High Court News: ਹਾਈ ਕੋਰਟ ਵੱਲੋਂ 5994 ਈਟੀਟੀ ਅਧਿਆਪਕਾਂ ਦੀ ਭਰਤੀ ਲਈ ਪੰਜਾਬੀ ਦਾ ਟੈਸਟ ਮੁੜ ਕਰਵਾਉਣ ਦੇ ਹੁਕਮ
High Court News: ਪੰਜਾਬ ਵਿੱਚ 2022 ਵਿੱਚ ਭਰਤੀ ਲਈ ਅਪਲਾਈ ਕਰਨ ਵਾਲੇ ਈਟੀਟੀ ਅਧਿਆਪਕਾਂ ਲਈ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ।
High Court News: ਪੰਜਾਬ ਵਿੱਚ 2022 ਵਿੱਚ ਭਰਤੀ ਲਈ ਅਪਲਾਈ ਕਰਨ ਵਾਲੇ ਈਟੀਟੀ ਅਧਿਆਪਕਾਂ ਲਈ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਹੁਣ ਹਾਈ ਕੋਰਟ ਨੇ ਸਰਕਾਰ ਨੂੰ ਪੰਜਾਬੀ ਦਾ ਟੈਸਟ ਮੁੜ ਕਰਵਾਉਣ ਦੇ ਹੁਕਮ ਦਿੱਤੇ ਹਨ। ਛੇ ਮਹੀਨੇ ਵਿੱਚ ਭਰਤੀ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਹਨ।
ਅਕਤੂਬਰ 2022 ਵਿੱਚ ਕੱਢੀ ਗਈ 5994 ਈਟੀਟੀ ਅਧਿਆਪਕਾਂ ਦੀ ਭਰਤੀ ਵਿੱਚ ਪੰਜਾਬੀ ਭਾਸ਼ਾ ਦਾ ਵਿਸ਼ੇਸ਼ ਟੈਸਟ ਪਾਸ ਕਰਨ ਦੀ ਜਮ੍ਹਾਂ ਕੀਤੀ ਮਦ ਨੂੰ ਚੁਣੌਤੀ ਦਿੰਦਿਆਂ ਪਟੀਸ਼ਨਾਂ ਦਾ ਨਿਪਟਾਰਾ ਕਰਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਰਕਾਰ ਨੂੰ 3 ਮਹੀਨੇ ਵਿੱਚ ਮੁੜ ਟੈਸਟ ਲੈਣ ਦਾ ਹੁਕਮ ਦਿੱਤੇ ਹਨ।
ਈਟੀਟੀ ਦੇ ਉਮੀਦਵਾਰਾਂ ਵੱਲੋਂ ਉਨ੍ਹਾਂ ਉਤੇ ਨਵੇਂ ਨਿਯਮ ਲਾਗੂ ਨਾ ਹੋਣ ਦੀ ਦਲੀਲ ਹਾਈ ਕੋਰਟ ਨੇ ਨਹੀਂ ਮੰਨੀ ਹੈ ਅਤੇ ਉਨ੍ਹਾਂ ਨੂੰ ਵੀ 50 ਫ਼ੀਸਦੀ ਅੰਕਾਂ ਨਾਲ ਪੰਜਾਬੀ ਦਾ ਵਿਸ਼ੇਸ਼ ਟੈਸਟ ਪਾਸ ਕਰਨਾ ਲਾਜ਼ਮੀ ਕਰ ਦਿੱਤਾ ਹੈ। ਜਿੱਥੇ ਤੱਕ ਗਰੁੱਪ ਇੱਕ ਤੇ ਦੋ ਦੀ ਭਰਤੀ ਵਿਚ ਇਸ ਵਿਸ਼ੇਸ਼ ਟੈਸਟ ਨੂੰ ਲਾਗੂ ਨਾ ਕਰਨ ਨੂੰ ਵਿਤਕਰਾ ਦੱਸਿਆ ਗਿਆ ਸੀ, ਉਥੇ ਹਾਈ ਕੋਰਟ ਨੇ ਕਿਹਾ ਹੈ ਕਿ ਇਹ ਸਰਕਾਰ ਦੇ ਅਖ਼ਤਿਆਰ ਅਧੀਨ ਹੈ ਕਿ ਉਹ ਕਿਸੇ ਤਰ੍ਹਾਂ ਦਾ ਫ਼ੈਸਲਾ ਲੈ ਸਕਦੀ ਹੈ।
ਉਕਤ ਫੈਸਲਾ ਜਸਟਿਸ ਸੰਜੀਵ ਪ੍ਰਕਾਸ਼ ਦੀ ਡਵੀਜ਼ਨ ਬੈਂਚ ਨੇ ਮੰਗਲਵਾਰ ਨੂੰ ਦਿੱਤਾ ਹੈ। ਇਹ ਫੈਸਲਾ ਰਾਖਵਾਂ ਰੱਖਿਆ ਗਿਆ ਸੀ। ਸਰਕਾਰ ਨੇ 10 ਅਕਤੂਬਰ 2022 ਨੂੰ ਇਸ਼ਤਿਹਾਰ ਜਾਰੀ ਕਰਕੇ ਅਰਜ਼ੀਆਂ ਮੰਗੀਆਂ ਸੀ। ਉਸ ਵੇਲੇ ਤੱਕ ਪੰਜਾਬ ਵਿੱਚ ਸਰਕਾਰੀ ਨੌਕਰੀ ਵਿੱਚ ਅਪਲਾਈ ਕਰਨ ਲਈ ਦਸਵੀਂ ਵਿੱਚ ਪੰਜਾਬੀ ਪਾਸ ਹੋਣਾ ਲਾਜ਼ਮੀ ਸੀ।
28 ਅਕਤੂਬਰ ਨੂੰ ਸਰਕਾਰ ਨੇ ਨਵਾਂ ਨਿਯਮ ਬਣਾ ਦਿੱਤਾ ਸੀ ਕਿ ਕਿਸੇ ਵੀ ਸਰਕਾਰੀ ਨੌਕਰੀ ਵਿੱਚ ਲਿਖਤੀ ਪ੍ਰੀਖਿਆ ਦੇ ਨਾਲ ਪੰਜਾਬੀ ਭਾਸ਼ਾ ਦਾ ਵਿਸ਼ੇਸ਼ ਟੈਸਟ ਦੇਣਾ ਹੋਵੇਗਾ ਅਤੇ ਘੱਟੋ ਘੱਟ 50 ਫ਼ੀਸਦੀ ਅੰਕ ਹਾਸਲ ਕਰਨੇ ਹੋਣਗੇ। ਮਾਮਲੇ ਨਾਲ ਸਬੰਧਤ ਵਕੀਲਾਂ ਨੇ ਦੱਸਿਆ ਕਿ ਦੂਜੇ ਪਾਸੇ ਈਟੀਟੀ ਅਧਿਆਪਕਾਂ ਦੀ ਭਰਤੀ ਵਿਚ ਬਿਨੈ ਕਰਨ ਦੀ ਅਖਰੀ ਮਿਤੀ 12 ਨਵੰਬਰ 2022 ਸੀ ਅਤੇ ਇੱਕ ਦਸੰਬਰ ਨੂੰ ਸਰਕਾਰ ਨੇ 50 ਫ਼ੀਸਦੀ ਅੰਕਾਂ ਨਾਲ ਪੰਜਾਬੀ ਭਾਸ਼ਾ ਦਾ ਟੈਸਟ ਪਾਸ ਕਰਨ ਦੇ ਨਿਯਮ ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਤੇ ਈਟੀਟੀ ਅਧਿਆਪਕਾਂ ਦੀ ਭਰਤੀ ਦੀ ਲਿਖਤੀ ਪ੍ਰੀਖਿਆ ਦੀ ਮਿਤੀ ਪੰਜ ਨਵੰਬਰ 2023 ਤੈਅ ਕਰ ਦਿੱਤੀ। ਇਸ ਵਿੱਚ ਪੰਜਾਬੀ ਦਾ ਟੈਸਟ ਵੀ ਜ਼ਰੂਰੀ ਕਰ ਦਿੱਤਾ।
ਵਕੀਲ ਨੇ ਦੱਸਿਆ ਕਿ ਮਦ ਮੁਤਾਬਕ ਪੰਜਾਹ ਫੀਸਦੀ ਅੰਕਾਂ ਨਾਲ ਪੰਜਾਬੀ ਭਾਸ਼ਾ ਦਾ ਟੈਸਟ ਪਾਸ ਕਰਨ ਵਾਲੇ ਉਮੀਦਵਾਰਾਂ ਦਾ ਹੀ ਮੁੱਖ ਵਿਸ਼ੇ ਦੇ ਟੈਸਟ ਦਾ ਨਤੀਜਾ ਐਲਾਨਿਆ ਜਾਣਾ ਸੀ। ਪ੍ਰੀਖਿਆ ਉਪਰੰਤ ਕੁਝ ਉਮੀਦਵਾਰਾਂ ਨੇ ਪੰਜਾਬੀ ਟੈਸਟ ਦੀ ਮਦ ਨੂੰ ਇਹ ਕਹਿੰਦਿਆਂ ਚੁਣੌਤੀ ਦੇ ਦਿੱਤੀ ਕਿ ਟੈਸਟ ਦੀ ਮਦ ਇਸ਼ਤਿਹਾਰ ਜਾਰੀ ਹੋਣ ਉਪਰੰਤ ਸ਼ਾਮਲ ਕੀਤੀ ਗਈ ਤੇ ਭਰਤੀ ਪ੍ਰਕਿਰਿਆ ਸ਼ੁਰੂ ਹੋਣ ਉਪਰੰਤ ਕੋਈ ਤਬਦੀਲੀ ਨਹੀਂ ਕੀਤੀ ਜਾ ਸਕਦੀ। ਦੂਜੇ ਪਾਸੇ ਸਰਕਾਰ ਨੇ ਕਿਹਾ ਕਿ ਪੰਜਾਬੀ ਟੈਸਟ ਪਾਸ ਕਰਨ ਦੀ ਤਿਆਰੀ ਲਈ ਖੁੱਲ੍ਹਾ ਸਮਾਂ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : Modi in Punjab: ਚੋਣ ਪ੍ਰਚਾਰ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜਲਦ ਪੰਜਾਬ ਆਉਣਗੇ- ਵਿਜੇ ਰੂਪਾਨੀ