Gurnam Singh Charuni News: ਕੁਰੂਕਸ਼ੇਤਰ ਦੇ ਪਿੱਪਲੀ ਵਿੱਚ ਹੋਣ ਜਾ ਰਹੀ 23 ਨਵੰਬਰ ਦੀ ਕਿਸਾਨਾਂ ਮਜ਼ਦੂਰਾਂ ਦੀ ਰੈਲੀ ਦੇ ਮੱਦੇਨਜ਼ਰ ਅੱਜ ਭਾਰਤੀ ਕਿਸਾਨ ਯੂਨੀਅਨ ਚੜੂਨੀ ਜਥੇਬੰਦੀ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਸੁਲਤਾਨਪੁਰ ਲੋਧੀ ਵਿੱਚ ਇਲਾਕਾ ਭਰ ਦੇ ਕਿਸਾਨਾਂ ਨੂੰ 23 ਤਰੀਕ ਦੀ ਰੈਲੀ ਦੇ ਸਬੰਧ ਵਿੱਚ ਲਾਮਬੰਦ ਕਰਨ ਲਈ ਪੁੱਜੇ।


COMMERCIAL BREAK
SCROLL TO CONTINUE READING

ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੂਰੇ ਦੇਸ਼ ਭਰ ਦੇ ਲੋਕਾਂ ਦਾ ਕਾਰੋਬਾਰ ਚੰਦ ਘਰਾਣੇ ਚੰਦ ਪੂੰਜੀਪਤੀ ਹੜੱਪ ਗਏ ਹਨ, ਜਿਸ ਨਾਲ ਦੇਸ਼ ਦੀ ਆਰਥਿਕਤਾ ਦੇ ਨਾਲ ਗਰੀਬ ਕਿਸਾਨਾਂ, ਮਜ਼ਦੂਰਾਂ ਤੇ ਹੋਰ ਵਰਗ ਦੇ ਲੋਕਾਂ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਫੈਲ ਰਹੀ ਦਿਨ ਭਰ ਦਿਨ ਮੰਦਹਾਲੀ ਦੇ ਕਾਰਨ ਬਹੁਤ ਸਾਰੇ ਕਿਸਾਨ ਤੇ ਮਜ਼ਦੂਰ ਲਗਾਤਾਰ ਖੁਦਕੁਸ਼ੀਆਂ ਕਰ ਰਹੇ ਹਨ।


ਉਨ੍ਹਾਂ ਨੇ ਕਿਹਾ ਕਿ 23 ਨਵੰਬਰ ਦੀ ਹੋਣ ਵਾਲੀ ਰੈਲੀ ਦਾ ਮੁੱਖ ਮਕਸਦ ਕਿਸਾਨਾਂ ਮਜ਼ਦੂਰਾਂ ਦਾ ਸਟੈਂਡ ਸਪੱਸ਼ਟ ਕਰਨਾ ਹੈ ਕਿ ਆਖਰ ਭੀੜ ਪੈਣ ਉਤੇ ਜੇ ਉਨ੍ਹਾਂ ਨੂੰ ਅੰਦੋਲਨ ਵੀ ਕਰਨਾ ਪਵੇ ਤਾਂ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਕਿੰਨੇ ਲੋਕ ਨਾਲ ਮੁਸ਼ਕਿਲ ਵੇਲੇ ਵਿੱਚ ਖੜ੍ਹ ਸਕਦੇ ਹਨ। ਇਸ ਕਾਰਨ ਉਹ ਇਸ ਰੈਲੀ ਦੇ ਸਬੰਧ ਵਿੱਚ ਪੰਜਾਬ ਦੀਆਂ ਵੱਖ-ਵੱਖ ਜਗ੍ਹਾ ਉਤੇ ਜਾ ਕੇ ਕਿਸਾਨਾਂ ਨੂੰ ਲਾਮਬੰਦ ਕਰ ਰਹੇ ਹਨ ਤੇ ਉਨ੍ਹਾਂ ਨੂੰ ਇਸ ਰੈਲੀ ਦਾ ਖੁੱਲੇ ਤੌਰ ਉਤੇ ਸੱਦਾ ਦੇ ਰਹੇ ਹਨ।


ਐਸਵਾਈਐਲ ਦੇ ਮੁੱਦੇ ਉਤੇ ਚੁੱਪੀ ਤੋੜਦਿਆਂ ਹੋਇਆ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਇਹ ਇੱਕ ਸਿਆਸੀ ਮੁੱਦਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਇੱਕ ਖਜ਼ਾਨਾ ਪਿਆ ਹੈ ਅਤੇ ਉਸ ਖਜ਼ਾਨੇ ਨੂੰ ਅਸੀਂ ਬਰਬਾਦ ਕਰ ਰਹੇ ਹਾਂ ਤੇ ਸਿਰਫ਼ ਕੁਝ ਪੈਸਿਆਂ ਪਿੱਛੇ ਲੜ ਰਹੇ ਹਾਂ। ਭਾਵ ਜਿੰਨਾ ਪੈਸਾ ਸਰਕਾਰ ਹਾਈਵੇ ਤੇ ਸੜਕਾਂ ਉਤੇ ਖਰਚ ਰਹੀ ਹੈ। ਜੇਕਰ ਉਨਾ ਹੀ ਪੈਸਾ ਪਾਣੀ ਨੂੰ ਬੰਨ੍ਹਣ ਉਤੇ ਖਰਚ ਲਿਆ ਜਾਵੇ ਤਾਂ ਦੇਸ਼ ਦਾ ਕਿਸਾਨ ਕਦੇ ਵੀ ਆਰਥਿਕ ਮੰਦਹਾਲੀ ਦਾ ਸ਼ਿਕਾਰ ਨਹੀਂ ਹੋਵੇਗਾ।


ਪਰਾਲੀ ਸਾੜਨ ਨੂੰ ਲੈ ਕੇ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਪਰਾਲੀ ਸਾੜਨਾ ਕਿਸਾਨ ਦੀ ਇੱਕ ਮਜਬੂਰੀ ਹੈ ਜਿਸ ਨੂੰ ਕਿ ਸਰਕਾਰ ਨੂੰ ਵੀ ਸਮਝਣਾ ਚਾਹੀਦਾ ਹੈ। ਪਰਚੇ ਕਰਨਾ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੁੰਦਾ। ਸਗੋਂ ਸਰਕਾਰ ਨੂੰ ਇਸ ਉੱਪਰ ਇੱਕ ਵਿਸ਼ੇਸ਼ ਵਿਉਂਤਬੰਦੀ ਬਣਾਉਣੀ ਪਵੇਗੀ ਤੇ ਜਿਸ ਨਾਲ ਕਿਸਾਨ ਵੀ ਪਰਾਲੀ ਨਾਲ ਸਾੜੇ ਅਤੇ ਪਰਾਲੀ ਦਾ ਸਹੀ ਢੰਗ ਦੇ ਨਾਲ ਇਸਤੇਮਾਲ ਕੀਤਾ ਜਾ ਸਕੇ।


ਇਹ ਵੀ ਪੜ੍ਹੋ : Chandigarh-Mohali Cracker Injury: ਚੰਡੀਗੜ੍ਹ-ਮੁਹਾਲੀ 'ਚ ਦੀਵਾਲੀ ਮੌਕੇ ਪਟਾਕੇ ਸਾੜਦੇ ਹੋਏ ਕਈ ਲੋਕ ਹੋਏ ਜ਼ਖ਼ਮੀ


ਸੁਲਤਾਨਪੁਰ ਲੋਧੀ ਤੋਂ ਚੰਦਰ ਮੜੀਆ ਦੀ ਰਿਪੋਰਟ