COMMERCIAL BREAK
SCROLL TO CONTINUE READING

Aap On Bjp:  2024 ਦੀਆਂ ਆਮ ਚੋਣਾਂ ਨੇੜੇ ਆ ਰਹੀਆਂ ਹਨ ਅਤੇ ਸਾਰੀਆਂ ਪਾਰਟੀਆਂ ਵੱਲੋਂ ਸੱਤਾ ਹਾਸਲ ਕਰਨ ਤਿਆਰੀ ਆਰੰਭ ਦਿੱਤੀ ਹਨ। ਇਸੇ ਵਿਚਾਲੇ ਸੱਤਾ ਧਿਰ ਨੂੰ ਹਰਾਉਣ ਲਈ ਵਿਰੋਧੀ ਪਾਰਟੀਆਂ ਨੇ ਇੰਡੀਆ ਗਠਜੋੜ ਬਣਾਇਆ ਹੈ। ਜਿਸ ਵਿੱਚ ਸਾਰੀਆਂ ਵਿਰੋਧੀ ਪਾਰਟੀਆਂ ਵੱਖ-ਵੱਖ ਸੂਬਾਂ ਵਿੱਚ ਇੱਕਠੀਆਂ ਹੋਕੇ ਚੋਣ ਲੜ ਰਹੀਆਂ ਹਨ। ਇਸੇ ਵਿਚਾਲੇ ਆਮ ਆਦਮੀ ਪਾਰਟੀ ਦਾਅਵਾ ਕਰ ਰਹੀ ਹੈ ਕਿ ਕੇਂਦਰ ਵਿੱਚ ਮੌਜੂਦ ਬੀਜੇਪੀ ਸਾਨੂੰ ਇੰਡੀਆ ਗੱਠਜੋੜ ਤੋਂ ਦੂਰ ਹੋਣ ਦੇ ਲਈ ਦਬਾਅ ਬਣਾਇਆ ਜਾ ਰਿਹਾ ਹੈ। 


ਚੰਡੀਗੜ੍ਹ ਵਿੱਚ ਕੈਬਨਿਟ ਮੰਤਰੀ ਹਰਪਾਲ ਚੀਮਾ ਅਤੇ ਗਗਨ ਅਨਮੋਲ ਮਾਨ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕੀਤੀ। ਹਰਪਾਲ ਚੀਮਾ ਨੇ ਕਿਹਾ ਕਿ ਭਾਜਪਾ ਨੂੰ ਇਨ੍ਹਾਂ ਚੋਣਾਂ ਵਿੱਚ ਇੰਡੀਆ ਗਠਜੋੜ ਹੱਥੋਂ ਆਪਣੀ ਹਾਰ ਦੇਖ ਸਕਦੀ ਹੈ। ਕਿਉਂਕਿ ਪਿਛਲੇ 10 ਸਾਲਾਂ ਤੋਂ ਕੇਂਦਰ ਵਿੱਚ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ  ਹਰ ਮੁੱਦੇ 'ਤੇ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ। ਭ੍ਰਿਸ਼ਟਾਚਾਰ, ਮਹਿੰਗਾਈ ਅਤੇ ਬੇਰੁਜ਼ਗਾਰੀ ਨਿੱਤ ਨਵੀਆਂ ਉਚਾਈਆਂ ਨੂੰ ਛੂਹ ਰਹੀ ਹੈ। ਉਹ ਹਰ ਸਾਲ 2 ਕਰੋੜ ਨੌਕਰੀਆਂ ਦੇਣ ‘ਚ ਨਾਕਾਮ ਰਹੇ, ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਬਜਾਏ ਜਿਵੇਂ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ, ਉਨ੍ਹਾਂ ਨੇ ਕਿਸਾਨਾਂ ਨੂੰ ਆਪਣੇ ਬੁਨਿਆਦੀ ਹੱਕਾਂ ਲਈ ਅੰਦੋਲਨ ਕਰਨ ਲਈ ਮਜਬੂਰ ਕੀਤਾ। ਲੋਕ ਭਾਜਪਾ ਖਿਲਾਫ ਗੁੱਸੇ ਨਾਲ ਭਰੇ ਹੋਏ ਹਨ ਅਤੇ ਉਨ੍ਹਾਂ ਨੂੰ ਹਰਾਉਣ ਲਈ ਇਕਜੁੱਟ ਹੋ ਰਹੇ ਹਨ। ਇਸੇ ਕਰਕੇ ਭਾਜਪਾ ਇੰਡੀਆ ਗਠਜੋੜ ਤੋਂ ਡਰ ਰਹੀ ਹੈ।


ਚੀਮਾ ਨੇ ਅੱਗੇ ਕਿਹਾ ਕਿ ‘ਆਪ’ ਆਗੂਆਂ ਨੂੰ ਭਾਜਪਾ ਵੱਲੋਂ ਧਮਕੀ ਭਰੇ ਫ਼ੋਨ ਆ ਰਹੇ ਹਨ ਕਿ ਜੇਕਰ ਅਸੀਂ ਇੰਡੀਆ ਗਠਜੋੜ ਨਾ ਛੱਡਿਆ ਤਾਂ ਉਹ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰ ਲੈਣਗੇ। ਹੁਣ ਤੱਕ ਅਰਵਿੰਦ ਕੇਜਰੀਵਾਲ ਨੂੰ ਈਡੀ ਤੋਂ 7 ਸੰਮਨ ਮਿਲ ਚੁੱਕੇ ਹਨ। ਉਹ ਸਾਨੂੰ ਇੰਡੀਆ ਗਠਜੋੜ ਤੋਂ ਬਾਹਰ ਕੱਢਣ ਲਈ ਜਲਦੀ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦੀ ਯੋਜਨਾ ਬਣਾ ਰਹੇ ਹਨ।


ਚੀਮਾ ਨੇ ਕਿਹਾ ਕਿ ਸੀਬੀਆਈ ਅਤੇ ਈਡੀ ਵੱਲੋਂ ਕਈ ਛਾਪੇ ਸਾਡੇ ਆਗੂ ਦੇ ਘਰਾਂ ਅਤੇ ਦਫ਼ਤਰਾਂ ਵਿੱਚ ਮਾਰੇ ਗਏ ਪਰ ਉਨ੍ਹਾਂ ਨੂੰ ਇੱਕ ਪੈਸਾ ਵੀ ਨਹੀਂ ਮਿਲਿਆ। ਕਿਉਂਕਿ ਸਾਡੇ ਆਗੂਆਂ ਨੇ ਕੋਈ ਘਪਲਾ ਕੀਤਾ ਹੀ ਨਹੀਂ, ਇਹ ਸਾਰੇ ਕੇਸ ਝੂਠੇ ਹਨ ਅਤੇ ਆਮ ਆਦਮੀ ਪਾਰਟੀ ਨੂੰ ਰੋਕਣ ਲਈ ਦਰਜ ਕੀਤੇ ਹਨ। ਸਾਡੀ ਪਾਰਟੀ ਇੱਕ ਆਦਰਸ਼ਵਾਦੀ ਪਾਰਟੀ ਹੈ,  ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਡਾਕਟਰ ਭੀਮ ਰਾਓ ਅੰਬੇਡਕਰ ਸਾਡੇ ਆਦਰਸ਼ ਹਨ। ਅਸੀਂ ਡਰਨ ਵਾਲੇ ਨਹੀਂ ਹਾਂ,ਭਾਜਪਾ ਵੱਲੋਂ ਖੜ੍ਹੀ ਹਰ ਰੁਕਾਵਟ ਦਾ ਡੱਟ ਕੇ ਮੁਕਾਬਲਾ ਕਰਾਂਗੇ। ਅਰਵਿੰਦ ਕੇਜਰੀਵਾਲ ਇੱਕ ਇਮਾਨਦਾਰ ਨੇਤਾ ਹਨ। ਉਨ੍ਹਾਂ ਨੇ ਭਾਰਤੀ ਰਾਜਨੀਤੀ ਦੀ ਦਿਸ਼ਾ ਅਤੇ ਦਸਾ ਨੂੰ ਇੱਕ ਨਵਾਂ ਰੂਪ ਦਿੱਤਾ ਹੈ। ਉਨ੍ਹਾਂ ਸਾਬਤ ਕਰ ਦਿੱਤਾ ਕਿ ਇਮਾਨਦਾਰ ਰਾਜਨੀਤੀ ਸੰਭਵ ਹੈ। ਭਾਜਪਾ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਦੇ ਖਿਲਾਫ ਆਪਣੇ ਏਜੰਡੇ ਵਿੱਚ ਕਾਮਯਾਬ ਨਹੀਂ ਹੋਵੇਗੀ।


ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਚੰਡੀਗੜ੍ਹ ਮੇਅਰ ਦੀ ਚੋਣ ‘ਚ ਇੰਡੀਆ ਗਠਜੋੜ ਨੇ ਭਾਜਪਾ ਨੂੰ ਹਰਾਇਆ ਹੈ, ਪਰ ਇਹ ਸਿਰਫ਼ ਇੱਕ ਟਰੇਲਰ ਸੀ। ਹੁਣ ਭਾਜਪਾ ਨੂੰ ਪਤਾ ਹੈ ਕਿ ਜਿੱਥੇ ‘ਆਪ’ ਗਠਜੋੜ ਦੇ ਨਾਲ ਹੈ, ਉੱਥੇ ਉਹ ਜਿੱਤ ਨਹੀਂ ਸਕਦੀ। ਭਾਜਪਾ ਨੇ ਭਾਵੇਂ ਦਿਨ-ਦਿਹਾੜੇ ਲੋਕਤੰਤਰ ਦਾ ਕਤਲ ਕਰਕੇ ਚੰਡੀਗੜ੍ਹ ਚੋਣ ਜਿੱਤਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਉਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ।


ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਦੇ ਲੋਕ ਅਰਵਿੰਦ ਕੇਜਰੀਵਾਲ ਨੂੰ ਪਿਆਰ ਕਰਦੇ ਹਨ। ਭਾਜਪਾ ਜਾਣਦੀ ਹੈ ਕਿ ਜਿੱਥੇ ਅਰਵਿੰਦ ਕੇਜਰੀਵਾਲ ਜਾਂਦੇ ਹਨ, ਉੱਥੇ ਭਾਜਪਾ ਦੀ ਹਾਰ ਤੈਅ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਕਿਸੇ ਵੀ ਕੀਮਤ ‘ਤੇ ਆਮ ਆਦਮੀ ਪਾਰਟੀ ਨੂੰ ਰੋਕਣਾ ਚਾਹੁੰਦੀ ਹੈ, ਇਸ ਲਈ ਉਹ ਅਰਵਿੰਦ ਕੇਜਰੀਵਾਲ ਨੂੰ ਦੋ ਦਿਨਾਂ ‘ਚ ਗ੍ਰਿਫ਼ਤਾਰ ਕਰਨ ਦੀ ਯੋਜਨਾ ਬਣਾ ਰਹੇ ਹਨ। ਪਰ ਇਸ ਲੋਕ ਸਭਾ ਚੋਣਾਂ ਵਿੱਚ ਇੰਡੀਆ ਗਠਜੋੜ ਮੋਦੀ ਦੀ ਅਗਵਾਈ ਵਾਲੀ ਬੀਜੇਪੀ ਨੂੰ ਵੱਡੇ ਫਰਕ ਨਾਲ ਹਰਾਏਗਾ।