ਚੰਡੀਗੜ੍ਹ: ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ (Harpal Singh Cheema) ਨੇ ਕਿਹਾ ਕਿ ਸੂਬੇ ਨੇ ਵਿੱਤੀ ਸਾਲ 2021-22 ਦੇ ਪਹਿਲੇ ਪੰਜ ਮਹੀਨਿਆਂ ਦੇ ਮੁਕਾਬਲੇ ਚਾਲੂ ਵਿੱਤੀ ਵਰ੍ਹੇ ਦੌਰਾਨ ਜੀ.ਐਸ.ਟੀ ਮਾਲੀਏ (GST Income) ਵਿੱਚ 23 ਫੀਸਦੀ ਵਾਧਾ ਦਰਜ ਕੀਤਾ ਹੈ।


COMMERCIAL BREAK
SCROLL TO CONTINUE READING

 



ਟੈਕਸ ਚੋਰੀ ’ਤੇ ਰੋਕਥਾਮ ਕਰਨ ’ਚ ਸਰਕਾਰ ਸਫ਼ਲ ਰਹੀ
ਅੱਜ ਆਪਣੇ ਟਵੀਟ ਵਿੱਚ ਵਿੱਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਰ ਚੋਰੀ ਨੂੰ ਰੋਕਣ ਲਈ ਕੀਤੇ ਗਏ ਉਪਰਾਲੇ ਸਾਰਥਕ ਸਿੱਧ ਹੋ ਰਹੇ ਹਨ ਅਤੇ ਮਾਲੀਏ ਵਿੱਚ ਵਾਧਾ ਨਤੀਜਿਆਂ ਦੇ ਰੂਪ ਵਿੱਚ ਸਪਸ਼ਟ ਝਲਕ ਰਿਹਾ ਹੈ।



ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਗੁਜਰਾਤ ਵਰਗੇ ਰਾਜਾਂ ਤੋਂ ਪੰਜਾਬ ਮੋਹਰੀ ਰਿਹਾ
ਵਿੱਤ ਮੰਤਰੀ ਨੇ ਅਗਸਤ 2022 ਦੇ ਮਹੀਨੇ ਦੌਰਾਨ ਜੀਐਸਟੀ ਮਾਲੀਏ ਦੇ ਰਾਜ-ਵਾਰ ਵਾਧੇ ਦੇ ਅੰਕੜੇ ਵੀ ਸਾਂਝੇ ਕੀਤੇ। ਪੰਜਾਬ ਅਗਸਤ ਦੌਰਾਨ ਜੀਐਸਟੀ ਮਾਲੀਏ ਵਿੱਚ 17 ਪ੍ਰਤੀਸ਼ਤ ਵਾਧਾ ਦਰਜ ਕਰਕੇ ਵਿਕਾਸ ਦਰ ਵਿੱਚ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਗੁਜਰਾਤ ਅਤੇ ਰਾਜਸਥਾਨ ਵਰਗੇ ਵੱਡੇ ਰਾਜਾਂ ਤੋਂ ਅੱਗੇ ਰਿਹਾ।


 



ਪਿਛਲੀ ਸਰਕਾਰ ਸੂਬੇ ਦਾ ਮਾਲੀਆ ਵਧਾਉਣ ’ਚ ਅਸਫ਼ਲ ਰਹੀ: ਚੀਮਾ 
ਇਸੇ ਦੌਰਾਨ ਵਿੱਤੀ ਸਾਲ 2022-23 ਦੇ ਬਜਟ ਵਿੱਚ ਨਿਰਧਾਰਤ ਟੀਚਿਆਂ ਨੂੰ ਪੂਰਾ ਕਰਨ ਲਈ ਸੂਬੇ ਨੂੰ ਤੇਜ਼ੀ ਨਾਲ ਵਿਕਾਸ ਦਰ ਦੀ ਲੀਹ 'ਤੇ ਲਿਆਉਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ (Punjab Government) ਸੂਬੇ ਦੇ ਮਾਲੀਏ ਨੂੰ ਵਧਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ।


 


ਜਦੋਂ ਕਿ ਪਿਛਲੀ ਕਾਂਗਰਸ ਸਰਕਾਰ ਅਜਿਹੇ ਯਤਨ ਕਰਨ ਵਿੱਚ ਅਸਫਲ ਰਹੀ ਅਤੇ ਕੇਂਦਰ ਸਰਕਾਰ ਦੁਆਰਾ ਦਿੱਤੇ ਜਾ ਰਹੇ ਜੀਐਸਟੀ ਮੁਆਵਜ਼ੇ 'ਤੇ ਹੀ ਨਿਰਭਰ ਰਹੀ।