Hoshiarpur News(ਰਮਨ ਖੋਸਲਾ): ਦਸੂਹਾ ਦੇ ਪਿੰਡ ਬੋਦਲ ਦੇ 45 ਸਾਲਾ ਨੌਜਵਾਨ ਅਮਰਦੀਪ ਸਿੰਘ ਅਤੇ ਭਾਰਤੀ ਸ਼ਾਸਤਰੀ ਸੰਗੀਤ ਦੇ ਪ੍ਰਸਿੱਧ ਗਾਇਕ ਅਤੇ ਰਾਗੀ ਭਾਈ ਅਮਰਦੀਪ ਸਿੰਘ ਦੀ ਅਮਰੀਕਾ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਦੁੱਖਦਾਈ ਖਬਰ ਨਾਲ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਹੈ।


COMMERCIAL BREAK
SCROLL TO CONTINUE READING

ਦੱਸਣਯੋਗ ਹੈ ਕਿ ਭਾਈ ਅਮਰਦੀਪ ਸਿੰਘ ਨੇ ਭਾਰਤੀ ਸ਼ਾਸਤਰੀ ਸੰਗੀਤ ’ਚ ਪੰਜਾਬ ਅਤੇ ਦੇਸ਼ ਦਾ ਨਾਮ ਪੂਰੀ ਦੁਨੀਆਂ ’ਚ ਪਹੁੰਚਾਇਆ ਹੈ। ਵਧੇਰੇ ਜਾਣਕਾਰੀ ਦਿੰਦੇ ਹੋਏ ਅਮਰਦੀਪ ਦੇ ਵੱਡੇ ਭਰਾ ਅਕਾਸ਼ਦੀਪ ਸਿੰਘ ਨੇ ਦੱਸਿਆ ਕਿ ਮੇਰਾ ਭਰਾ ਅਮਰਦੀਪ ਸਿੰਘ 2018 'ਚ ਅਮਰੀਕਾ ਗਿਆ ਸੀ ਅਤੇ ਆਪਣੀ ਪਤਨੀ ਅਤੇ ਇਕ ਲੜਕੇ ਨਾਲ ਐਰੀਜ਼ੋਨਾ ਸ਼ਹਿਰ 'ਚ ਰਹਿ ਰਿਹਾ ਸੀ।


ਅਮਰਦੀਪ ਨੇ ਭਾਰਤੀ ਸ਼ਾਸਤਰੀ ਸੰਗੀਤ ਵਿਚ ਐਮਏ ਕੀਤੀ ਹੈ ਅਤੇ ਭਾਰਤ ਦੇ ਨਾਲ-ਨਾਲ ਦੁਨੀਆਂ ਦੇ ਕਈ ਵੱਡੇ ਦੇਸ਼ਾਂ ਵਿੱਚ ਸੰਗੀਤਕ ਪ੍ਰੋਗਰਾਮ ਪੇਸ਼ ਕੀਤੇ ਹਨ। ਦੇਸ਼ ਦੀਆਂ ਕਈ ਵੱਡੀਆਂ ਹਸਤੀਆਂ ਅਮਰਦੀਪ ਨੂੰ ਸਨਮਾਨਿਤ ਕਰ ਚੁੱਕੀਆਂ ਹਨ। ਸਾਡਾ ਪਰਿਵਾਰ ਬਾਬਾ ਮਰਦਾਨਾ ਜੀ ਦੇ ਗੋਤ ਨਾਲ ਸਬੰਧਤ ਹੈ ਅਤੇ ਗਾਇਕੀ ਵਿਚ ਅਸੀਂ ਬੋਦਲ ਘਰਾਣੇ ਨਾਲ ਸਬੰਧਤ ਹਾਂ। ਅਮਰਦੀਪ ਦੇ ਭਰਾ ਨੇ ਦੱਸਿਆ ਕਿ ਜਦੋਂ ਸਾਡੇ ਰਿਸ਼ਤੇਦਾਰ ਨੇ ਅਮਰੀਕਾ ਤੋਂ ਫ਼ੋਨ 'ਤੇ ਇਸ ਗੱਲ ਦੀ ਜਾਣਕਾਰੀ ਦਿੱਤੀ ਤਾਂ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ। ਕਿਉਂਕਿ ਭਰਾ ਅਮਰਦੀਪ ਸਿੰਘ ਨੂੰ ਲੋਕਾਂ ਦਾ ਬਹੁਤ ਪਿਆਰ ਮਿਲਦਾ ਸੀ।


ਇਸ ਸਬੰਧੀ ਭਾਈ ਅਮਰਦੀਪ ਸਿੰਘ ਦੀ ਮਾਤਾ ਰਜਿੰਦਰ ਕੌਰ ਦਾ ਕਹਿਣਾ ਹੈ ਕਿ ਅਮਰਦੀਪ ਆਪਣੇ ਸਾਰੇ ਭਰਾਵਾਂ ਨਾਲ ਲਗਾਤਾਰ ਫ਼ੋਨ 'ਤੇ ਗੱਲ ਕਰਦਾ ਸੀ ਪਰ ਕਈ ਮਹੀਨਿਆਂ ਤੋਂ ਉਸ ਨੇ ਮੇਰੇ ਨਾਲ ਗੱਲ ਨਹੀਂ ਕੀਤੀ। ਹੁਣ ਮੈਨੂੰ ਇਸ ਗੱਲ ਦਾ ਪਛਤਾਵਾ ਹੋ ਰਿਹਾ ਹੈ ਕਿ ਕਾਸ਼ ਮੈਂ ਆਪਣੇ ਬੇਟੇ ਨਾਲ ਆਖਰੀ ਵਾਰ ਗੱਲ ਕਰ ਸਕਦੀ। ਉਨ੍ਹਾਂ ਦੱਸਿਆ ਕਿ ਅਮਰਦੀਪ ਸਿੰਘ ਦਾ ਅੰਤਿਮ ਸੰਸਕਾਰ ਅਮਰੀਕਾ ਵਿਚ ਹੀ ਕੀਤਾ ਜਾਵੇਗਾ। ਇਸ ਦੌਰਾਨ ਸਮੂਹ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਭਾਈ ਅਮਰਦੀਪ ਸਿੰਘ ਦੀ ਯਾਦ ਵਿੱਚ ਪਿੰਡ ਬੋਦਲ ਵਿੱਚ ਯਾਦਗਾਰ ਬਣਾਈ ਜਾਵੇ ਤਾਂ ਜੋ ਲੋਕ ਯੁੱਗਾਂ ਤੱਕ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੀ ਇਸ ਮਹਾਨ ਸ਼ਖ਼ਸੀਅਤ ਨੂੰ ਯਾਦ ਕਰ ਸਕਣ।