Hoshiarpur Lok Sabha Seat History: ਹੁਸ਼ਿਆਰਪੁਰ ਨੂੰ ਚੋਆਂ, ਅੰਬਾਂ ਦੇ ਬਾਗਾਂ ਤੇ ਸੰਤਾਂ ਲਈ ਮਸ਼ਹੂਰ ਪੰਜਾਬ ਦੇ ਪ੍ਰਾਚੀਨਤਮ ਜ਼ਿਲ੍ਹਿਆਂ ਵਿਚ ਸ਼ੁਮਾਰ ਹੋਣ ਦਾ ਮਾਣ ਪ੍ਰਾਪਤ ਹੈ। ਪੰਜਾਬ ਦੇ ਉੱਤਰ-ਪੂਰਬ ਵੱਲ ਸ਼ਿਵਾਲਿਕ ਦੀਆਂ ਹਰੀਆਂ-ਭਰੀਆਂ ਪਹਾੜੀਆਂ ਅਤੇ ਸਤਲੁਜ ਤੇ ਬਿਆਸ ਦਰਿਆ ਵਿਚਾਲੇ ਸਥਿਤ ਇਹ ਜ਼ਿਲ੍ਹਾ ਰਾਜਨੀਤੀ ਵਿੱਚ ਕਾਫੀ ਅਹਿਮਿਅਤ ਰੱਖਦਾ ਹੈ। ਬ੍ਰਿਟਿਸ਼ ਸਰਕਾਰ ਵੱਲੋਂ ਮਾਰਚ 1846 ਨੂੰ ਹੁਸ਼ਿਆਰਪੁਰ ਨੂੰ ਜਲੰਧਰ ਦੋਆਬ ਤੋਂ ਅਲੱਗ ਜ਼ਿਲ੍ਹਾ ਐਲਾਨਿਆ ਗਿਆ ਸੀ ਅਤੇ ਜੇ. ਲਾਰੇਂਸ ਨੂੰ ਇਸ ਜ਼ਿਲ੍ਹੇ ਦਾ ਦੋ ਸਾਲਾਂ ਲਈ ਪਹਿਲਾ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ। ਇਤਿਹਾਸ ਮੁਤਾਬਕ ਹੁਸ਼ਿਆਰਪੁਰ ਦਾ ਜ਼ਿਕਰ ਬਾਦਸ਼ਾਹ ਅਕਬਰ ਦੇ ਸਮੇਂ ਅਬੁਲ ਫਜ਼ਲ ਵੱਲੋਂ ਲਿਖੀ ਗਈ ਵਿਸ਼ਵ ਪ੍ਰਸਿੱਧ ਪੁਸਤਕ ਆਈਨ-ਏ-ਅਕਬਰੀ ਵਿਚ ਵੀ ਦਰਜ ਹੈ। ਉਸ ਸਮੇਂ ਇਹ ਖੇਤਰ ਚੋਆਂ ਵਾਲਾ ਸ਼ਹਿਰ ਕਰਕੇ ਜਾਣਿਆ ਜਾਂਦਾ ਸੀ।


COMMERCIAL BREAK
SCROLL TO CONTINUE READING

ਹੁਸ਼ਿਆਰਪੁਰ ਦਾ ਚੋਣ ਇਤਿਹਾਸ


ਹੁਸ਼ਿਆਰਪੁਰ ਹਲਕੇ 'ਚ 1952 ਤੋਂ ਲੈ ਕੇ 2019 ਤੱਕ 17 ਵਾਰ (ਜਿਮਨੀ ਚੋਣ) ਲੋਕ ਸਭਾ ਚੋਣਾਂ ਹੋਈਆਂ ਹਨ। ਇਸ ਲੋਕ ਸਭਾ ਹਲਕੇ 'ਤੇ ਕਾਂਗਰਸ ਪਾਰਟੀ ਦਾ ਕਾਫੀ ਜ਼ਿਆਦਾ ਦਬਦਬਾ ਰਿਹਾ ਹੈ। ਕਾਂਗਰਸ ਨੇ ਇਸ ਸੀਟ 'ਤੇ 11 ਵਾਰ ਜਿੱਤ ਹਾਸਲ ਕੀਤੀ, ਬੀਜੇਪੀ ਨੇ 3 ਵਾਰ ਅਤੇ  ਇੱਕ-ਇੱਕ ਵਾਰ ਜਨ ਸੰਘ, ਭਾਰਤੀ ਲੋਕ ਦਲ ਅਤੇ ਬਹੁਜਨ ਸਮਾਜ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ।  ਇਸ ਸੀਟ ਤੋਂ ਸਭ ਤੋਂ ਵੱਧ 4 ਵਾਰ ਕਾਂਗਰਸ ਦੇ ਕੰਵਲ ਚੋਧਰੀ ਅਤੇ ਬਲਦੇਵ ਸਿੰਘ ਨੇ ਲਗਾਤਾਰ ਤਿੰਨ ਵਾਰ ਇਸ ਸੀਟ 'ਤੇ ਜਿੱਤ ਹਾਸਲ ਕੀਤੀ। 


                                        ਲੋਕ ਸਭਾ ਦੇ ਨਤੀਜੇ


  ਨੰ.   ਸਾਲ   ਜੇਤੂ ਸਾਂਸਦ ਮੈਂਬਰ   ਪਾਰਟੀ
  1.   1952   ਬਲਦੇਵ ਸਿੰਘ   ਕਾਂਗਰਸ
  2.   1957   ਬਲਦੇਵ ਸਿੰਘ   ਕਾਂਗਰਸ
  3.   1962   ਬਲਦੇਵ ਸਿੰਘ   ਕਾਂਗਰਸ
  4.   1967   ਜੈ ਸਿੰਘ   ਜਨ ਸੰਘ
  5.   1971   ਦਰਬਾਰਾ ਸਿੰਘ   ਕਾਂਗਰਸ
  6.   1977   ਚੋਧਰੀ ਬਲਵੀਰ ਸਿੰਘ   ਭਾਰਤੀ ਲੋਕ ਦਲ
  7.   1980   ਗਿਆਨੀ ਜ਼ੈਲ ਸਿੰਘ   ਕਾਂਗਰਸ
  8.   1984   ਕੰਵਲ ਚੋਧਰੀ   ਕਾਂਗਰਸ
  9.   1989   ਕੰਵਲ ਚੋਧਰੀ   ਕਾਂਗਰਸ
 10.   1991   ਕੰਵਲ ਚੋਧਰੀ   ਕਾਂਗਰਸ
 11.   1996   ਕਾਂਸ਼ੀ ਰਾਮ   ਬਹੁਜਨ ਸਮਾਜ ਪਾਰਟੀ
 12.   1998   ਕੰਵਲ ਚੋਧਰੀ   ਕਾਂਗਰਸ
 13.   1999   ਚਰਨਜੀਤ ਸਿੰਘ   ਕਾਂਗਰਸ
 14.   2004   ਅਭਿਨਾਸ ਰਾਏ ਖੰਨਾ   ਭਾਰਤੀ ਜਨਤਾ ਪਾਰਟੀ
 15.   2009   ਸੰਤੋਸ਼ ਚੋਧਰੀ   ਕਾਂਗਰਸ
 16.   2014   ਵਿਜੇ ਸਾਂਪਲਾ   ਭਾਰਤੀ ਜਨਤਾ ਪਾਰਟੀ
 17.   2019   ਸੋਮ ਪ੍ਰਕਾਸ਼   ਭਾਰਤੀ ਜਨਤਾ ਪਾਰਟੀ

 


ਹੁਸ਼ਿਆਰਪੁਰ ਹਲਕੇ ਦੇ ਮੌਜੂਦਾ ਸਿਆਸੀ ਹਾਲਾਤ


ਹੁਸ਼ਿਆਰਪੁਰ ਲੋਕ ਸਭਾ ਹਲਕੇ ਵਿੱਚ 9 ਵਿਧਾਨ ਸਭਾ ਹਲਕੇ ( ਸ੍ਰੀ ਹਰਗੋਬਿੰਦਪੁਰ, ਭੁਲੱਥ, ਫਗਵਾੜਾ, ਮੁਕੇਰੀਆਂ, ਦਸੂਹਾ, ਉੜਮੁੜ, ਸ਼ਾਮ ਚੁਰਾਸੀ, ਹੁਸ਼ਿਆਰਪੁਰ, ਚੱਬੇਵਾਲ ) ਹਨ। ਵਿਧਾਨ ਸਭਾ ਚੋਣਾਂ 2022 ਵਿੱਚ ਆਮ ਆਦਮੀ ਪਾਰਟੀ ਨੇ ਇਸ ਲੋਕਸਭਾ ਹਲਕੇ ਅੰਦਰ ਪੈਦੀਆਂ 5 ਵਿਧਾਨ ਸੀਟ 'ਤੇ ਜਿੱਤ ਹਾਸਲ ਕੀਤੀ। ਜਦਕਿ ਤਿੰਨ ਸੀਟ ਤੇ ਕਾਂਗਰਸ ਅਤੇ ਇੱਕ ਵਿਧਾਨ ਸਭਾ ਸੀਟ ਬੀਜੇਪੀ ਦੇ ਹਿੱਸੇ ਆਈ ਸੀ।


ਪਿਛਲੇ ਲੋਕ ਸਭਾ ਨਤੀਜੇ


ਹੁਸ਼ਿਆਰਪੁਰ ਲੋਕ ਸਭਾ ਹਲਕੇ ਦੇ ਜੇਕਰ ਪਿਛਲੇ ਨਤੀਜਿਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਸੀਟ ਉੱਤੇ ਕਾਂਗਰਸ ਪਾਰਟੀ ਦਾ ਕਾਫੀ ਦਬਦਬਾ ਰਿਹਾ ਹੈ। 2004 ਵਿੱਚ ਬੀਜੇਪੀ ਦੇ ਅਭਿਨਾਸ਼ ਰਾਏ ਖੰਨਾ ਨੇ ਪਹਿਲੀ ਵਾਰ ਚੋਣ ਜਿੱਤੀ ਸੀ। ਇਸ ਤੋਂ ਬਾਅਦ 2009 ਵਿੱਚ ਮੁੜ ਕਾਂਗਰਸ ਦੇ ਸੰਤੋਸ਼ ਚੋਧਰੀ ਨੇ ਜਿੱਤ ਹਾਸਲ ਕੀਤੀ ਸੀ। 2014 ਵਿੱਚ ਵਿਜੇ ਸਾਂਪਲਾ ਨੂੰ ਬੀਜੇਪੀ ਨੇ ਹੁਸ਼ਿਆਰਪੁਰ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਸੀ ਅਤੇ ਜਿੱਤ ਹਾਸਲ ਕੀਤੀ। 


2019 ਵਿੱਚ ਬੀਜੇਪੀ ਨੇ ਵਿਜੇ ਸਾਂਪਲਾ ਦੀ ਟਿਕਟ ਕੱਟ ਦਿੱਤੀ ਅਤੇ ਸੋਮ ਪ੍ਰਕਾਸ਼ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ, ਸੋਮ ਪ੍ਰਕਾਸ਼ ਨੇ ਵੀ ਇਸ ਸੀਟ ਤੋਂ ਜਿੱਤ ਹਾਸਲ ਕੀਤੀ। 


ਚੋਣ ਮੈਦਾਨ 'ਚ ਨਿੱਤਰੇ ਉਮੀਦਵਾਰ


ਭਾਜਪਾ ਨੇ ਇਸ ਵਾਰ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਨੂੰ ਟਿਕਟ ਦਿਤੀ ਹੈ। 


ਕਾਂਗਰਸ ਨੇ ਇਸ ਸੀਟ ਤੋਂ ਯਾਮਿਨੀ ਗੋਮਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।


ਸ਼੍ਰੋਮਣੀ ਅਕਾਲੀ ਦਲ ਨੇ ਹੁਸ਼ਿਆਰ ਤੋਂ ਪਾਰਟੀ ਦੇ ਸੀਨੀਅਰ ਆਗੂ ਸੋਹਣ ਸਿੰਘ ਠੰਡਲ ਨੂੰ ਟਿਕਟ ਦਿੱਤੀ ਹੈ।


ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਨੇ ਕਾਂਗਰਸ ਛੱਡ ਕੇ ਆਪ ਵਿਚ ਸ਼ਾਮਲ ਹੋਏ ਡਾਕਟਰ ਰਾਜਕੁਮਾਰ ਚੱਬੇਵਾਲ ਨੂੰ ਟਿਕਟ ਦਿੱਤੀ ਗਈ ਹੈ। 


ਹੁਸ਼ਿਆਰਪੁਰ ਦੇ ਮੌਜੂਦਾ ਵੋਟਰ


ਹੁਸ਼ਿਆਰਪੁਰ ਸੀਟ ਲਈ ਕੁਲ ਪੋਲਿੰਗ ਸਟੇਸ਼ਨ 1963 ਹਨ ਤੇ ਵੋਟਰਾਂ ਦੀ ਕੁਲ ਗਿਣਤੀ 15 ਲੱਖ 95 ਹਜ਼ਾਰ 254 ਹੈ। ਇਨ੍ਹਾਂ ’ਚੋਂ 8 ਲੱਖ 27 ਹਜ਼ਾਰ 740 ਮਰਦ ਵੋਟਰ ਹਨ, ਜਦਕਿ 7 ਲੱਖ 67 ਹਜ਼ਾਰ 471 ਮਹਿਲਾ ਵੋਟਰ ਤੇ 43 ਟਰਾਂਸਜੈਂਡਰ ਵੋਟਰ ਹਨ।