Punjabi News: ਪੰਜਾਬ ਸਰਕਾਰ ਵੱਲੋਂ ਹਰਗੋਬਿੰਦ ਕੌਰ ਦੀਆਂ ਬਤੌਰ ਆਂਗਣਵਾੜੀ ਵਰਕਰ ਸੇਵਾਵਾਂ ਖ਼ਤਮ ਕੀਤੀਆਂ
Punjabi News: ਹਰਗੋਬਿੰਦ ਕੌਰ ਨੇ ਜਿਥੇ ਪੰਜਾਬ ਸਰਕਾਰ ਦੇ ਖਿਲਾਫ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਏ ਨਾ ਦੇਣ ਦਾ ਮੁੱਦਾ ਚੁੱਕਿਆ , ਉਥੇ ਹੀ ਆਟੇ ਦਾਲ ਵਾਲੇ 11 ਲੱਖ ਰਾਸ਼ਨ ਕਾਰਡਾਂ ਅਤੇ ਗਰੀਬ ਲੋਕਾਂ ਨੂੰ ਬਿਜਲੀ ਦੇ ਵੱਧ ਆ ਰਹੇ ਬਿੱਲਾਂ ਦਾ ਮਾਮਲਾ ਉਠਾ ਕੇ ਸਰਕਾਰ ਨੂੰ ਘੇਰਿਆ।
Punjabi News: ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਅਧੀਨ ਪਿੰਡ ਚੱਕ ਕਾਲਾ ਸਿੰਘ ਵਾਲਾ ਦੇ ਆਂਗਣਵਾੜੀ ਸੈਂਟਰ ਵਿੱਚ ਬਤੌਰ ਆਂਗਣਵਾੜੀ ਵਰਕਰ 34 ਸਾਲ ਬੇਦਾਗ ਸੇਵਾਵਾਂ ਦੇਣ ਵਾਲੀ ਆਂਗਣਵਾੜੀ ਵਰਕਰ ਹਰਗੋਬਿੰਦ ਕੌਰ ਜੋ ਆਂਗਣਵਾੜੀ ਇੰਪਲਾਈਜ ਫੈਡਰੇਸ਼ਨ ਆਫ ਇੰਡੀਆ ਦੇ ਕੌਮੀ ਪ੍ਰਧਾਨ ਅਤੇ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਹਨ ਨੂੰ ਸਬੰਧਿਤ ਮਹਿਕਮੇ ਵੱਲੋਂ ਉਹਨਾਂ ਦੀਆਂ ਸੇਵਾਵਾਂ ਖ਼ਤਮ ਕਰਨ ਚਿੱਠੀ ਭੇਜੀ ਗਈ ਹੈ।
ਡਾਇਰੈਕਟਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਪੱਤਰ ਨੰਬਰ ਆਈ ਸੀ ਡੀ ਐਸ 2023/1996-2163 ਤਹਿਤ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਦੇ ਦਸਤਖਤਾਂ ਹੇਠ ਇਹ ਚਿੱਠੀ ਭੇਜੀ ਗਈ ਹੈ । ਮਹਿਕਮੇ ਵੱਲੋਂ ਦੋਸ਼ ਇਹ ਲਗਾਇਆ ਗਿਆ ਹੈ ਕਿ ਹਰਗੋਬਿੰਦ ਕੌਰ ਨੇ ਛੁੱਟੀਆਂ ਵੱਧ ਲਈਆਂ ਹਨ ਜਿਸ ਕਰਕੇ ਆਂਗਣਵਾੜੀ ਸੈਂਟਰ ਦਾ ਕੰਮ ਪ੍ਰਭਾਵਿਤ ਹੋਇਆ ਹੈ।
ਅਸਲ ਵਿੱਚ ਸਚਿਆਈ ਇਹ ਹੈ ਕਿ ਪੰਜਾਬ ਸਰਕਾਰ ਬੇਹੱਦ ਬੁਖਲਾਹਟ ਵਿੱਚ ਆਈ ਹੋਈ ਹੈ । ਕਿਉਂਕਿ ਹਰਗੋਬਿੰਦ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸਤਰੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਬਣਾ ਦਿੱਤਾ ਗਿਆ ਸੀ । ਪਹਿਲਾਂ ਉਹ ਦੇਸ਼ ਭਰ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਮੁੱਦੇ ਅਤੇ ਉਹਨਾਂ ਦੇ ਹੱਕਾਂ ਦੀ ਗੱਲ ਕਰਦੇ ਸਨ ਤੇ ਅਕਾਲੀ ਦਲ ਵਿੱਚ ਆਉਣ ਨਾਲ ਉਹਨਾਂ ਨਾਲ ਕਰੋੜਾਂ ਔਰਤਾਂ ਹੋਰ ਵੀ ਜੁੜ ਗਈਆਂ ਹਨ ।
ਹਰਗੋਬਿੰਦ ਕੌਰ ਨੇ ਜਿਥੇ ਪੰਜਾਬ ਸਰਕਾਰ ਦੇ ਖਿਲਾਫ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਏ ਨਾ ਦੇਣ ਦਾ ਮੁੱਦਾ ਚੁੱਕਿਆ , ਉਥੇ ਹੀ ਆਟੇ ਦਾਲ ਵਾਲੇ 11 ਲੱਖ ਰਾਸ਼ਨ ਕਾਰਡਾਂ ਅਤੇ ਗਰੀਬ ਲੋਕਾਂ ਨੂੰ ਬਿਜਲੀ ਦੇ ਵੱਧ ਆ ਰਹੇ ਬਿੱਲਾਂ ਦਾ ਮਾਮਲਾ ਉਠਾ ਕੇ ਸਰਕਾਰ ਨੂੰ ਘੇਰਿਆ। ਇਸ ਤੋਂ ਇਲਾਵਾ ਉਹ ਔਰਤ ਤੇ ਬਾਲ ਭਲਾਈ ਸੰਸਥਾ ਪੰਜਾਬ ਦੇ ਚੇਅਰਪਰਸਨ ਵੀ ਹਨ ਤੇ ਪੀੜਤ ਔਰਤਾਂ ਨੂੰ ਨਿਆ ਦਿਵਾਉਣ ਲਈ ਉਹਨਾਂ ਦੇ ਨਾਲ ਸਰਕਾਰ ਅਤੇ ਪ੍ਰਸ਼ਾਸਨ ਨਾਲ ਲੜਾਈ ਲੜਦੇ ਹਨ । ਇਸੇ ਕਰਕੇ ਸਰਕਾਰ ਉਹਨਾਂ ਦੇ ਖ਼ਿਲਾਫ਼ ਹੋ ਗਈ ਤੇ ਪਿਛਲੇ ਕਈ ਮਹੀਨਿਆਂ ਤੋਂ ਉਹਨਾਂ ਦੇ ਖ਼ਿਲਾਫ਼ ਨੌਕਰੀ ਤੋਂ ਕੱਢਣ ਲਈ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਸਨ।
ਇਸੇ ਦੌਰਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਮੇਰੀਆਂ ਸੇਵਾਵਾਂ ਖਤਮ ਕਰਕੇ ਪੰਜਾਬ ਸਰਕਾਰ ਨੇ ਆਪਣੀ ਹਾਰ ਕਬੂਲੀ ਹੈ। ਉਹਨਾਂ ਕਿਹਾ ਕਿ ਆਂਗਣਵਾੜੀ ਵਰਕਰ ਬਿਨਾਂ ਤਨਖਾਹ ਤੋਂ ਛੁੱਟੀ ਨਹੀਂ ਲੈ ਸਕਦੀ ਇਸ ਦਾ ਲੈਟਰ ਮਈ 2024 ਵਿੱਚ ਜਾਰੀ ਕੀਤਾ ਹੈ। ਜਦ ਕਿ ਛੁੱਟੀਆਂ ਮੈਂ 2023 ਵਿੱਚ ਲਈਆਂ ਸਨ। ਉਦੋਂ ਤੱਕ ਸਰਕਾਰ ਵੱਲੋਂ ਕੋਈ ਪੱਤਰ ਨਹੀਂ ਆਇਆ ਸੀ। ਪਿਛਲੇਂ 30 ਸਾਲ ਤੋਂ ਜਦੋਂ ਤੋਂ ਮੈਂ ਯੂਨੀਅਨ ਵਿੱਚ ਕੰਮ ਕਰ ਰਹੀ ਆ ਮੈਂ ਹਰ ਸਾਲ 20 ਤੋਂ ਉੱਪਰ ਛੁੱਟੀਆਂ ਲੈਂਦੀ ਰਹੀ ਹਾਂ ਜਿੱਥੋਂ ਤੱਕ ਰਾਜਨੀਤਿਕ ਗਤੀਵਿਧੀਆਂ ਵਿੱਚ ਭਾਗ ਲੈਣ ਦਾ ਸਬੰਧ ਹੈ ਆਂਗਣਵਾੜੀ ਵਰਕਰ ਇੱਕ ਸੋਸ਼ਲ ਵਰਕਰ ਹੈ ਅਤੇ ਉਸਨੂੰ ਚੋਣ ਲੜਨ ਦਾ ਅਧਿਕਾਰ ਹੈ।
ਜਿਸ ਕਰਕੇ ਉਹ ਰਾਜਨੀਤਿਕ ਗਤੀਵਿਧੀਆਂ ਵਿੱਚ ਭਾਗ ਲੈ ਸਕਦੀ ਹੈ। ਇਹ ਬੇਬੁਨਿਆਦ ਇਲਜ਼ਾਮ ਲਾ ਕੇ ਮੇਰੀਆਂ ਸੇਵਾਵਾਂ ਖਤਮ ਕੀਤੀਆਂ ਗਈਆਂ ਹਨ। ਜਿਨਾਂ ਦਾ ਮੈਂ ਜੋਰਦਾਰ ਵਿਰੋਧ ਕਰਦੀ ਹਾਂ। ਉਹਨਾਂ ਕਿਹਾ ਕਿ ਸਰਕਾਰ ਨੇ ਪਹਿਲਾਂ ਇੱਕ ਕਮੇਟੀ ਬਿਠਾ ਕੇ ਮੇਰਾ ਸਾਰਾ ਕੰਮ ਚੈੱਕ ਕੀਤਾ। ਜਿਸ ਵਿੱਚ ਕੋਈ ਨੁਕਸ ਨਹੀਂ ਪਾਇਆ ਗਿਆ । ਫਿਰ ਬਿਨਾਂ ਵਜਹਾ ਦਾ ਅਧਾਰ ਬਣਾ ਕੇ ਮੈਨੂੰ ਨੌਕਰੀ ਤੋਂ ਬਾਹਰ ਕੀਤਾ ਗਿਆ। ਇਸੇ ਨੂੰ ਹੀ ਬਦਲਾਅ ਆਖਦੇ ਹਨ।
ਇਹ ਸਰਕਾਰ ਆਪਣਾ ਵਿਰੋਧ ਬਿਲਕੁਲ ਵੀ ਬਰਦਾਸ਼ਤ ਨਹੀਂ ਕਰ ਸਕਦੀ। ਹਾਲਾਂਕਿ ਪਿਛਲੀਆਂ ਸਰਕਾਰਾਂ ਦੇ ਖਿਲਾਫ ਮੈਂ ਬੇਹੱਦ ਸੰਘਰਸ਼ ਕੀਤਾ, ਜੇਲਾਂ ਕੱਟੀਆਂ ਅਤੇ ਮਰਨ ਵਰਤ ਰੱਖੇ । ਪਰ ਇਸ ਤਰ੍ਹਾਂ ਦਾ ਵਤੀਰਾ ਕਿਸੇ ਵੀ ਸਰਕਾਰ ਵੱਲੋਂ ਨਹੀਂ ਕੀਤਾ ਗਿਆ ।