Hola Mohalla News: ਜਾਣੋ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਦੋਂ ਮਨਾਇਆ ਜਾਵੇਗਾ ਹੋਲਾ-ਮਹੱਲਾ; ਨੌਜਵਾਨਾਂ ਨੂੰ ਕੀਤੀ ਇਹ ਅਪੀਲ
Hola Mohalla News: ਖ਼ਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਵਿਸ਼ਵ ਪ੍ਰਸਿੱਧ ਹੌਲਾ ਮਹੱਲਾ ਮਨਾਉਣ ਲਈ ਸ੍ਰੀ ਅਨੰਦਪੁਰ ਸਾਹਿਬ ਵਿੱਚ ਤਿਆਰੀਆਂ ਜ਼ੋਰਾਂ ਉਤੇ ਚੱਲ ਰਹੀਆਂ ਹਨ।
Hola Mohalla News (ਬਿਮਲ ਸ਼ਰਮਾ) : ਖ਼ਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਵਿਸ਼ਵ ਪ੍ਰਸਿੱਧ ਹੌਲਾ ਮਹੱਲਾ ਇਸ ਵਾਰ 21 ਮਾਰਚ ਤੋਂ 26 ਮਾਰਚ ਤੱਕ ਮਨਾਇਆ ਜਾਵੇਗਾ । 21 ਤੋਂ 23 ਮਾਰਚ ਤੱਕ ਸ਼੍ਰੀ ਕੀਰਤਪੁਰ ਸਾਹਿਬ ਤੇ 24 ਮਾਰਚ ਤੋਂ 26 ਮਾਰਚ ਤੱਕ ਖ਼ਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ।
ਹੋਲਾ-ਮਹੱਲਾ ਪਲਾਸਟਿਕ ਮੁਕਤ ਮਨਾਉਣ ਦੀ ਅਪੀਲ
ਇਸ ਨੂੰ ਲੈ ਕੇ ਜਿੱਥੇ ਪ੍ਰਸ਼ਾਸ਼ਨ ਤੇ ਐਸਜੀਪੀਸੀ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਉਥੇ ਹੀ ਕਾਰ ਸੇਵਾ ਭੂਰੀ ਵਾਲੇ ਸੰਤਾਂ ਵੱਲੋਂ ਵੀ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ। ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਵੱਲੋਂ ਵੀ ਇਸ ਵਾਰ ਹੋਲਾ-ਮਹੱਲਾ ਪਲਾਸਟਿਕ ਮੁਕਤ ਮਨਾਉਣ ਅਤੇ ਨੌਜਵਾਨਾਂ ਨੂੰ ਟਰੈਕਟਰਾਂ ਤੇ ਮੋਟਰਸਾਈਕਲਾਂ ਤੇ ਹੁੱਲੜਬਾਜ਼ੀ ਨਾ ਕਰਨ ਅਪੀਲ ਕੀਤੀ ਜਾ ਰਹੀ ਹੈ।
ਠਹਿਰਾਅ ਲਈ ਪੁਖ਼ਤਾ ਇੰਤਜ਼ਾਮ
ਹੌਲਾ ਮਹੱਲਾ ਨੂੰ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਲਈ ਪ੍ਰਸ਼ਾਸ਼ਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਰ ਸੇਵਾ ਭੂਰੀ ਵਾਲੇ ਸੰਤਾਂ ਵੱਲੋਂ ਲਗਾਤਾਰ ਇੰਤਜ਼ਾਮ ਕੀਤੇ ਜਾ ਰਹੇ ਹਨ ਤਾਂ ਜੋ ਇੱਥੇ ਆਉਣ ਵਾਲੇ ਸ਼ਰਧਾਲੂਆਂ ਨੂੰ ਕੋਈ ਪਰੇਸ਼ਾਨੀ ਪੇਸ਼ ਨਾ ਆਵੇ। ਸ਼੍ਰੋਮਣੀ ਕਮੇਟੀ ਵੱਲੋਂ ਲੰਗਰਾਂ ਤੇ ਸ਼ਰਧਾਲੂਆਂ ਦੇ ਠਹਿਰਨ ਦੇ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਹਨ।
ਸਾਫ਼-ਸਫ਼ਾਈ ਦਾ ਕੰਮ ਜ਼ੋਰਾਂ ਉਤੇ ਕੀਤਾ ਜਾ ਰਿਹੈ
ਇਸ ਵਾਰ ਕਾਰ ਸੇਵਾ ਭੂਰੀ ਵਾਲੇ ਸੰਤਾਂ ਵੱਲੋਂ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਤੇ ਆਸ ਪਾਸ ਦੇ ਗੁਰਦੁਆਰਾ ਸਾਹਿਬਾਨ ਨੂੰ ਰੰਗ ਰੋਗਨ ਦੇ ਨਾਲ-ਨਾਲ ਸਾਫ਼ ਸਫ਼ਾਈ ਤੇ ਖ਼ਾਸ ਤੌਰ ਉਤੇ ਗੜਸ਼ੰਕਰ-ਸ਼੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ਨੂੰ ਚੌੜਾ ਤੇ ਉਸ ਦੀ ਮੁਰੰਮਤ ਕਰਨ ਦੀ ਸੇਵਾ ਵੀ ਕੀਤੀ ਜਾ ਰਹੀ ਹੈ। ਕਾਬਿਲਗੌਰ ਹੈ ਕਿ ਇਸ ਰਸਤੇ ਤੋਂ ਦੁਆਬੇ ਦੀ ਸਾਰੀ ਸੰਗਤ ਹੋਲਾ-ਮਹੱਲਾ ਦੌਰਾਨ ਸ਼੍ਰੀ ਅਨੰਦਪੁਰ ਸਾਹਿਬ ਪਹੁੰਚਦੀ ਹੈ।
ਪ੍ਰਸ਼ਾਸਨ ਵੱਲੋਂ ਵੀ ਸੰਗਤ ਦੀ ਸੁਰੱਖਿਆ ਦੇ ਨਾਲ-ਨਾਲ ਪਾਰਕਿੰਗ, ਮੈਡੀਕਲ ਸੁਵਿਧਾ ਦੇ ਇੰਤਜ਼ਾਮ ਵੀ ਕੀਤੇ ਜਾ ਰਹੇ ਹਨ। ਲੱਖਾਂ ਦੀ ਤਾਦਾਦ 'ਚ ਹੌਲਾ-ਮਹੱਲਾ ਦੌਰਾਨ ਸੰਗਤ ਸ਼੍ਰੀ ਅਨੰਦਪੁਰ ਸਾਹਿਬ ਪਹੁੰਚਦੀ ਹੈ ਅਤੇ ਸੰਗਤ ਵੱਲੋਂ ਵੀ ਜਗ੍ਹਾ-ਜਗ੍ਹਾ ਲੰਗਰ ਦੇ ਇੰਤਜ਼ਾਮ ਕੀਤੇ ਜਾਂਦੇ ਹਨ।
ਗਤਕਾ ਦੇ ਦਿਖਾਏ ਜਾਣਗੇ ਜੌਹਰ
21 ਮਾਰਚ ਨੂੰ ਹੌਲਾ-ਮਹੱਲਾ ਦੀ ਸ਼ੁਰੂਆਤ ਹੋਵੇਗੀ ਤੇ 26 ਮਾਰਚ ਨੂੰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਮਹੱਲਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਸ਼ੁਰੂ ਹੋ ਕੇ ਕਿਲ੍ਹਾ ਅਨੰਦਗੜ੍ਹ ਸਾਹਿਬ ਵੱਲੋਂ ਹੁੰਦਾ ਹੋਇਆ ਚਰਨ ਗੰਗਾ ਸਟੇਡੀਅਮ ਵਿੱਚ ਜਾ ਅਕੇ ਸਮਾਪਤ ਹੋਵੇਗਾ ਜਿੱਥੇ ਨਿਹੰਗ ਸਿੰਘ ਗਤਕਾ ਤੇ ਮਾਰਸ਼ਲ ਆਰਟ ਦੇ ਜੌਹਰ ਦਿਖਾਉਣਗੇ।
ਇਹ ਵੀ ਪੜ੍ਹੋ : Mohali Firing News: ਮੋਹਾਲੀ 'ਚ ਦੇਰ ਰਾਤ ਹੋਮਲੈਂਡ ਦੇ ਬਾਹਰ ਚੱਲੀਆਂ ਗੋਲੀਆਂ, ਇਲਾਕੇ 'ਚ ਦਹਿਸ਼ਤ ਦਾ ਮਾਹੌਲ