Sri Anandpur Sahib News: ਆਧੁਨਿਕਤਾ ਦੇ ਦੌਰ ਵਿੱਚ ਦੀਵਾਲੀ ਲਈ ਸਭ ਤੋਂ ਮਹੱਤਵਪੂਰਨ ਦੀਵੇ ਤੇ ਮੂਰਤੀਆਂ ਬਣਾਉਣ ਵਾਲੇ ਘੁਮਿਆਰ ਆਪਣੇ ਘਰਾਂ ਵਿੱਚ ਰੋਸ਼ਨੀ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ ਤੇ ਆਪਣੀ ਜੱਦੀ ਕਲਾ ਅਤੇ ਕਾਰੋਬਾਰ ਤੋਂ ਮੂੰਹ ਮੋੜ ਰਹੇ ਹਨ। ਕਾਰੀਗਰਾਂ ਦਾ ਕਹਿਣਾ ਹੈ ਕਿ ਮਿੱਟੀ ਦੇ ਬਰਤਨ ਤੇ ਦੀਵੇ ਬਣਾਉਣ ਲਈ ਮਿਹਨਤ ਬਹੁਤ ਲੱਗਦੀ ਹੈ ਪਰ ਉਨ੍ਹਾਂ ਨੂੰ ਮਿਹਨਤ ਦਾ ਉਹ ਮੁੱਲ ਨਹੀਂ ਮਿਲਦਾ ਜਿਸ ਕਰਕੇ ਉਨ੍ਹਾਂ ਦੀ ਅਗਲੀ ਪੀੜ੍ਹੀ ਇਸ ਕਿੱਤੇ ਤੋਂ ਮੂੰਹ ਮੋੜ ਰਹੀ ਹੈ।


COMMERCIAL BREAK
SCROLL TO CONTINUE READING

ਘੁਮਿਆਰਾਂ ਲਈ ਦੀਵਾਲੀ ਸਿਰਫ਼ ਤਿਉਹਾਰ ਹੀ ਨਹੀਂ ਸਗੋਂ ਰੋਜ਼ੀ-ਰੋਟੀ ਦਾ ਸਾਧਨ ਹੈ। ਪਰ ਜਿਸ ਤਰ੍ਹਾਂ ਆਧੁਨਿਕਤਾ ਦੇ ਦੌਰ 'ਚ ਦੀਵਿਆਂ ਦੀ ਜਗ੍ਹਾ ਚਾਈਨੀਜ਼ ਲੜੀਆਂ ਨੇ ਲੈ ਲਈ ਸੀ। ਹੁਣ ਹੌਲੀ-ਹੌਲੀ ਲੋਕਾਂ ਦਾ ਚਾਈਨੀਜ਼ ਲਾਈਟਾਂ ਛੱਡ ਕੇ ਦੀਵਿਆਂ ਵੱਲ ਰੁਝਾਨ ਵੱਧ ਰਿਹਾ ਹੈ। ਦੂਜੇ ਪਾਸੇ ਇਨ੍ਹਾਂ ਕਾਰੀਗਰਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ, ਹਿਮਾਚਲ ਸਰਕਾਰ ਵਾਂਗ ਇਨ੍ਹਾਂ ਲਈ ਵਰਤੇ ਜਾਂਦੇ ਸੰਦ ਮੁਫ਼ਤ ਮੁਹੱਈਆ ਕਰਵਾਏ ਤੇ ਇਹ ਅਲੋਪ ਹੁੰਦੀ ਜਾ ਰਹੀ ਵਿਰਾਸਤ ਸਾਂਭੀ ਜਾ ਸਕੇ।


ਦੀਵਾਲੀ ਦਾ ਅਰਥ ਹੈ ਦੀਵਿਆਂ ਦੀ ਕਤਾਰ। ਦੀਪਾਵਲੀ ਸ਼ਬਦ ‘ਦੀਪ’ ਅਤੇ ‘ਆਵਲੀ’ ਦੇ ਸੁਮੇਲ ਤੋਂ ਬਣਿਆ ਹੈ। ਆਵਲੀ ਦਾ ਅਰਥ ਹੈ ਕਤਾਰ, ਇਸ ਤਰ੍ਹਾਂ ਦੀਪਾਵਲੀ ਸ਼ਬਦ ਦਾ ਅਰਥ ਹੈ ਦੀਵਿਆਂ ਦੀ ਕਤਾਰ। ਕਰਵਾ ਚੌਥ ਹੋਵੇ ਜਾਂ ਅਹੋਈ, ਅਸ਼ਟਮੀ , ਦੀਪਾਵਲੀ ਜਾਂ ਕੋਈ ਹੋਰ ਤਿਉਹਾਰ, ਘੁਮਿਆਰ ਦੇ ਚੱਕਰ ਤੇ ਭਾਂਡਿਆਂ ਤੋਂ ਬਿਨਾਂ ਅਧੂਰਾ ਹੈ। ਪਿੰਡਾਂ ਵਿੱਚ ਦੀਵਾਲੀ ਮੌਕੇ ਦੀਵਿਆਂ ਨੂੰ ਖ਼ਾਸ ਮਹੱਤਤਾ ਦਿੱਤੀ ਜਾਂਦੀ ਸੀ ਤੇ ਲੋਕ ਘਰਾਂ ਵਿੱਚ ਮਿੱਟੀ ਦੇ ਬਣੇ ਦੀਵੇ ਹੀ ਬਾਲਦੇ ਸਨ ਮਗਰ ਆਧੁਨਿਕਤਾ ਨੇ ਕਿਤੇ ਨਾ ਕਿਤੇ ਇਸ ਵਿਰਾਸਤ ਨੂੰ ਕਾਫੀ ਸੱਟ ਮਾਰੀ ਹੈ।


ਘੁਮਿਆਰ ਦੇ ਪਹੀਏ ਤੋਂ ਬਣੇ ਵਿਸ਼ੇਸ਼ ਦੀਵੇ ਦੀਵਾਲੀ 'ਤੇ ਇਨ੍ਹਾਂ ਤਿਉਹਾਰਾਂ ਨੂੰ ਚਾਰ ਚੰਨ ਲਾਉਂਦੇ ਹਨ ਪਰ ਬਦਲਦੇ ਜੀਵਨ ਸ਼ੈਲੀ ਤੇ ਆਧੁਨਿਕ ਮਾਹੌਲ ਵਿੱਚ ਮਿੱਟੀ ਨੂੰ ਆਕਾਰ ਦੇਣ ਵਾਲੇ ਘੁਮਿਆਰ ਅੱਜ ਆਧੁਨਿਕੀਕਰਨ ਦਾ ਸ਼ਿਕਾਰ ਹੋ ਰਹੇ ਹਨ। ਬਾਜ਼ਾਰਾਂ ਵਿੱਚ ਚਾਈਨੀਜ਼ ਲੜੀਆਂ ਦੀ ਚਮਕ ਮਿੱਟੀ ਦੇ ਦੀਵੇ ਦੀ ਰੌਸ਼ਨੀ ਨੂੰ ਫਿੱਕੀ ਪਾਉਣ ਲੱਗੀ ਹੈ। ਸਦੀਆਂ ਤੋਂ ਅਸੀਂ ਆਪਣੇ ਘਰਾਂ ਵਿੱਚ ਮਿੱਟੀ ਦੇ ਦੀਵੇ ਜਗਾ ਕੇ ਦੀਵਾਲੀ ਮਨਾਉਂਦੇ ਆ ਰਹੇ ਹਾਂ ਪਰ ਅੱਜ ਬਾਜ਼ਾਰ ਵਿੱਚ ਚੀਨੀ ਦੀਵਿਆਂ ਨੇ ਮਿੱਟੀ ਦੇ ਦੀਵਿਆਂ ਦੀ ਮਹਿਕ ਖੋਹ ਲਈ ਹੈ।


ਇਸ ਕਾਰਨ ਘੁਮਿਆਰ ਦੁਖੀ ਹੋ ਰਹੇ ਹਨ। ਦੀਵਾਲੀ ਮੌਕੇ ਘਰ-ਘਰ ਦੀਵੇ ਜਗਾਉਣ ਵਾਲੇ ਘੁਮਿਆਰਾਂ ਦੇ ਘਰਾਂ 'ਤੇ ਵੀ ਆਧੁਨਿਕਤਾ ਦੀ ਮਾਰ ਪਈ ਹੈ। ਇਸ ਕਾਰਨ ਦੀਵੇ ਬਣਾਉਣ ਵਾਲੇ ਖੁਦ ਦੀਵੇ ਜਗਾਉਣ ਤੋਂ ਵਾਂਝੇ ਰਹਿ ਜਾਂਦੇ ਹਨ ਤੇ ਉਨ੍ਹਾਂ ਦੇ ਘਰ ਹਨੇਰਾ ਬਣਿਆ ਰਹਿੰਦਾ ਹੈ। ਇਸ ਨੂੰ ਵਿਡੰਬਨਾ ਨਹੀਂ ਤਾਂ ਹੋਰ ਕੀ ਕਿਹਾ ਜਾਵੇ ਕਿ ਦੀਵਾਲੀ ਵਾਲੇ ਦਿਨ ਲੋਕ ਆਪਣੇ ਘਰਾਂ ਵਿੱਚ ਲਕਸ਼ਮੀ ਦੇ ਆਗਮਨ ਲਈ ਮੂਰਤੀਆਂ ਤੇ ਦੀਵਿਆਂ ਰਾਹੀਂ ਲਕਸ਼ਮੀ ਗਣੇਸ਼ ਦੀ ਪੂਜਾ ਕਰਦੇ ਹਾਂ। ਉਹ ਉਨ੍ਹਾਂ ਘੁਮਿਆਰਾਂ ਤੋਂ ਬਹੁਤ ਦੂਰ ਹੈ ਜਿਨ੍ਹਾਂ ਨੇ ਇਨ੍ਹਾਂ ਨੂੰ ਮੂਰਤੀ ਬਣਾਇਆ ਸੀ। ਰਵਾਇਤੀ ਦੀਵਿਆਂ ਦੀ ਥਾਂ ਮੋਮਬੱਤੀਆਂ ਤੇ ਰੰਗੀਨ ਬਿਜਲੀ ਦੇ ਬਲਬਾਂ ਨੇ ਲੈ ਲਈ ਹੈ।


ਘੁਮਿਆਰ ਅਨੁਸਾਰ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਲੋਕ ਦੀਵੇ ਦੀ ਖ਼ਰੀਦਦਾਰੀ ਕਰ ਰਹੇ ਹਨ, ਹੁਣ ਹੌਲੀ-ਹੌਲੀ ਲੋਕ ਦੀਵੇ ਨੂੰ ਅਪਣਾ ਰਹੇ ਹਨ,  ਜਦੋਂਕਿ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਦੀਵਾਲੀ ਤਾਂ ਦੀਵੇ ਨਾਲ ਹੀ ਮਨਾਈ ਜਾਂਦੀ ਹੈ। ਉੱਥੇ ਇਨ੍ਹਾਂ ਨੂੰ ਬਣਾਉਣ ਵਾਲੇ ਘੁਮਿਆਰਾਂ ਲਈ ਰੋਜ਼ੀ-ਰੋਟੀ ਦਾ ਸਾਧਨ ਵੀ ਬਣਿਆ ਰਹਿੰਦਾ ਹੈ। ਇਹਨਾਂ ਕਾਰੀਗਰਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੀ ਹਿਮਾਚਲ ਸਰਕਾਰ ਵਾਂਗ ਕਾਰੀਗਰਾਂ ਦੀ ਹੱਥ ਫੜੇ , ਜਿਸ ਤਰੀਕੇ ਨਾਲ ਹਿਮਾਚਲ ਸਰਕਾਰ ਵਲੋਂ ਸੰਦ ਮੁਫ਼ਤ ਵਿੱਚ ਦਿੱਤੇ ਜਾਂਦੇ ਹਨ।


ਉਨ੍ਹਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਵਿਰਾਸਤ ਨੂੰ ਬਚਾਉਣ ਲਈ ਸੰਦ ਮੁਹੱਈਆ ਕਰਵਾਏ। ਹਾਲਾਤ ਤੋਂ ਇੰਝ ਜਾਪਦਾ ਹੈ ਕਿ ਸ਼ਾਇਦ ਘੁਮਿਆਰ ਦਾ ਚਰਖਾ ਰੁੱਕ ਜਾਵੇਗਾ ਅਤੇ ਘੁਮਿਆਰ ਕਹਾਣੀਆਂ ਵਿੱਚ ਹੀ ਸੁਣਨ ਨੂੰ ਮਿਲੇਗਾ। ਕਾਫੀ ਮਿਹਨਤ ਤੋਂ ਬਾਅਦ ਫੁੱਟਪਾਥ 'ਤੇ ਦੁਕਾਨ ਬਣਾ ਕੇ ਦੀਵੇ ਬਣਾਉਣ ਤੇ ਵੇਚਣ ਵਾਲੇ ਘੁਮਿਆਰ ਜਿੱਥੇ ਬਾਜ਼ਾਰ 'ਚ ਗਾਹਕ ਨੂੰ ਤਰਸਦੇ ਹਨ।


ਜੇ ਅਸੀਂ ਦੀਵੇ ਬਣਾਉਣ ਵਾਲੇ ਘੁਮਿਆਰਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਅਨੁਸਾਰ ਦੀਵੇ ਬਣਾਉਣ ਲਈ ਉਨ੍ਹਾਂ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ, ਪਹਿਲਾਂ ਮਿੱਟੀ ਨੂੰ ਦੂਰੋਂ ਲਿਆਉਣਾ ਪੈਂਦਾ ਹੈ, ਉਸ ਤੋਂ ਬਾਅਦ ਇਸ ਨੂੰ ਛਾਨਣਾ ਪੈਂਦਾ ਹੈ, ਉਸ ਤੋਂ ਬਾਅਦ ਗੁੰਨ੍ਹ ਕੇ ਇਸ ਨੂੰ ਸੁਕਾ ਕੇ ਅੱਗ ਵਿੱਚ ਪਕਾਇਆ ਜਾਂਦਾ ਹੈ, ਕਾਫੀ ਮਿਹਨਤ ਤੋਂ ਬਾਅਦ ਦੀਵੇ ਤਿਆਰ ਹੁੰਦੇ ਹਨ।


ਦੀਵਾ ਬਣਾਉਣ ਵਾਲੇ ਕਾਰੀਗਰ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਇਹ ਕੰਮ ਨਹੀਂ ਕਰਨਾ ਚਾਹੁੰਦੇ ਕਿਉਂਕਿ ਇਹ ਬਹੁਤ ਸਖਤ ਮਿਹਨਤ ਦਾ ਕੰਮ ਹੁੰਦਾ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਵਾਜਿਬ ਮੁੱਲ ਵੀ ਨਹੀਂ ਮਿਲਦਾ ਹੈ। ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ਤੇ ਆਧੁਨਿਕਤਾ ਦੇ ਯੁੱਗ ਵਿੱਚ ਅਸੀਂ ਆਪਣੇ ਪੁਰਾਣੇ ਸੱਭਿਆਚਾਰ ਨੂੰ ਭੁੱਲਦੇ ਜਾ ਰਹੇ ਹਾਂ, ਅਜਿਹੀਆਂ ਕਲਾਵਾਂ ਨੂੰ ਸੰਭਾਲਣ ਦੀ ਲੋੜ ਹੈ ਤੇ ਜਨਤਾ ਨੂੰ ਵੀ ਇਨ੍ਹਾਂ ਤੋਂ ਸਾਮਾਨ ਖਰੀਦ ਕੇ ਉਤਸ਼ਾਹਿਤ ਕਰਨਾ ਚਾਹੀਦਾ ਹੈ।


ਇਹ ਵੀ ਪੜ੍ਹੋ : Ludhiana News: ਮਿੱਟੀ ਦੇ ਦੀਵਿਆਂ ਤੋਂ ਬੇਮੁੱਖ ਹੋਏ ਲੋਕ ਇਲੈਕਟ੍ਰਾਨਿਕ ਲੜੀਆਂ ਨੂੰ ਦੇ ਰਹੇ ਤਵੱਜੋ; ਘੁਮਿਆਰਾਂ ਦਾ ਕੰਮ ਬੰਦ ਹੋਣ ਕੰਢੇ


ਸ਼੍ਰੀ ਅਨੰਦਪੁਰ ਸਾਹਿਬ ਤੋਂ ਬਿਮਲ ਸ਼ਰਮਾ ਦੀ ਰਿਪੋਰਟ