Fake NOC News: ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਨਾਲ ਲੱਗਦੇ ਹਲਕਾ ਡੇਰਾਬੱਸੀ ਵਿੱਚ ਇੱਕ ਅਜਿਹਾ ਫਰਜ਼ੀਵਾੜਾ ਸਾਹਮਣੇ ਆਇਆ ਹੈ, ਜਿਸਨੇ ਤਹਿਸੀਲਾਂ ਵਿੱਚ ਫੈਲੇ ਭ੍ਰਿਸ਼ਟਾਚਾਰ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਹੱਥ ਲੱਗੇ ਦਸਤਾਵੇਜ਼ ਨਾਲ ਜਦੋਂ ਮਾਮਲਾ ਉਜਾਗਰ ਹੋਇਆ ਤਾਂ ਜਾਂਚ ਵਿੱਚ ਸਾਹਮਣੇ ਆਏ ਤੱਥਾਂ ਨੇ ਸਾਰੇ ਪੰਜਾਬ ਦੀ ਤਹਿਸੀਲਾਂ ਵਿੱਚ ਹੋ ਰਹੀ ਰਜਿਸਟਰੀਆਂ ਉਤੇ ਸਵਾਲੀਆਂ ਨਿਸ਼ਾਨ ਖੜ੍ਹੇ ਕਰ ਦਿੱਤੇ ਗਏ ਹਨ।


COMMERCIAL BREAK
SCROLL TO CONTINUE READING

ਸ਼ੁਰੂਆਤੀ ਜਾਂਚ ਵਿੱਚ ਡੇਰਾਬੱਸੀ ਤਹਿਸੀਲ ਵਿੱਚ ਸਿਰਫ਼ ਡੇਰਾਬੱਸੀ ਖੇਤਰ ਦੀ ਕਰੀਬ 175 ਜਾਅਲੀ ਐਨਓਸੀ ਦਾ ਪਤਾ ਲੱਗਿਆ ਹੈ, ਜਦਕਿ ਇਸੇ ਤਹਿਸੀਲ ਵਿੱਚ ਲਾਲੜੂ ਖੇਤਰ ਵੀ ਵੱਖ ਤੋਂ ਹੋਈ ਰਜਿਸਟਰੀਆਂ ਦੀ ਜਾਂਚ ਜਾਰੀ ਹੈ। ਮਾਮਲਾ ਸਾਹਮਣੇ ਆਉਣ ਉਤੇ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਡੇਰਾਬੱਸੀ ਦੇ ਨਾਲ ਲਾਲੜੂ ਤੇ ਜ਼ੀਰਕਪੁਰ ਦੀ ਰਜਿਸਟਰੀਆਂ ਦੀ ਜਾਂਚ ਕਰਕੇ 3 ਦਿਨਾਂ ਵਿੱਚ ਰਿਪੋਰਟ ਦੇਣ ਦੇ ਹੁਕਮ ਜਾਰੀ ਕੀਤੇ ਹਨ।


ਕਿਵੇਂ ਸ਼ੁਰੂ ਹੋਇਆ ਖੇਡ


ਸਰਕਾਰ ਨੇ ਨਾਜਾਇਜ਼ ਕਲੋਨੀਆਂ ਦੇ ਪਲਾਟਾਂ ਦੀ ਰਜਿਸਟਰੀ ਬੰਦ ਕੀਤੀ ਸੀ। ਰਜਿਸਟਰੀ ਲਈ ਨਗਰ ਕੌਂਸਲ ਦਫ਼ਤਰ ਵਿਚੋਂ ਐਨਓਸੀ ਲੈਣੀ ਲਾਜ਼ਮੀ ਕਰ ਦਿੱਤੀ ਗਈ ਸੀ। ਇੱਕ 100 ਗਜ ਦੇ ਪਲਾਟ ਦੀ ਐਨਓਸੀ ਦੀ ਫੀਸ ਕਰੀਬ 90 ਹਜ਼ਾਰ ਰੁਪਏ ਲੱਗਦੀ ਸੀ। ਬਿਲਡਰਾਂ, ਵਸੀਕਾ ਨਵੀਸ, ਪਲਾਟ ਵੇਚਣ ਅਤੇ ਖਰੀਦਣ ਵਾਲਿਆਂ ਨੇ ਪੈਸੇ ਬਚਾਉਣ ਲਈ ਜਾਅਲੀ ਐਨਓਸੀ ਲਗਾ ਕੇ ਰਜਿਸਟਰੀ ਕਰਵਾਉਣ ਦਾ ਖੇਡ ਸ਼ੁਰੂ ਕਰ ਦਿੱਤਾ।


ਅਜਿਹਾ ਨਹੀਂ ਕਿ ਅਧਿਕਾਰੀਆਂ ਨੂੰ ਇਸ ਗੱਲ ਦੀ ਭਿਣਕ ਨਹੀਂ, ਉਨ੍ਹਾਂ ਦੇ ਧਿਆਨ ਵਿਚ ਇਹ ਮਾਮਲਾ ਆਉਣ ਦੇ ਬਾਵਜੂਦ ਉਨ੍ਹਾਂ ਵੱਲੋਂ ਇਸ ਨੂੰ ਅਣਗੌਲਿਆ ਕਰ ਦਿੱਤਾ ਗਿਆ। ਹੁਣ ਜਦੋਂ ਇੱਕ ਜਾਅਲੀ ਐਨਓਸੀ ਸਾਹਮਣੇ ਆਈ ਤਾਂ ਡੇਰਾਬੱਸੀ ਨਗਰ ਕੌਂਸਲ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ। ਰੌਲਾ ਇਹ ਵੀ ਪੈ ਰਿਹਾ ਹੈ ਇਹ ਫਰਜ਼ੀਵਾੜਾ ਇਥੇ ਹੀ ਨਹੀਂ ਰੁਕਣ ਵਾਲਾ ਜੇਕਰ ਜਾਂਚ ਸਹੀ ਤਰੀਕੇ ਨਾਲ ਹੁੰਦੀ ਹੈ ਤਾਂ ਹਜ਼ਾਰਾਂ ਹੋਰ ਮਾਮਲੇ ਇਕੱਲੀ ਡੇਰਾਬੱਸੀ ਤਹਿਸੀਲ ਵਿੱਚ ਨਿਕਲ ਸਕਦੇ ਹਨ।


ਸੂਤਰ ਦੱਸਦੇ ਹਨ ਕਿ ਡੇਰਾਬੱਸੀ ਤਹਿਸੀਲ ਵਿੱਚ ਜਾਅਲੀ ਨਕਸ਼ੇ ਲਗਾ ਕੇ ਵੀ ਪਿਛਲੀ ਸਰਕਾਰ ਦੇ ਸਮੇਂ ਰਜਿਸਟਰੀਆਂ ਹੋਈ ਹਨ। ਇਹ ਖੇਡ ਇਥੇ ਹੀ ਨਹੀਂ ਰੁਕਦਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਨਗਰ ਕੌਂਸਲ ਸਿਰਫ ਐਨਓਸੀ ਦੀ ਜਾਂਚ ਕਰ ਰਹੀ ਹੈ, ਜਦਕਿ ਉਨ੍ਹਾਂ ਰਜਿਸਟਰੀਆਂ ਦੀ ਕੌਣ ਜਾਂਚ ਕਰੇਗਾ ਜਿਨ੍ਹਾਂ ਨਾਲ ਐਨਓਸੀ ਲਗਾ ਪਹਿਲਾਂ ਰਜਿਸਟਰੀਆਂ ਕਰਵਾ ਲਈ ਗਈ, ਰਜਿਸਟਰੀ ਹੋਣ ਉਪਰੰਤ ਐੱਨਓਸੀ ਹਟਾ ਲਈ ਗਈ। ਇਹ ਵੀ ਪਤਾ ਲੱਗਿਆ ਹੈ ਕਿ ਜਾਅਲੀ ਐੱਨਓਸੀ ਬਣਾਉਣ ਵਾਲਾ ਗਿਰੋਹ ਡੇਰਾਬੱਸੀ ਤਹਿਸੀਲ ਵਿੱਚ ਹੀ ਮੌਜੂਦ ਹੈ ਜੋ 10 ਤੋਂ 20 ਹਜ਼ਾਰ ਰੁਪਏ ਵਿੱਚ ਜਾਅਲੀ ਐਨਓ ਸੀ ਤਿਆਰ ਕਰ ਆਪਣੀ ਜੇਬ ਭਰ ਕੇ ਸਰਕਾਰ ਨੂੰ ਮੋਟਾ ਚੂਨਾ ਲਗਾ ਰਿਹਾ ਹੈ।


ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਜਾਅਲੀ ਐਨਓਸੀ ਮਾਮਲੇ ਵਿੱਚ ਨੋਟਿਸ ਲੈਂਦੇ ਹੋਏ ਤਿੰਨ ਦਿਨਾਂ ਵਿੱਚ ਰਿਪੋਰਟ ਦੇਣ ਦੀ ਹਦਾਇਤ ਜਾਰੀ ਕੀਤੀ ਗਈ ਹੈ। ਇਸ ਦੌਰਾਨ ਨਗਰ ਕੌਂਸਲ ਦੇ ਕਾਰਜ ਸਾਧਕ ਅਧਿਕਾਰੀ ਵਰਿੰਦਰ ਜੈਨ ਨੇ ਕਿਹਾ ਕਿ ਉਨ੍ਹਾਂ ਨੇ ਪੱਤਰ ਪਾ ਕੇ ਐਨਸੀਓਜ਼ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ ਤੇ ਕੁਝ ਐਨਓਸੀ ਉਨ੍ਹਾਂ ਨੂੰ ਮਿਲ ਗਈਆਂ ਹਨ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।


ਇਹ ਵੀ ਪੜ੍ਹੋ : Punjab News: ਸ੍ਰੀ ਅਨੰਦਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਲਈ ਸਰਕਾਰ ਨੇ ਚੁੱਕਿਆ ਵੱਡਾ ਕਦਮ, ਵੇਖੋ ਕੀ ਹੈ ਖਾਸ


ਡੇਰਾਬੱਸੀ ਤੋਂ ਮਨੋਜ ਜੋਸ਼ੀ ਦੀ ਰਿਪੋਰਟ