ਗੁਰਦਾਸਪੁਰ ’ਚ ਪ੍ਰਸ਼ਾਸ਼ਨ ਵਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਅਲਰਟ ਜਾਰੀ, ਹੜ੍ਹ ਦੇ ਹਾਲਾਤ!
ਪੰਜਾਬ ਦੇ ਗੁਰਦਾਸਪੁਰ ਨਾਲ ਲੱਗਦੇ ਕੰਡੀ ਖੇਤਰ ’ਚ ਹੜ੍ਹ ਵਾਲੀ ਸਥਿਤੀ ਬਣ ਗਈ ਹੈ, ਦਰਅਸਲ ਐਤਵਾਰ ਨੂੰ ਉੱਜ ਨਦੀ ’ਚ 2 ਲੱਖ ਕਿਊਸਕ ਪਾਣੀ ਛੱਡਿਆ ਗਿਆ ਹੈ।
ਪਰਮਵੀਰ ਰਿਸ਼ੀ/ ਗੁਰਦਾਸਪੁਰ: ਪੰਜਾਬ ਦੇ ਗੁਰਦਾਸਪੁਰ ਨਾਲ ਲੱਗਦੇ ਕੰਡੀ ਖੇਤਰ ’ਚ ਹੜ੍ਹ ਵਾਲੀ ਸਥਿਤੀ ਬਣ ਗਈ ਹੈ, ਦਰਅਸਲ ਐਤਵਾਰ ਨੂੰ ਉੱਜ ਨਦੀ ’ਚ 2 ਲੱਖ ਕਿਊਸਕ ਪਾਣੀ ਛੱਡਿਆ ਗਿਆ ਹੈ।
ਜਿਸਦੇ ਚੱਲਦਿਆਂ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਦਰਿਆ ਕੰਢੇ ਵਸਦੇ ਗੁੱਜਰਾਂ ਤੇ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਚਲੇ ਜਾਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ।
ਜ਼ਿਕਰਯੋਗ ਹੈ ਕਿ ਉੱਜ ਦਰਿਆ ਜ਼ਿਲ੍ਹਾ ਪਠਾਨਕੋਟ ਦੇ ਬਮਿਆਲ ਖੇਤਰ ’ਚ ਜੰਮੂ-ਕਸ਼ਮੀਰ ਤੋਂ ਪੰਜਾਬ ’ਚ ਦਾਖ਼ਲ ਹੁੰਦਾ ਹੈ। ਪਾਕਿਸਤਾਨ ਦੇ ਇਲਾਕੇ ਨਾਲ ਲੱਗਦੀ ਇਹ ਨਦੀ ਜ਼ਿਲ੍ਹਾ ਗੁਰਦਾਸਪੁਰ ਦੇ ਦੀਨਾਨਗਰ ’ਚ ਬਾਰਡਰ ’ਤੇ ਪੈਂਦੇ ਮਕੋੜਾ ਪੱਤਣ ’ਤੇ ਆਕੇ ਰਾਵੀ ਦਰਿਆ ’ਚ ਸਮਾ ਜਾਂਦਾ ਹੈ।
ਬਰਸਾਤ ਦੇ ਮੌਸਮ ’ਚ ਪਿੰਡਾਂ ਦਾ ਟੁੱਟ ਜਾਂਦਾ ਹੈ ਭਾਰਤ ਨਾਲ ਸੰਪਰਕ
ਹਰ ਸਾਲ ਬਰਸਾਤ ਦੇ ਮੌਸਮ ’ਚ ਉੱਜ ਦਰਿਆ ’ਚ ਪਾਣੀ ਦਾ ਪੱਧਰ ਵੱਧਣ ਕਾਰਨ ਹੜ੍ਹ ਵਰਗੇ ਹਾਲਾਤ ਬਣ ਜਾਂਦੇ ਹਨ। ਹੋਰ ਤਾਂ ਹੋਰ ਮਕੋੜਾ ਪੱਤਣ ਦੇ ਪਾਰ ਪਾਕਿਸਤਾਨ ਸਰਹੱਦ ਨਾਲ ਲੱਗਦੇ ਪੰਜਾਬ ਦੇ ਪਿੰਡਾਂ ਦਾ ਵੀ ਭਾਰਤ ਨਾਲ ਸਪੰਰਕ ਟੁੱਟ ਜਾਂਦਾ ਹੈ। ਕਿਉਂਕਿ ਇਨ੍ਹਾਂ ਪਿੰਡਾਂ ’ਚ ਪਹੁੰਚਣ ਦਾ ਇੱਕ ਮਾਤਰ ਸਹਾਰਾ ਕਿਸ਼ਤੀਆਂ ਹਨ, ਜੋ ਦਰਿਆ ’ਚ ਪਾਣੀ ਦਾ ਪੱਧਰ ਵੱਧਣ ਕਾਰਨ ਚੱਲ ਨਹੀਂ ਪਾਉਂਦੀਆਂ।
ਗੁੱਜਰ ਭਾਈਚਾਰੇ ਦੇ ਡੇਰਿਆਂ ਨੂੰ ਹਰ ਬਾਰ ਪਹੁੰਚਦਾ ਹੈ ਨੁਕਸਾਨ
ਇਸ ਮੌਕੇ ਗੁੱਜਰ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਕਿ ਹਰ ਸਾਲ ਉੱਜ ਦਰਿਆ ’ਚ ਆਏ ਹੜ੍ਹਾਂ ਕਾਰਨ ਉਨ੍ਹਾਂ ਦੇ ਡੇਰਿਆਂ ਨੂੰ ਹਰ ਵਾਰ ਨੁਕਸਾਨ ਪਹੁੰਚਦਾ ਹੈ। ਅੱਜ ਵੀ ਉਹ ਆਪਣਾ ਸਮਾਨ ਅਤੇ ਪਸ਼ੂ ਲੈ ਕੇ ਕਿਸੇ ਹੋਰ ਜਗ੍ਹਾ ਜਾਣ ਲਈ ਮਜਬੂਰ ਹਨ।
ਦੂਜੇ ਪਾਸੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਹੜ੍ਹ ਦੀ ਸਥਿਤੀ ਨਾਲ ਨਜਿੱਠਣ ਸਬੰਧੀ ਉਨ੍ਹਾਂ ਦੁਆਰਾ ਮੁਕੰਮਲ ਪ੍ਰਬੰਧ ਕੀਤੇ ਗਏ ਹਨ। ਭਾਵੇਂ ਭਾਰੀ ਮੀਂਹ ਕਾਰਨ ਖੇਤਰ 'ਚ ਹੜ੍ਹ ਦੀ ਸਥਿਤੀ ਬਣੀ ਹੋਈ ਹੈ ਪਰ ਪ੍ਰਸ਼ਾਸਨ ਚੌਕਸ ਹੈ ਅਤੇ ਸਭ ਕੁਝ ਕੰਟਰੋਲ 'ਚ ਹੈ।