੁੱਡ 'ਤੇ ਦਾਅ ਖੇਡਿਆ ਸੀ।
ਅਦਾਕਾਰ ਸੰਨੀ ਦਿਓਲ ਨੇ ਗੁਰਦਾਸਪੁਰ ਤੋਂ ਚੋਣ ਲੜੀ ਅਤੇ ਉਨ੍ਹਾਂ ਨੇ ਭਾਜਪਾ ਨੂੰ ਨਿਰਾਸ਼ ਨਹੀਂ ਕੀਤਾ ਸੀ। ਸੁਨੀਲ ਜਾਖੜ ਨੂੰ ਕਰੀਬ 4 ਲੱਖ 76 ਹਜ਼ਾਰ ਵੋਟਾਂ ਮਿਲੀਆਂ। ਜਦਕਿ ਭਾਰਤੀ ਜਨਤਾ ਪਾਰਟੀ ਦੇ ਸੰਨੀ ਦਿਓਲ ਨੂੰ ਕਰੀਬ 5 ਲੱਖ 59 ਹਜ਼ਾਰ ਵੋਟਾਂ ਮਿਲੀਆਂ। ਭਾਜਪਾ ਨੂੰ ਮਿਲੀਆਂ 51 ਫੀਸਦੀ ਵੋਟਾਂ ਅਤੇ ਕਾਂਗਰਸ ਨੂੰ ਮਿਲੀਆਂ 43 ਫੀਸਦੀ ਵੋਟਾਂ ਵਿਚਕਾਰ 82 ਹਜ਼ਾਰ ਵੋਟਾਂ ਦਾ ਫਰਕ ਸੀ। ਗੁਰਦਾਸਪੁਰ ਸੀਟ 'ਤੇ ਕੁੱਲ 11 ਲੱਖ 5 ਹਜ਼ਾਰ ਦੇ ਕਰੀਬ ਵੋਟਾਂ ਪਈਆਂ।
ਕਿਉਂ ਕਿਹਾ ਜਾਂਦਾ ਹੈ ਸੈਲੀਬ੍ਰਿਟੀਜ਼ ਦੀ ਸੀਟ
ਗੁਰਦਾਸਪੁਰ ਲੋਕ ਸਭਾ ਸੀਟ ਨੂੰ ਸੈਲੀਬ੍ਰਿਟੀਜ਼ ਦਾ ਸੀਟ ਕਿਹਾ ਜਾਂਦਾ ਹੈ ਕਿਉਂਕਿ ਅਦਾਕਾਰਾ ਨੂੰ ਇਹ ਸੀਟ ਕਾਫੀ ਰਾਸ ਆਉਂਦੀ ਰਹੀ ਹੈ। ਅਦਾਕਾਰ ਲੋਕਾਂ ਦੀ ਨਬਜ਼ ਨੂੰ ਪਛਾਣ ਕਰਕੇ ਜੇਤੂ ਰਹੇ ਹਨ। ਪਿਛਲੇ 26 ਸਾਲਾਂ ਤੋਂ ਬਾਹਰੀ ਅਤੇ ਸਟਾਰ ਚਿਹਰਿਆਂ ਦੇ ਚੋਣ ਮੈਦਾਨ ਵਿਚ ਹੋਣ ਕਾਰਨ ਗੁਰਦਾਸਪੁਰ ਸੀਟ ਹਾਟ ਸੀਟ ਵਜੋਂ ਜਾਣੀ ਜਾਂਦੀ ਰਹੀ। ਭਾਜਪਾ ਨੇ 1998 ਵਿੱਚ ਪੈਰਾਸ਼ੂਟ ਰਾਹੀਂ ਬਾਲੀਵੁੱਡ ਅਦਾਕਾਰ ਵਿਨੋਦ ਖੰਨਾ ਨੂੰ ਉਮੀਦਵਾਰ ਉਤਾਰਿਆ ਸੀ ਤੇ ਉਹ ਜੇਤੂ ਰਹੇ। ਵਿਨੋਦ ਖੰਨਾ 4 ਵਾਰ ਗੁਰਦਾਸਪੁਰ ਤੋਂ ਜੇਤੂ ਰਹੇ। ਇਸ ਤੋਂ ਬਾਅਦ 2019 ਵਿੱਚ ਭਾਜਪਾ ਨੇ ਸੰਨੀ ਦਿਓਲ ਨੂੰ ਉਮੀਦਵਾਰ ਉਤਾਰਿਆ ਜੋ ਕਿ ਜੇਤੂ ਰਹੇ।
1952 ਤੋਂ ਲੈ ਕੇ 2019 ਤੱਕ ਦੀ ਸਥਿਤੀ
ਨੰ. | ਸਾਲ | ਮੈਂਬਰ | ਸਿਆਸੀ ਪਾਰਟੀ |
1 | 1952 | ਤੇਜਾ ਸਿੰਘ ਅਕਰਪੁਰ | ਕਾਂਗਰਸ |
2 | 1957 | ਦੀਵਾਨ ਚੰਦ ਸ਼ਰਮਾ | ਕਾਂਗਰਸ |
3 | 1962 | ਦੀਵਾਨ ਚੰਦ ਸ਼ਰਮਾ | ਕਾਂਗਰਸ |
4 | 1967 | ਦੀਵਾਨ ਚੰਦ ਸ਼ਰਮਾ | ਕਾਂਗਰਸ |
5 | 1968 | ਪ੍ਰਮੋਦ ਚੰਦਰਾ | ਕਾਂਗਰਸ |
6 | 1971 | ਪ੍ਰਮੋਦ ਚੰਦਰਾ | ਕਾਂਗਰਸ |
7 | 1977 | ਯੱਗਿਆ ਦੱਤ ਸ਼ਰਮਾ | ਜਨਤਾ ਪਾਰਟੀ |
8 | 1980 | ਯੱਗਿਆ ਦੱਤ ਸ਼ਰਮਾ | ਕਾਂਗਰਸ |
9 | 1984 | ਯੱਗਿਆ ਦੱਤ ਸ਼ਰਮਾ | ਕਾਂਗਰਸ |
10 | 1989 | ਸੁਖਬੰਸ ਕੌਰ | ਕਾਂਗਰਸ |
11 | 1991 | ਸੁਖਬੰਸ ਕੌਰ | ਕਾਂਗਰਸ |
12 | 1996 | ਸੁਖਬੰਸ ਕੌਰ | ਕਾਂਗਰਸ |
13 | 1998 | ਵਿਨੋਦ ਖੰਨਾ | ਭਾਜਪਾ |
14 | 1999 | ਵਿਨੋਦ ਖੰਨਾ | ਭਾਜਪਾ |
15 | 2004 | ਵਿਨੋਦ ਖੰਨਾ | ਭਾਜਪਾ |
16 | 2009 | ਪ੍ਰਤਾਪ ਸਿੰਘ ਬਾਜਵਾ | ਕਾਂਗਰਸ |
17 | 2014 | ਵਿਨੋਦ ਖੰਨਾ | ਭਾਜਪਾ |
18 | 2017 | ਸੁਨੀਲ ਜਾਖੜ | ਕਾਂਗਰਸ |
19 | 2019 | ਸੰਨੀ ਦਿਓਲ | ਭਾਜਪਾ |
ਮੌਜੂਦਾ ਉਮੀਦਵਾਰ
18ਵੀਂ ਲੋਕ ਸਭਾ ਚੋਣਾਂ ਨੂੰ ਲੈ ਕੇ ਗੁਰਦਾਸਪੁਰ ਲੋਕ ਸਭਾ ਸੀਟ ਲਈ ਸਾਰੀਆਂ ਸਿਆਸੀ ਪਾਰਟੀਆਂ ਨੇ ਉਮੀਦਵਾਰ ਐਲਾਨ ਦਿੱਤੇ ਹਨ। ਭਾਜਪਾ ਨੇ ਸੰਨੀ ਦਿਓਲ ਦੀ ਟਿਕਟ ਕੱਟ ਕੇ ਦਿਨੇਸ਼ ਸਿੰਘ ਬੱਬੂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਆਮ ਆਦਮੀ ਪਾਰਟੀ ਨੇ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਜਦਕਿ ਸ਼੍ਰੋਮਣੀ ਅਕਾਲੀ ਦਲ ਨੇ ਦਲਜੀਤ ਸਿੰਘ ਚੀਮਾ ਨੂੰ ਉਮੀਦਵਾਰ ਐਲਾਨਿਆ ਹੈ। ਕਾਂਗਰਸ ਹਾਈ ਕਮਾਂਡ ਨੇ ਸੀਨੀਅਰ ਕਾਂਗਰਸ ਆਗੂ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਉੱਪਰ ਦਾਅ ਖੇਡਿਆ ਹੈ। ਬਸਪਾ ਨੇ ਰਾਜ ਕੁਮਾਰ ਜਨੋਤਰਾ ਨੂੰ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਾਰਿਆ ਹੈ।
ਗੁਰਦਾਸਪੁਰ ਲੋਕ ਸਭਾ ਹਲਕੇ ਵਿੱਚ ਕਿੰਨੇ ਵੋਟਰ
ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਲੋਕ ਸਭਾ ਹਲਕਾ ਗੁਰਦਾਸਪੁਰ ਵਿੱਚ ਕੁੱਲ 16,03,628 ਵੋਟਰ ਹਨ, ਜਿਨ੍ਹਾਂ ਵਿੱਚ 8,48,196 ਪੁਰਸ਼ ਵੋਟਰ, 7,55,396 ਮਹਿਲਾ ਵੋਟਰ ਤੇ 36 ਟਰਾਂਸਜੈਂਡਰ ਵੋਟਰ ਹਨ।