Amritsar News: ਭਾਰਤ ਤੇ ਕੈਨੇਡਾ ਇੱਕ-ਦੂਜੇ `ਤੇ ਦੋਸ਼ ਮੜ੍ਹਨ ਦੀ ਬਜਾਏ ਸੰਜੀਦਗੀ ਨਾਲ ਕਰਨ ਮਸਲਾ ਹੱਲ-ਐਡਵੋਕੇਟ ਧਾਮੀ
Amritsar News:ਸਿੱਖ ਕੌਮ ਨੇ ਕਈ ਦਰਦਨਾਕ ਸਮੇਂ ਵੀ ਹੰਢਾਏ ਹਨ, ਜਿਸ ਵਿਚ ਜੂਨ 1984 ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਫ਼ੌਜੀ ਹਮਲਾ, 1984 ਦਾ ਸਿੱਖ ਕਤਲੇਆਮ ਅਤੇ ਇਕ ਦਹਾਕਾ ਸਿੱਖ ਨੌਜੁਆਨੀ ਦਾ ਘਾਣ ਸ਼ਾਮਲ ਹੈ।
Amritsar News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਅਤੇ ਕੈਨੇਡਾ ਦੇ ਆਪਸੀ ਕੂਟਨੀਤਕ ਸਬੰਧਾਂ ਵਿਚ ਖਟਾਸ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਇਸ ਨੂੰ ਸੰਜੀਦਾ ਵਿਚਾਰ ਦੇ ਏਜੰਡੇ ’ਤੇ ਲਿਆਉਣਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਅੱਜ ਪੂਰੀ ਦੁਨੀਆਂ ਅੰਦਰ ਸਿੱਖ ਵੱਸੇ ਹੋਏ ਹਨ, ਜਿਨ੍ਹਾਂ ਦੇ ਮਾਨਵੀ ਸਰੋਕਾਰਾਂ ਦੇ ਨਾਲ-ਨਾਲ ਧਾਰਮਿਕ ਸਰੋਕਾਰ ਵੀ ਅਹਿਮ ਹਨ।
ਸਿੱਖ ਕੌਮ ਨੇ ਕਈ ਦਰਦਨਾਕ ਸਮੇਂ ਵੀ ਹੰਢਾਏ ਹਨ, ਜਿਸ ਵਿਚ ਜੂਨ 1984 ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਫ਼ੌਜੀ ਹਮਲਾ, 1984 ਦਾ ਸਿੱਖ ਕਤਲੇਆਮ ਅਤੇ ਇਕ ਦਹਾਕਾ ਸਿੱਖ ਨੌਜੁਆਨੀ ਦਾ ਘਾਣ ਸ਼ਾਮਲ ਹੈ। ਇਹ ਸਿੱਖ ਕੌਮ ਦਾ ਉਹ ਦਰਦ ਹੈ, ਜਿਸ ਨੂੰ ਦੁਨੀਆਂ ਵਿਚ ਬੈਠੇ ਸਿੱਖ ਕਦੇ ਵੀ ਭੁੱਲ ਨਹੀਂ ਸਕਦੇ। ਅੱਜ ਵੀ ਕਈ ਦੇਸ਼ਾਂ ਵਿਚ ਰਹਿੰਦੇ ਸਿੱਖਾਂ ਨੂੰ ਆਪਣੀ ਜਨਮ ਭੂਮੀ ਅਤੇ ਗੁਰੂਆਂ ਦੇ ਪਾਵਨ ਅਸਥਾਨ ’ਤੇ ਆ ਕੇ ਨਤਮਸਤਕ ਹੋਣ ਤੋਂ ਵੀ ਵਾਂਝੇ ਰੱਖਿਆ ਗਿਆ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਕਿਹਾ ਕਿ ਕੈਨੇਡਾ ਵਿਚ ਸਿੱਖ ਨੌਜਵਾਨ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿਚ ਉਥੋਂ ਦੀ ਸਰਕਾਰ ਵੱਲੋਂ ਭਾਰਤ ਦੇ ਇਕ ਵੱਡੇ ਕੂਟਨੀਤਕ ਅਧਿਕਾਰੀ ’ਤੇ ਲੱਗੇ ਦੋਸ਼ਾਂ ਮਗਰੋਂ ਉਸ ਨੂੰ ਦੇਸ਼ ’ਚੋਂ ਹਟਾਉਣਾ ਕਈ ਸਵਾਲ ਪੈਦਾ ਕਰਦਾ ਹੈ। ਇਸ ਦੇ ਪ੍ਰਤੀਕਰਮ ਵਜੋਂ ਭਾਵੇਂ ਭਾਰਤ ਵੱਲੋਂ ਦੋਸ਼ਾਂ ਦਾ ਖੰਡਨ ਕਰਦਿਆਂ ਕੈਨੇਡਾ ਦੇ ਕੂਨਟੀਤਕ ਅਧਿਕਾਰੀ ਨੂੰ ਵੀ ਹਟਾ ਦਿੱਤਾ ਗਿਆ ਹੈ, ਪਰ ਇਹ ਮਾਮਲਾ ਬੇਹੱਦ ਸੰਜੀਦਾ ਅਤੇ ਸਿੱਧੇ ਤੌਰ ’ਤੇ ਸਿੱਖਾਂ ਨਾਲ ਜੁੜਿਆ ਹੋਣ ਕਰਕੇ ਗਲੋਬਲ ਪੱਧਰ ’ਤੇ ਸਿੱਖਾਂ ਨੂੰ ਪ੍ਰਭਾਵਿਤ ਕਰਨ ਵਾਲਾ ਹੈ।
ਇਹ ਵੀ ਪੜ੍ਹੋ: Hardeep Singh Nijjar: ਜਾਣੋ ਕੌਣ ਹੈ ਹਰਦੀਪ ਸਿੰਘ ਨਿੱਜਰ? ਜਿਸ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਾਲੇ ਖੜਕੀ
ਉਨ੍ਹਾਂ ਕਿਹਾ ਕਿ ਸਿੱਖਾਂ ਨੇ ਦੇਸ਼ ਦੇ ਨਾਲ-ਨਾਲ ਪੂਰੀ ਦੁਨੀਆਂ ਅੰਦਰ ਆਪਣੀ ਹੋਂਦ ਹਸਤੀ ਨੂੰ ਆਪਣੇ ਕਿਰਤੀ ਸੁਭਾਅ ਅਤੇ ਬੌਧਿਕ ਮਜ਼ਬੂਤੀ ਨਾਲ ਹਮੇਸ਼ਾ ਬੁਲੰਦ ਰੱਖਿਆ ਹੈ, ਪਰੰਤੂ ਇਸ ਦੇ ਬਾਵਜੂਦ ਵੀ ਸਿੱਖਾਂ ਨੂੰ ਹੱਕ ਹਕੂਕਾਂ ਲਈ ਹਮੇਸ਼ਾ ਹੀ ਸੰਘਰਸ਼ਸ਼ੀਲ ਰਹਿਣਾ ਪੈਂਦਾ ਹੈ। ਦੇਸ਼ ਦੀ ਸਰਕਾਰ ਦੀ ਜ਼ੁੰਮੇਵਾਰੀ ਹੈ ਕਿ ਉਹ ਦੇਸ਼ ਵਿਦੇਸ਼ ਦੇ ਸਿੱਖਾਂ ਨਾਲ ਸਬੰਧਤ ਅਜਿਹੇ ਮਾਮਲਿਆਂ ਸਬੰਧੀ ਇਕ ਸੁਹਿਰਦ ਪਹੁੰਚ ਅਪਣਾਵੇ ਅਤੇ ਸਿੱਖਾਂ ਅੰਦਰ ਬੇਵਿਸ਼ਵਾਸੀ ਵਾਲਾ ਮਾਹੌਲ ਨਾ ਬਣਨ ਦੇਵੇ।
ਐਡਵੋਕੇਟ ਧਾਮੀ ਨੇ ਭਾਰਤ ਅੰਦਰ ਸਿੱਖਾਂ ਦੇ ਮਸਲਿਆਂ ਦੇ ਸਰਲੀਕਰਨ ਦੇ ਨਾਲ-ਨਾਲ ਵਿਦੇਸ਼ਾਂ ਵਿਚ ਰਹਿ ਰਹੇ ਸਿੱਖ ਭਾਈਚਾਰੇ ਦੀਆਂ ਮੁਸ਼ਕਲਾਂ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝ ਕੇ ਇਕ ਢੁੱਕਵੇਂ ਅਤੇ ਸਾਰਥਿਕ ਹੱਲ ਵੱਲ ਵਧਣ ਦੀ ਭਾਰਤ ਸਰਕਾਰ ਨੂੰ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅੱਜ ਪੂਰੀ ਦੁਨੀਆਂ ਵਿਚ ਸਿੱਖਾਂ ਦੀ ਹੋਂਦ ਨੂੰ ਵੇਖਦਿਆਂ ਕੈਨੇਡਾ ਅਤੇ ਭਾਰਤ ਦੋਹਾਂ ਦੇਸ਼ਾਂ ਨੂੰ ਸਿਰ ਜੋੜਨ ਦੀ ਲੋੜ ਹੈ, ਤਾਂ ਜੋ ਦੋਸ਼ ਪ੍ਰਤੀਦੋਸ਼ ਦੀ ਸਥਿਤੀ ਵਿਚ ਅਸਲੀਅਤ ਸਾਹਮਣੇ ਆ ਸਕੇ ਅਤੇ ਦੋਹਾਂ ਦੇਸ਼ਾਂ ਦੇ ਰਿਸ਼ਤੇ ਵੀ ਠੀਕ ਬਣੇ ਰਹਿਣ।
ਇਹ ਵੀ ਪੜ੍ਹੋ: Ludhiana Murder News: ਲੁਧਿਆਣਾ 'ਚ ਰੇਲਵੇ ਪੁਆਇੰਟ 'ਤੇ ਵਿਅਕਤੀ ਦਾ ਕਤਲ, ਜਾਣੋ ਪੂਰਾ ਮਾਮਲਾ