ਚੰਡੀਗੜ੍ਹ: ਪੰਜਾਬ ਸਰਕਾਰ ਇੱਕ ਵਾਰ ਫੇਰ ਅਹਿਮ ਹਸਤੀਆਂ ਦੀ ਸੁਰੱਖਿਆ ਵਾਪਸ ਲੈਣ ਦੀ ਸੂਚਨਾ ਲੀਕ ਹੋਣ ਦੇ ਮਾਮਲੇ ’ਚ ਬੁਰੀ ਤਰ੍ਹਾਂ ਘਿਰਦੀ ਨਜ਼ਰ ਆ ਰਹੀ ਹੈ। ਇਸ ਵਾਰ ਵਿਰੋਧੀ ਧਿਰਾਂ ਨਹੀਂ ਬਲਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਦੀ ਖਿਚਾਈ ਕੀਤੀ ਹੈ। ਹਾਈ ਕੋਰਟ ਦੇ ਜਸਟਿਸ ਰਾਜ ਮੋਹਨ ਸਿੰਘ ਨੇ ਸੁਰੱਖਿਆ ਵਾਪਸ ਲਏ ਜਾਣ ਦੀ ਸੂਚਨਾ ਲੀਕ ਹੋਣ ਬਾਰੇ ਸੂਬਾ ਸਰਕਾਰ ਨੂੰ 1 ਹਫ਼ਤੇ ਅੰਦਰ ਸੀਲਬੰਦ ਲਿਫ਼ਾਫ਼ੇ ’ਚ ਰਿਪਰੋਟ ਦਾਖਲ ਕਰਵਾਉਣ ਲਈ ਕਿਹਾ ਹੈ। ਹਾਈ ਕੋਰਟ ’ਚ ਜਸਟਿਸ ਰਾਜ ਮੋਹਨ ਸਿੰਘ ਇਸ ਮਾਮਲੇ ’ਤੇ ਕਾਫ਼ੀ ਸਖ਼ਤ ਨਜ਼ਰ ਆਏ, ਵਾਰ ਵਾਰ ਇਹ ਗੱਲ ਦੁਹਰਾਈ ਗਈ ਕਿ ਏਨੀ ਗੁਪਤ ਸੂਚਨਾ ਆਖ਼ਰ ਲੀਕ ਕਿਵੇਂ ਹੋ ਸਕਦੀ ਹੈ। ਦੂਜੇ ਪਾਸੇ ਸੁਰੱਖਿਆ ਵਾਪਸ ਲਏ ਜਾਣ ਤੋਂ ਬਾਅਦ ਹੁਣ ਤੱਕ ਹਾਈ ਕੋਰਟ ’ਚ ਹੁਣ ਤੱਕ 28 ਪਟੀਸ਼ਨਾਂ ਦਾਖ਼ਲ ਕੀਤੀਆਂ ਜਾ ਚੁੱਕੀਆਂ ਹਨ। ਅਦਾਲਤ ’ਚ ਬੀਤੇ ਦਿਨ ਸਾਬਕਾ ਉੱਪ-ਮੁੱਖ ਮੰਤਰੀ ਓ. ਪੀ. ਸੋਨੀ ਅਤੇ ਹੋਰਨਾਂ ਵਲੋਂ ਦਾਖ਼ਲ ਕਰਵਾਈਆਂ ਗਈਆਂ ਪਟੀਸ਼ਨਾਂ ’ਤੇ ਇੱਕਠਿਆਂ ਹੀ ਸੁਣਵਾਈ ਹੋਈ।  ਅਦਾਲਤ ’ਚ ਸਰਕਾਰ ਵਲੋਂ ਵਕੀਲ ਨੇ ਆਪਣਾ ਪੱਖ ਰੱਖਦਿਆ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਜ਼ਿੰਮੇਵਾਰੀ ਵੀ ਤੈਅ ਕੀਤੀ ਜਾਵੇਗੀ।
ਘੱਲੂਘਾਰਾ ਦਿਵਸ ਦੇ ਮੱਦੇਨਜ਼ਰ 424 ਹਸਤੀਆਂ ਦੀ ਸੁਰੱਖਿਆ ਲਈ ਗਈ ਸੀ ਵਾਪਸ
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਘੱਲੂਘਾਰਾ ਹਫ਼ਤੇ ਦੇ ਚੱਲਦਿਆਂ ਕੁੱਲ 424 ਹਲਤੀਆਂ ਦੀ ਸੁਰੱਖਿਆ ਵਾਪਸ ਲੈ ਲਈ ਗਈ ਸੀ। ਸਰਕਾਰ ਦੀ ਇਸ ਕਾਰਵਾਈ ਤੋਂ ਬਾਅਦ ਸਮੁੱਚੀ ਜਾਣਕਾਰੀ ਸੋਸ਼ਲ ਮੀਡੀਆ ’ਤੇ ਜਨਤਕ ਕਰ ਦਿੱਤੀ ਗਈ। ਇਸ ਦੌਰਾਨ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਵੀ ਸੁਰੱਖਿਆ ਅੱਧੀ ਕਰ ਦਿੱਤੀ ਗਈ ਅਤੇ ਦੂਜੇ ਦਿਨ ਹੀ ਗੈਂਗਸਟਰਾਂ ਵਲੋਂ ਸ਼ਰੇਆਮ ਦਿਨ ਦਿਹਾੜੇ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ ਗਈ ਸੀ।   
ਵਿਧਾਇਕ ਰਾਜਾ ਵੜਿੰਗ ਨੇ ਮੂਸੇਵਾਲਾ ਦੇ ਮਾਪਿਆਂ ਨੂੰ ਢੁੱਕਵੀਂ ਸੁਰੱਖਿਆ ਦੇਣ ਦੀ ਕੀਤੀ ਮੰਗ
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹੁਣ ਉਸਦੇ ਪਿਤਾ ਬਲਕੌਰ ਸਿੰਘ ਨੂੰ ਵੀ ਧਮਕੀਆਂ ਮਿਲ ਰਹੀਆਂ ਹਨ। ਜਿਸ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਡੀਜੀਪੀ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੋਈ ਵੱਡੀ ਅਣਗਹਿਲੀ ਕਾਰਨ ਅਸੀਂ ਸਿੱਧੂ ਮੂਸੇਵਾਲਾ ਨੂੰ ਗੁਆ ਲਿਆ ਹੈ ਪਰ ਹੁਣ ਚੌਕਸ ਰਹਿਣ ਦੀ ਲੋੜ ਹੈ। ਰਾਜਾ ਵੜਿੰਗ ਨੇ ਕਿਹਾ ਕਿ ਧਮਕੀਆਂ ਦੇਣ ਵਾਲੇ ਸਖਸ਼ ਦੀ ਭਾਲ ਕਰ ਕਟਹਿਰੇ ’ਚ ਖੜ੍ਹਾ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਮਾਨ ਸਰਕਾਰ ਨੂੰ ਅਗਾਹ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਖ਼ੌਫ਼ ਦੇ ਸਾਏ ’ਚੋਂ ਕੱਢਣ ਲਈ ਠੋਸ ਕਦਮ ਚੁੱਕੇ ਜਾਣੇ ਚਾਹੀਦੇ ਹਨ ਤਾਂ ਜੋ ਸੂਬੇ ’ਚ ਦੁਬਾਰਾ ਸ਼ਾਂਤੀ ਬਹਾਲ ਕੀਤੀ ਜਾ ਸਕੇ।    


COMMERCIAL BREAK
SCROLL TO CONTINUE READING