Harsimrat Kaur Badal on AAP: ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਬਠਿੰਡਾ ਦੇ ਵਿਰਾਸਤੀ ਮੇਲੇ ’ਚ ਪਹੁੰਚੇ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆ ਗੁਜਰਾਤ ਅਤੇ ਹਿਮਾਚਲ ਦੇ ਲੋਕਾਂ ਨੂੰ ਪੰਜਾਬੀਆਂ ਨਾਲੋ ਵੱਧ ਸਿਆਣੇ ਦੱਸਿਆ। ਉਨ੍ਹਾਂ ਕਿਹਾ ਕਿ ਗੁਜਰਾਤ ਅਤੇ ਹਿਮਾਚਲ ਦੇ ਲੋਕ ਧੋਖੇਬਾਜ਼ ਅਤੇ ਬਦਲਾਅ ਦੇ ਚੱਕਰ ’ਚ ਨਹੀਂ ਫਸੇ, ਉਨ੍ਹਾਂ ਨੇ ਸੂਬੇ ਦੀ ਅਮਨ-ਸ਼ਾਂਤੀ ਤੇ ਭਾਈਚਾਰਕ ਸਾਂਝ ਕਾਇਮ ਰੱਖਣ ਲਈ ਵੋਟ ਪਾਈ। 


COMMERCIAL BREAK
SCROLL TO CONTINUE READING


ਸੂਬੇ ਦਾ ਵਿਕਾਸ ਅਕਾਲੀ ਸਰਕਾਰ ਦੌਰਾਨ ਹੋਇਆ: ਹਰਸਿਮਰਤ ਕੌਰ 
ਇਸ ਦੌਰਾਨ ਉਨ੍ਹਾਂ ਅਕਾਲੀ-ਭਾਜਪਾ ਸਰਕਾਰ ਦਾ ਗੁਣਗਾਨ ਕਰਦਿਆਂ ਕਿਹਾ ਕਿ ਅੱਜ ਤੋਂ 6 ਸਾਲ ਪਹਿਲਾਂ ਪੰਜਾਬ ਤਰੱਕੀ ਦੀਆਂ ਲੀਹਾਂ ’ਤੇ ਚੱਲ ਰਿਹਾ ਸੀ। ਪਰ ਅੱਜ ਨਾ ਪਿੰਡਾਂ ’ਚ ਨਰੇਗਾ ਦੇ ਕੰਮ ਚੱਲ ਰਹੇ ਹਨ ਅਤੇ ਨਾ ਹੀ ਗਰੀਬ ਲੋਕਾਂ ਤੇ ਮਕਾਨ ਬਣ ਰਹੇ ਹਨ। ਹਾਂ, ਅੱਜ ਸੂਬੇ ’ਚ ਗੈਂਗਸਟਰਾਂ ਦਾ ਰਾਜ ਚੱਲ ਰਿਹਾ ਹੈ ਤੇ ਗਲੀ-ਗਲੀ ’ਚ ਨਸ਼ਾ ਵੇਚਿਆ ਜਾ ਰਿਹਾ ਹੈ। 
ਅੱਜ ਵਪਾਰੀ, ਜ਼ਿਮੀਦਾਰ ਅਤੇ ਮੁਲਾਜ਼ਮ ਵਰਗ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ, ਹੋਰ ਤਾਂ ਹੋਰ ਅਨਜਾਣ ਬੰਦੇ ਦਾ ਫ਼ੋਨ ਚੁੱਕਣ ਤੋਂ ਲੋਕ ਕਤਰਾਉਂਦੇ ਹਨ। 



ਸੂਬੇ ’ਚ ਸੁਰੱਖਿਆ ਵਿਵਸਥਾ ਦਾ ਦੱਸਿਆ ਬੁਰਾ ਹਾਲ
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪਿਛਲੇ ਦਿਨਾਂ ’ਚ ਜਿਨ੍ਹਾਂ ਬੰਦਿਆਂ ਨੂੰ ਪੁਲਿਸ ਵਲੋਂ ਸੁਰੱਖਿਆ ਦਿੱਤੀ ਗਈ ਸੀ, ਉਨ੍ਹਾਂ ਦਾ ਦਿਨ-ਦਿਹਾੜੇ ਕਤਲ ਕਰ ਦਿੱਤਾ ਗਿਆ ਪਰ ਸੂਬੇ ਦੇ ਮੁੱਖ ਮੰਤਰੀ ਗੁਜਰਾਤ ’ਚ ਗਰਬਾ ਕਰ ਰਹੇ ਸਨ। 



ਮੁੱਖ ਮੰਤਰੀ ਦੇ ਅਹੁਦੇ ’ਤੇ ਬੈਠ ਭਗਵੰਤ ਮਾਨ ਨੇ ਝੂਠ ਬੋਲਿਆ: ਹਰਸਿਮਰਤ ਕੌਰ 
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਦਾਅਵਾ ਕੀਤਾ ਗਿਆ ਕਿ ਗੈਂਗਸਟਰ ਗੋਲਡੀ ਬਰਾੜ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਪਰ ਇਹ ਝੂਠ ਨਿਕਲਿਆ। ਮੁੱਖ ਮੰਤਰੀ ਦੇ ਅਹੁਦੇ ’ਤੇ ਬੈਠ ਕੇ ਪੰਜਾਬ ਦੇ ਲੋਕਾਂ ਨਾਲ ਝੂਠ ਬੋਲਣਾ ਭਗਵੰਤ ਮਾਨ ਲਈ ਬਹੁਤ ਹੀ ਦੁੱਖ ਤੇ ਅਫ਼ਸੋਸ ਵਾਲੀ ਗੱਲ ਹੈ। 



ਕਰਜ਼ਾ ਚੁੱਕ ਕੇ ਦਿੱਤੀ ਜਾ ਰਹੀ ਹੈ ਮੁਫ਼ਤ ਬਿਜਲੀ ਦੀ ਸਹੂਲਤ: ਹਰਸਿਮਰਤ ਕੌਰ 
ਇਸ ਮੌਕੇ ਉਨ੍ਹਾਂ ਮੁਫ਼ਤ ਬਿਜਲੀ ਯੋਜਨਾ ਬਾਰੇ ਬੋਲਦਿਆਂ ਕਿਹਾ ਕਿ ਅੱਜ ਭਾਵੇਂ ਸੂਬੇ ਦੇ ਲੋਕ ਖੁਸ਼ ਹਨ ਪਰ ਮੁਫ਼ਤ ਬਿਜਲੀ ਦੀ ਸਹੂਲਤ ਲੈਣ ਵਾਲੇ ਸੁਣ ਲੈਣ ਕਿ ਮਾਨ ਸਰਕਾਰ ਨੇ ਪੰਜਾਬ ਨੂੰ ਕਰਜ਼ਈ ਕਰ ਦਿੱਤਾ ਹੈ ਅਤੇ ਹਰ ਮਹੀਨੇ 1880 ਕਰੋੜ ਦਾ ਕਰਜ਼ਾ ਚੁੱਕ ਕੇ ਮੁਫ਼ਤ ਬਿਜਲੀ ਯੋਜਨਾ ਚਲਾਈ ਜਾ ਰਹੀ ਹੈ। 


ਇਹ ਵੀ ਪੜ੍ਹੋ: ਮੰਤਰੀ ਮੰਡਲ ’ਚ ਹੋਣ ਜਾ ਰਿਹਾ ਫੇਰ-ਬਦਲ, ਸਿਆਸਤ ਦੇ ਵੱਡੇ ਥੰਮ੍ਹਾਂ ਨੂੰ ਡੇਗਣ ਵਾਲੇ ਵਿਧਾਇਕਾਂ ਦਾ ਲੱਗ ਸਕਦਾ ਹੈ ਨੰਬਰ!