ਪੰਜਾਬ ਸਿਹਤ ਵਿਭਾਗ ਖਸਤਾ ਹਾਲਤ ਇਮਾਰਤਾਂ ਦੀ ਕਰੇਗਾ ਭੰਨ ਤੋੜ, ਖੋਲੇ ਜਾਣਗੇ 14 ਨਵੇਂ ਜਨ ਔਸ਼ਧੀ ਕਲੀਨਿਕ
ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਨੇ ਸਿਹਤ ਵਿਭਾਗ ਨੂੰ ਸਖ਼ਤੀ ਨਾਲ ਹਦਾਇਦਾਂ ਜਾਰੀ ਕੀਤੀਆਂ ਹਨ ਕਿ ਸਿਹਤ ਵਿਭਾਗ ਅੰਦਰ ਜਿੰੰਨੀਆਂ ਵੀ ਖਸਤਾ ਹਾਲਤ ਇਮਾਰਤਾਂ ਹਨ ਉਹਨਾਂ ਨੂੰ ਢਹਿ ਢੇਰੀ ਕੀਤਾ ਜਾਵੇ।
ਚੰਡੀਗੜ: ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸੂਬੇ ਵਿਚ ਸਿਹਤ ਵਿਭਾਗ ਅਧੀਨ ਆਉਂਦੀਆ ਸਾਰੀਆਂ ਪੁਰਾਣੀਆਂ ਅਤੇ ਖਸਤਾਹਾਲਤ ਇਮਾਰਤਾਂ ਨੂੰ ਢਾਹੁਣ ਦੇ ਨਿਰਦੇਸ਼ ਦਿੱਤੇ ਹਨ। ਇਸਦੇ ਨਾਲ ਹੀ ਸੂਬੇ ਵਿਚ 14 ਨਵੇ ਮੈਡੀਕਲ ਸਟੋਰ ਖੋਲੇ ਜਾਣਗੇ। ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸਿਹਤ ਵਿਭਾਗ ਨਾਲ ਸਬੰਧਿਤ ਅਧਿਕਾਰੀਆਂ ਦੀ ਨਾਲ ਮੀਟਿੰਗ ਕਰਕੇ ਵਿਕਾਸ ਕਾਰਜਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਲਈ ਕਿਹਾ ਹੈ। ਉਹਨਾਂ ਦਾਅਵਾ ਕੀਤਾ ਹੈ ਕਿ ਛੇਤੀ ਤੋਂ ਛੇਤੀ ਇਹ ਕਾਰਜ ਮੁਕੰਮਲ ਹੋ ਜਾਣਗੇ।
ਸਿਹਤ ਮੰਤਰੀ ਨੇ ਜਾਰੀ ਕੀਤੇ ਸਖ਼ਤ ਦਿਸ਼ਾ ਨਿਰਦੇਸ਼
ਸਿਹਤ ਮੰਤਰੀ ਨੇ ਸਖ਼ਤ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਇਹ ਕੰਮ ਛੇਤੀ ਤੋਂ ਛੇਤੀ ਨੇਪਰੇ ਚੜਨਾ ਚਾਹੀਦਾ ਹੈ। ਇਸ ਲਈ ਕਿਸੇ ਵੀ ਤਰ੍ਹਾਂ ਦੀ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਨਾਲ ਜੀ ਨਵੇਂ ਜਨ ਔਸ਼ਧੀ ਕਲੀਨਿਕਾਂ ਦੀ ਉਸਾਰੀ ਵੀ ਜਲਦੀ ਤੋਂ ਜਲਦੀ ਕੀਤੀ ਜਾਵੇਗੀ। ਸਿਹਤ ਮੰਤਰੀ ਨੇ ਸਿਹਤ ਸੇਵਾਵਾਂ ਵਿਚ ਵਿਸਥਾਰ ਅਤੇ ਸੁਧਾਰ ਕਰਨ ਲਈ ਗੰਭੀਰਤਾ ਵਿਖਾਈ ਜਾ ਰਹੀ ਹੈ। ਜਿਸ ਲਈ ਬਜਟ ਵਿਚ ਵੀ ਵਿਸ਼ੇਸ਼ ਤੌਰ 'ਤੇ ਧਿਆਨ ਰੱਖਿਆ ਜਾਵੇਗਾ।
ਸਸਤੀਆਂ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ
ਸਿਹਤ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਸਿਹਤ ਵਿਭਾਗ ਵੱਲੋਂ ਪਹਿਲਾਂ ਹੀ 25 ਜਨ ਔਸ਼ਧੀ ਕਲੀਨਿਕ ਚਲਾਏ ਜਾ ਰਹੇ ਹਨ ਅਤੇ ਮਰੀਜ਼ਾਂ ਨੂੰ ਸਸਤੇ ਭਾਅ ਦਵਾਈਆਂ ਮਿਲ ਰਹੀਆਂ ਹਨ। ਇਸ ਲਈ 14 ਹੋਰ ਜਨ ਔਸ਼ਧੀ ਕਲੀਨਿਕ ਸਥਾਪਿਤ ਕੀਤੇ ਜਾਣਗੇ ਤਾਂ ਕਿ ਮਰੀਜ਼ਾਂ ਨੂੰ ਸਸਤੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ। ਮੰਤਰੀ ਨੇ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਦੀਆਂ ਸ਼ਿਕਾਇਤਾਂ 'ਤੇ ਵੀ ਵਿਚਾਰ-ਵਟਾਂਦਰਾ ਕੀਤਾ ਅਤੇ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੀਟਿੰਗ ਵਿਚ ਪੰਜਾਬ ਦੇ ਕਈ ਸੀਨੀਅਰ ਸਿਹਤ ਅਧਿਕਾਰੀ ਮੌਜੂਦ ਸਨ।