Gurdaspur News: ਕਣਕ ਵੱਢਣ ਨੂੰ ਲੈ ਕੇ ਪੰਚਾਇਤ ਅਤੇ ਕਿਸਾਨ ਯੂਨੀਅਨ ਆਹਮੋ ਸਾਹਮਣੇ, ਕਿਸਾਨਾਂ ਨੇ ਥਾਣਾ ਬਾਹਰ ਲਗਾਇਆ ਧਰਨਾ
Gurdaspur News: ਕਿਸਾਨ ਯੂਨੀਅਨ ਦੇ ਆਗੂਆਂ ਨੇ ਪਿੰਡ ਦੀ ਪੰਚਾਇਤ ਦੇ ਕੁੱਝ ਬੰਦਿਆਂ ਉੱਪਰ ਯੂਨੀਅਨ ਦੇ ਇੱਕ ਆਗੂ ਉੱਪਰ ਹਮਲਾ ਕਰ ਉਸ ਨੂੰ ਜਖਮੀਂ ਕਰਨ ਦੇ ਆਰੋਪ ਲਗਾਏ ਹਨ ਅਤੇ ਥਾਣਾ ਸਦਰ ਦੇ ਬਾਹਰ ਧਰਨਾ ਲਗਾ ਕੇ ਪੰਚਾਇਤ ਉੱਪਰ ਪਰਚਾ ਕਰਨ ਦੀ ਮੰਗ ਕੀਤੀ ਹੈ।
Gurdaspur News(ਅਵਤਾਰ ਸਿੰਘ): ਗੁਰਦਾਸਪੁਰ ਦੇ ਪਿੰਡ ਸਰਾਵਾਂ ਵਿੱਚ ਪੰਚਾਇਤੀ ਜ਼ਮੀਨ ਵਿੱਚੋਂ ਜਬਰੀ ਕਣਕ ਵੱਢਣ ਦੇ ਮਾਮਲੇ ਨੂੰ ਲੈਕੇ ਪਿੰਡ ਦੀ ਪੰਚਾਇਤ ਅਤੇ ਕਿਸਾਨ ਆਹਮੋ ਸਾਹਮਣੇ ਹੋ ਗਏ ਹਨ। ਪਿੰਡ ਦੀ ਪੰਚਾਇਤ ਨੇ ਇਕੱਤਰ ਹੋ ਕੇ ਕਿਸਾਨ ਯੂਨੀਅਨ ਦੇ ਆਗੂਆਂ ਉੱਪਰ ਪੁਲਿਸ 'ਤੇ ਦਬਾਅ ਬਣਾ ਕੇ ਪੰਚਾਇਤ ਉਪਰ ਝੂਠਾ ਪਰਚਾ ਕਰਵਾਉਣ ਦੇ ਆਰੋਪ ਲਗਾਏ ਹਨ। ਦੂਜੇ ਪਾਸੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਪਿੰਡ ਦੀ ਪੰਚਾਇਤ ਦੇ ਕੁੱਝ ਬੰਦਿਆਂ ਉੱਪਰ ਯੂਨੀਅਨ ਦੇ ਇੱਕ ਆਗੂ ਉੱਪਰ ਹਮਲਾ ਕਰ ਉਸ ਨੂੰ ਜਖਮੀਂ ਕਰਨ ਦੇ ਆਰੋਪ ਲਗਾਏ ਹਨ ਅਤੇ ਥਾਣਾ ਸਦਰ ਦੇ ਬਾਹਰ ਧਰਨਾ ਲਗਾ ਕੇ ਪੰਚਾਇਤ ਉੱਪਰ ਪਰਚਾ ਕਰਨ ਦੀ ਮੰਗ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੀ ਪੰਚਾਇਤ ਨੇ ਕਿਹਾ ਕਿ ਪਿੰਡ ਸਰਾਵਾਂ ਦੀ 12 ਏਕੜ ਪੰਚਾਇਤੀ ਜ਼ਮੀਨ ਹਰਪਾਲ ਸਿੰਘ ਦੇ ਕਬਜ਼ੇ ਤੋ ਛੁਡਵਾ ਕੇ ਕਿਸਾਨ ਸਤਨਾਮ ਸਿੰਘ ਨੂੰ ਬੋਲੀ ਕਰਵਾ ਕੇ ਦਿੱਤੀ ਸੀ। ਜਿਸ ਵਿੱਚ ਕਿਸਾਨ ਸਤਨਾਮ ਸਿੰਘ ਨੇ ਕਣਕ ਦੀ ਬਿਜਾਈ ਕੀਤੀ ਹੋਈ ਸੀ ਪਰ ਇੱਕ ਰਾਤ 12 ਵਜੇ ਦੇ ਕਰੀਬ ਹਰਪਾਲ ਸਿੰਘ ਕਿਸਾਨ ਯੂਨੀਅਨ ਦੇ ਮੈਂਬਰਾਂ ਨੂੰ ਨਾਲ ਲੈਕੇ ਜਬਰੀ ਕਣਕ ਵੰਡ ਰਹੇ ਸਨ। ਇਸ ਦੌਰਾਨ ਪੰਚਾਇਤ ਨੇ ਪੁਲਿਸ ਨੂੰ ਫੋਨ ਕਰਕੇ ਮੌਕੇ 'ਤੇ ਬੁਲਾ ਲਿਆ ਅਤੇ ਪੁਲਿਸ ਨੇ ਕੰਬਾਈਨ ਅਤੇ ਇੱਕ ਦਾਣਿਆਂ ਨਾਲ ਭਰੀ ਟਰਾਲੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।
ਇਸ ਦੌਰਾਨ ਭੱਜ ਦੌੜ ਵਿੱਚ ਕਿਸਾਨ ਯੂਨੀਅਨ ਦੇ ਆਗੂ ਕਰਨੈਲ ਸਿੰਘ ਦੇ ਸੱਟ ਲੱਗ ਗਈ ਸੀ। ਪਰ ਕਿਸਾਨ ਯੂਨੀਅਨ ਹੁਣ ਪੁਲਿਸ ਉੱਪਰ ਦਬਾਅ ਬਣਾ ਕੇ ਪੰਚਾਇਤ ਉੱਪਰ ਝੂਠਾ ਪਰਚਾ ਕਰਵਾਉਣਾ ਚਾਹੁੰਦੀ ਹੈ ਅਤੇ ਪੁਲਿਸ ਨੂੰ ਝੂਠ ਦੱਸ ਰਹੀ ਹੈ ਕਿ ਪੰਚਾਇਤ ਦੇ ਮੈਂਬਰਾਂ ਨੇ ਕਿਸਾਨ ਦੇ ਨਾਲ ਕੁੱਟ ਮਾਰ ਕੀਤੀ ਹੈ। ਜਦੋਂਕਿ ਅਜਿਹਾ ਕੁਝ ਨਹੀਂ ਹੈ ਉਹਨਾਂ ਉੱਪਰ ਦਬਾਅ ਬਣਾਇਆ ਜਾ ਰਿਹਾ ਹੈ ਕਿ ਜ਼ਬਰੀ ਫ਼ਸਲ ਵੱਢਣ ਦਾ ਪਰਚਾ ਵਾਪਸ ਲਿਆ ਜਾਵੇ ਨਹੀਂ ਤਾਂ ਉਨ੍ਹਾਂ ਉੱਪਰ ਵੀ ਕੁੱਟਮਾਰ ਦਾ ਝੂਠਾ ਪਰਚਾ ਪਵਾ ਦੇਣਗੇ।
ਕਿਸਾਨ ਯੂਨੀਅਨ ਦੇ ਆਗੂ ਹਰਵਿੰਦਰ ਸਿੰਘ ਮੱਲ੍ਹੀ ਦਾ ਕਹਿਣਾ ਹੈ ਕਿ ਪਿੰਡ ਸਰਾਵਾਂ ਵਿੱਚ ਜੋ ਰਾਤ ਨੂੰ ਜ਼ਬਰੀ ਕਣਕ ਵੱਢੀ ਗਈ ਹੈ। ਉਸ ਮਸਲੇ ਨਾਲ ਉਨ੍ਹਾਂ ਦਾ ਕੋਈ ਲੈਣ ਦੇਣ ਨਹੀਂ ਹੈ। ਕਿਸਾਨ ਹਰਪਾਲ ਸਿੰਘ ਉਨ੍ਹਾਂ ਦੀ ਯੂਨੀਅਨ ਦੀ ਇੱਕ ਇਕਾਈ ਦਾ ਮੈਂਬਰ ਜਰੂਰ ਹੈ ਪਰ ਉਹ ਰਾਤ ਨੂੰ ਕਣਕ ਵਢਾਉਣ ਦੇ ਲਈ ਉਸ ਨਾਲ ਨਹੀਂ ਗਏ। ਉਨ੍ਹਾਂ ਦੱਸਿਆ ਕਿ ਉਸ ਦਿਨ ਸਰਕਾਰੀ ਹਸਪਤਾਲ ਵਿਖੇ ਉਨ੍ਹਾਂ ਦਾ ਇੱਕ ਕਿਸਾਨ ਆਗੂ ਦਾਖਲ ਸੀ ਉਸ ਦਾ ਪਤਾ ਲੈਣ ਲਈ ਕਿਸਾਨ ਯੂਨੀਅਨ ਦੇ ਆਗੂ ਕਰਨੈਲ ਸਿੰਘ ਹਸਪਤਾਲ ਆ ਰਹੇ ਸਨ। ਇਸ ਦੌਰਾਨ ਪਿੰਡ ਦੀ ਪੰਚਾਇਤ ਦੇ ਕੁਝ ਬੰਦਿਆਂ ਨੇ ਕਿਸਾਨ ਆਗੂ ਉੱਪਰ ਹਮਲਾ ਕਰਕੇ ਉਸਨੂੰ ਜ਼ਖਮੀ ਕਰ ਦਿੱਤਾ ਅਤੇ ਝੂਠਾ ਕੇਸ ਬਣਾ ਰਹੇ ਹਨ।
ਕਰਨੈਲ ਸਿੰਘ ਰਾਤ ਨੂੰ ਕਣਕ ਵਢਾਉਣ ਦੇ ਲਈ ਹਰਪਾਲ ਸਿੰਘ ਦੇ ਨਾਲ ਸੀ ਜਦਕਿ ਪੁਲਿਸ ਨੇ ਵੀ ਆਪਣੀ ਐਫਆਈਆਰ ਵਿੱਚ ਕਿਸੇ ਕਿਸਾਨ ਦਾ ਜ਼ਿਕਰ ਨਹੀਂ ਕੀਤਾ।ਇਸ ਲਈ ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਿੰਨਾ ਲੋਕਾਂ ਨੇ ਕਿਸਾਨ ਆਗੂ ਕਰਨੈਲ ਸਿੰਘ ਦੇ ਸੱਟਾਂ ਮਾਰੀਆਂ ਹਨ। ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਥਾਣਾ ਸਦਰ ਦੇ ਐਸਐਚਓ ਅਮਨਦੀਪ ਸਿੰਘ ਨੇ ਦੱਸਿਆ ਕਿ ਕਣਕ ਵੱਢਣ ਵਾਲੇ ਮਾਮਲੇ ਵਿੱਚ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਇੱਕ ਕੰਬਾਈਨ ਅਤੇ ਦਾਣਿਆਂ ਨਾਲ ਭਰੀ ਟਰਾਲੀ ਨੂੰ ਕਬਜ਼ੇ ਵਿੱਚ ਲੈਕੇ ਪੰਚਾਇਤੀ ਜਮੀਨ ਦੇ ਪੁਰਾਣੇ ਕਾਬਜ਼ਕਾਰ ਹਰਪਾਲ ਸਿੰਘ ਸਮੇਤ ਕੁਝ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਪਰ ਉਸ ਮਾਮਲੇ ਵਿੱਚ ਕਿਸਾਨ ਯੂਨੀਅਨ ਦੀ ਸ਼ਮੂਲੀਅਤ ਹੈ ਜਾਂ ਨਹੀਂ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਕਿਸਾਨ ਕਰਨੈਲ ਸਿੰਘ ਨੂੰ ਸੱਟ ਲੱਗੀ ਹੈ ਉਹ ਸੱਟ ਕਿਸ ਤਰ੍ਹਾਂ ਲੱਗੀ ਹੈ ਉਸ ਬਾਰੇ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਕਣਕ ਵੱਢਣ ਵਾਲੇ ਮਾਮਲੇ ਵਿਚ ਕਾਰਵਾਈ ਕੀਤੀ ਜਾ ਚੁੱਕੀ ਹੈ ਅਤੇ ਕਿਸਾਨ ਨੂੰ ਸੱਟ ਲੱਗਣ ਦੇ ਮਾਮਲੇ ਵਿੱਚ ਜਾਂਚ ਜਾਰੀ ਹੈ। ਜੋ ਤੱਥ ਸਾਹਮਣੇ ਆਉਣਗੇ ਉਸਦੇ ਹਿਸਾਬ ਨਾਲ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।