ਚੰਡੀਗੜ੍ਹ: ਸ਼ਹੀਦ ਊਧਮ ਸਿੰਘ ਦੀ ਬਰਸੀ ਮੌਕੇ CM ਭਗਵੰਤ ਮਾਨ ਵਲੋਂ ਸੁਨਾਮ ’ਚ ਸ਼ਹੀਦ ਊਧਮ ਸਿੰਘ ਮੈਮੋਰੀਅਲ ਵਿਖੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਉਨ੍ਹਾਂ ਆਪਣੇ ਭਾਸ਼ਣ ’ਚ ਕਿਹਾ ਕਿ ਦੇਸ਼ ਦੇ ਸ਼ਹੀਦਾਂ ’ਚ ਊਧਮ ਸਿੰਘ ਦਾ ਦਰਜਾ ਬਹੁਤ ਸਨਮਾਨਜਨਕ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮੈਂ ਖੁਸ਼ਕਿਸਮਤ ਹਾਂ ਕਿ ਸ਼ਹੀਦ ਊਧਮ ਸਿੰਘ ਦੀ ਜਨਮ ਭੂਮੀ, ਮੇਰੀ ਵੀ ਕਰਮ ਭੂਮੀ ਹੈ।


COMMERCIAL BREAK
SCROLL TO CONTINUE READING


ਇਨਕਲਾਬੀਆਂ ਤੇ ਲੇਖਕਾਂ ਦੀ ਧਰਤੀ, ਸੁਨਾਮ: ਮੁੱਖ ਮੰਤਰੀ
ਸੁਨਾਮ ਦੇ ਸਬੰਧ ’ਚ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਧਰਤੀ ਇਨਕਲਾਬੀਆਂ ਅਤੇ ਲੇਖਕਾਂ ਦੀ ਧਰਤੀ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ’ਚ ਪਈਆਂ ਸ਼ਹੀਦਾਂ ਨਾਲ ਸਬੰਧਿਤ ਯਾਦਗਰ ਚਿੰਨ੍ਹਾਂ ਨੂੰ ਕੇਂਦਰ ਸਰਕਾਰ ਦੀ ਮਦਦ ਨਾਲ ਵਾਪਸ ਮੁਲਕ ਲਿਆਂਦਾ ਜਾਵੇਗਾ। 



ਹਰ ਹਲਕੇ ’ਚ ਹੋਵੇਗਾ ਵਿਧਾਇਕ ਦਾ ਦਫ਼ਤਰ
ਇਸ ਮੌਕੇ ਉਨ੍ਹਾਂ ਆਈਟੀਆਈ ’ਚ ਸਟੇਡੀਅਮ ਦਾ ਨੀਂਹ ਪੱਥਰ ਰੱਖਣ ਉਪਰੰਤ ਮੀਡੀਆ ਦੇ ਰੂਬਰੂ ਹੁੰਦਿਆ ਕਿਹਾ ਕਿ ਸੁਨਾਮ ਦੇ ਵਿਕਾਸ ਲਈ ਸਰਕਾਰ ਵਲੋਂ ਕੋਸ਼ਿਸ਼ਾਂ ਜਾਰੀ ਹਨ। ਇਸ ਲੜੀ ਦੇ ਤਹਿਤ ਹਰ ਹਲਕੇ ’ਚ ਵਿਧਾਇਕ ਦਾ ਦਫ਼ਤਰ ਖੋਲ੍ਹਿਆ ਜਾਵੇਗਾ ਤਾਂ ਜੋ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਹੀ ਕੀਤਾ ਜਾਵੇਗਾ।



ਸਹੀ ਤਸਵੀਰ ਅਨੁਸਾਰ ਬਣਵਾਏ ਜਾਣਗੇ ਸ਼ਹੀਦਾਂ ਦੇ ਬੁੱਤ: ਮੁੱਖ ਮੰਤਰੀ
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਿਹੜੀਆਂ ਸਰਕਾਰਾਂ ਨੇ ਦੇਸ਼ ਦੇ ਸ਼ਹੀਦਾਂ ਦੀ ਯਾਦਗਰਾਂ ਦੀ ਸਾਂਭ-ਸੰਭਾਲ ਨਹੀਂ ਕੀਤੀ, ਲੋਕਾਂ ਨੇ ਉਨ੍ਹਾਂ ਨੂੰ ਸੱਤਾ ਤੋਂ ਲਾਂਭੇ ਕਰ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਪਹਿਲੇ ਮੁੱਖ ਮੰਤਰੀ ਤਾਂ ਇੱਥੇ ਆਉਣਾ ਹੀ ਭੁੱਲ ਜਾਂਦੇ ਸਨ, ਪਰ ਉਨ੍ਹਾਂ ਦੀ ਸਰਕਾਰ ’ਚ ਸ਼ਹੀਦਾਂ ਦੀਆਂ ਯਾਦਗਰਾਂ ਦਾ ਪੁਨਰ-ਨਿਰਮਾਣ ਕੀਤਾ ਜਾਵੇਗਾ। ਮਾਨ ਨੇ ਐਲਾਨ ਕੀਤਾ ਕਿ ਦੇਸ਼ ਦੇ ਸਭ ਤੋਂ ਵਧੀਆ ਬੁੱਤ ਘਾੜਿਆਂ ਨੂੰ ਬੁਲਾਕੇ ਸਹੀ ਤਸਵੀਰ ਅਨੁਸਾਰ ਸ਼ਹੀਦ ਊਧਮ ਸਿੰਘ ਦੇ ਬੁੱਤ ਤਿਆਰ ਕਰਵਾਏ ਜਾਣਗੇ। 
ਇਸ ਮੌਕੇ ਉਨ੍ਹਾਂ ਨਾਲ ਕੈਬਨਿਟ ਮੰਤਰੀ ਅਮਨ ਅਰੋੜਾ ਤੇ ਮੀਤ ਹੇਅਰ ਤੋਂ ਇਲਾਵਾ ਵਿਧਾਇਕ ਨਰਿੰਦਰ ਕੌਰ ਭਰਾਜ, ਵਰਿੰਦਰ ਗੋਇਲ ਤੇ ਗੁਰਮੇਲ ਘਰਾਚੋਂ ਵੀ ਮੌਜੂਦ ਰਹੇ।