ਗੁਰਸਿਮਰਨ ਮੰਡ ਹੁਣ ਆਪਣੀ ਸੁਰੱਖਿਆ ਤੋਂ ਪ੍ਰੇਸ਼ਾਨ, ਡੀਜੀਪੀ ਗੌਰਵ ਯਾਦਵ ਨੂੰ ਕੀਤੀ ਸ਼ਿਕਾਇਤ
ਖ਼ਾਲਿਸਤਾਨੀ ਸਮਰਥਕ ਅਤੇ ਅੱਤਵਾਦੀ ਫ਼ਰੰਟ ਦੇ ਪ੍ਰਧਾਨ ਵਲੋਂ ਗੁਰਸਿਮਰਨ ਮੰਡ ਨੂੰ ਆਡੀਓ ਸੰਦੇਸ਼ ਰਾਹੀਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਸ਼ੱਕ ਜਤਾਇਆ ਜਾ ਰਿਹਾ ਸੀ ਕਿ ਗੁਰਸਿਮਰਨ ਮੰਡ ਅਤੇ ਉਸਦੇ ਪੁੱਤਰ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ।
Ludhiana News: ਆਲ ਇੰਡੀਆ ਕਾਂਗਰਸ ਕਮੇਟੀ (ਕਿਸਾਨ ਇਕਾਈ) ਦੇ ਕੌਮੀ ਕੋਆਰਡੀਨੇਟਰ ਗੁਰਸਿਮਰਨ ਸਿੰਘ ਮੰਡ ਸਰਕਾਰ ਵਲੋਂ ਦਿੱਤੀ ਗਈ ਸੁਰੱਖਿਆ ਤੋਂ ਪ੍ਰੇਸ਼ਾਨ ਹੋ ਚੁੱਕੇ ਹਨ। ਜਿਸਦੇ ਚੱਲਦਿਆਂ ਮੰਡ ਨੇ ਬੀਤੀ ਰਾਤ ਗਲੀ ’ਚ ਬੈਠਕੇ ਪ੍ਰਦਰਸ਼ਨ ਕੀਤਾ।
ਮੰਡ ਦਾ ਕਹਿਣਾ ਹੈ ਕਿ ਚੌਂਕੀ ਇੰਚਾਰਜ ਉਸਨੂੰ ਜਾਨੋਂ ਮਾਰਨ ਦੀ ਧਮਕੀ ਦੇ ਰਿਹਾ ਹੈ, ਅਤੇ ਉਸਦੇ ਕਹਿਣ ’ਤੇ ਸੁਰੱਖਿਆ ਕਰਮਚਾਰੀ ਵੀ ਉਸਦੀ ਗੱਲ ਨਹੀਂ ਸੁਣ ਰਹੇ ਹਨ। ਜ਼ਿਕਰਯੋਗ ਹੈ ਕਿ ਮੰਡ ਨੂੰ ਪਿਛਲੇ 2 ਮਹੀਨਿਆਂ ਤੋਂ ਘਰ ’ਚ ਨਜ਼ਰਬੰਦ ਕੀਤਾ ਗਿਆ ਹੈ।
ਦੱਸ ਦੇਈਏ ਕਿ ਪਾਕਿਸਤਾਨੀ ਅੱਤਵਾਦੀਆਂ ਦੁਆਰਾ ਸ਼ਿਵ ਸੈਨਾ ਹਿੰਦ ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ (Nishant Sharma) ਅਤੇ ਸ਼ਿਵ ਸੈਨਾ ਪੰਜਾਬ ਦੇ ਕੌਮੀ ਪ੍ਰਧਾਨ ਸੰਜੀਵ ਘਨੌਲੀ ਨੂੰ ਖੁੱਲ੍ਹੇਆਮ ਧਮਕੀਆਂ ਦਿੱਤੀਆਂ ਗਈਆਂ ਸਨ। ਮਲੇਸ਼ੀਆ ਤੋਂ ਖ਼ਾਲਿਸਤਾਨੀ ਸਮਰਥਕ ਅਤੇ ਅੱਤਵਾਦੀ ਫ਼ਰੰਟ ਦੇ ਪ੍ਰਧਾਨ ਵਲੋਂ ਗੁਰਸਿਮਰਨ ਮੰਡ (Gursimran Mand) ਨੂੰ ਆਡੀਓ ਸੰਦੇਸ਼ (Audio Messege) ਰਾਹੀਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਸ਼ੱਕ ਜਤਾਇਆ ਜਾ ਰਿਹਾ ਸੀ ਕਿ ਗੁਰਸਿਮਰਨ ਮੰਡ ਅਤੇ ਉਸਦੇ ਪੁੱਤਰ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ, ਜਿਸ ਦੇ ਚੱਲਦਿਆਂ ਪੁਲਿਸ ਦੁਆਰਾ ਪਿਓ-ਪੁੱਤਰ ਨੂੰ ਥ੍ਰੀ-ਲੇਅਰ ਸੁਰੱਖਿਆ ਦਿੱਤੀ ਗਈ ਹੈ।
ਕਾਂਗਰਸੀ ਆਗੂ ਗੁਰਸਿਮਰਨ ਮੰਡ ਦੇ ਘਰ ਬਾਹਰ ਗਲੀ ’ਚ ਰੇਤੇ ਦੀਆਂ ਬੋਰੀਆਂ ਦੇ ਵੱਡੇ-ਵੱਡੇ ਬੰਕਰ ਬਣਾਏ ਗਏ ਸਨ ਅਤੇ ਘਰ ਦੇ ਬਾਹਰ ਹਥਿਆਰਾਂ ਨਾਲ ਲੈਸ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਕਰ ਦਿੱਤੀ ਗਈ ਸੀ। ਪੁਲਿਸ ਵਲੋਂ ਉਸਨੂੰ ਅਤੇ ਉਸਦੇ ਪੁੱਤਰ ਨੂੰ ਬਿਨਾ ਇਜਾਜ਼ਤ ਤੋਂ ਕਿਤੇ ਵੀ ਬਾਹਰ ਨਹੀਂ ਜਾਣ ਦਿੱਤਾ ਜਾਂਦਾ ਸੀ ਅਤੇ ਸੀਨੀਅਰ ਅਧਿਕਾਰੀ ਵੀ ਰੋਜ਼ਾਨਾ ਉਨ੍ਹਾਂ ਦੇ ਘਰ ਚੈਕਿੰਗ ਲਈ ਆਉਂਦੇ ਸਨ।
ਹੁਣ ਗੁਰਸਿਮਰਨ ਮੰਡ ਆਪਣੀ ਸੁਰੱਖਿਆ ਤੋਂ ਪ੍ਰੇਸ਼ਾਨ ਆ ਚੁੱਕੇ ਹਨ, ਉਨ੍ਹਾਂ ਦਾ ਇਲਜ਼ਾਮ ਹੈ ਕਿ ਚੌਂਕੀ ਇੰਚਾਰਜ ਗੁਰਮੀਤ ਸਿੰਘ ਦੋਗਲੀ ਨੀਤੀ ਅਪਣਾ ਰਿਹਾ ਹੈ। ਘਰ ਅੰਦਰ ਉਨ੍ਹਾਂ ਨੂੰ ਕੁਝ ਹੋਰ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਬਾਹਰ ਸੁਰੱਖਿਆ ਮੁਲਾਜ਼ਮਾਂ ਨੂੰ ਕੁਝ ਹੋਰ ਨਿਰਦੇਸ਼ ਦਿੱਤੇ ਜਾਂਦੇ ਹਨ। ਇਸ ਮਾਮਲੇ ਦੀ ਸ਼ਿਕਾਇਤ ਉਨ੍ਹਾਂ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ (Gaurav Yadav) ਨੂੰ ਕਰਦਿਆਂ ਮੰਗ ਕੀਤੀ ਹੈ ਕਿ ਪਿਓ-ਪੁੱਤ ਦੀ ਸੁਰੱਖਿਆ ਵਾਪਸ ਲੈ ਲਈ ਜਾਵੇ।
ਜ਼ਿਕਰਯੋਗ ਹੈ ਕਿ ਗੁਰਸਿਮਰਨ ਮੰਡ ਉਸ ਵੇਲੇ ਪਹਿਲੀ ਵਾਰ ਸੁਰਖੀਆਂ ’ਚ ਆਇਆ ਸੀ, ਜਦੋਂ ਕੁਝ ਅਕਾਲੀ ਆਗੂਆਂ ਨੇ ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ ’ਚ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ ’ਤੇ ਕਾਲਖ਼ ਮਲ਼ ਦਿੱਤੀ ਸੀ। ਇਸ ਤੋਂ ਬਾਅਦ ਗੁਰਸਿਮਰਨ ਮੰਡ ਮੌਕੇ ’ਤੇ ਪਹੁੰਚੇ ਅਤੇ ਆਪਣੇ ਸਿਰ ’ਤੇ ਬੰਨ੍ਹੀ ਪੱਗ ਨਾਲ ਰਾਜੀਵ ਗਾਂਧੀ ਦੇ ਬੁੱਤ ਨੂੰ ਸਾਫ਼ ਕਰਨਾ ਸ਼ੁਰੂ ਕਰ ਦਿੱਤਾ ਸੀ।
ਇਹ ਵੀ ਪੜ੍ਹੋ: ਸਰਕਾਰੀ ਮੁਲਾਜ਼ਮ ਤੋਂ ਜ਼ਬਰੀ ਡੇਢ ਲੱਖ ਵਸੂਲਣ ਵਾਲੇ 3 ਵਿਅਕਤੀ ਚੜ੍ਹੇ ਵਿਜੀਲੈਂਸ ਦੇ ਹੱਥੇ, ਇੱਕ ਪੱਤਰਕਾਰ ਵੀ ਸ਼ਾਮਲ