Jagraon News: ਜਗਰਾਓਂ 'ਚ ਇਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਬੇਜੁਬਾਨ ਨੂੰ ਇਨਸਾਫ ਦਿਵਾਉਣ ਲਈ ਇਕ ਔਰਤ ਨੇ ਆਪਣੇ ਪਤੀ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਅਤੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਔਰਤ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪਤੀ 10 ਸਾਲ ਪਹਿਲਾਂ ਫਿਮੇਲ ਡੌਂਗ ਲੈ ਕੇ ਆਇਆ ਸੀ। ਘਰ ਵਿਚ ਲੜਾਈ-ਝਗੜੇ ਦੌਰਾਨ ਉਹ ਹਮੇਸ਼ਾ ਉਸ ਨੂੰ ਮਾਰਨ ਦੀ ਗੱਲ ਕਰਦਾ ਸੀ। ਹੁਣ ਉਹ ਕੁੱਤਾ ਗਾਇਬ ਹੈ।


COMMERCIAL BREAK
SCROLL TO CONTINUE READING

ਥਾਣਾ ਸਿਟੀ ਦੇ ਐਸ.ਆਈ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਜਸਨੀਤ ਕੌਰ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਉਸਦਾ ਪਤੀ ਜਰਮਨ ਸ਼ੈਫਰਡ ਫਿਮੇਲ ਡੌਂਗ ਲੈ ਕੇ ਆਇਆ ਸੀ। ਜਿਸ ਦਾ ਨਾਂ ਉਸ ਨੇ ਸ਼ੈਫੀ ਰੱਖਿਆ। ਉਨ੍ਹਾਂ ਨੇ ਉਸ ਨੂੰ ਬੱਚੇ ਵਾਂਗ ਪਾਲਿਆ। ਕਈ ਵਾਰ ਘਰੇਲੂ ਝਗੜੇ ਦੌਰਾਨ ਉਸ ਦਾ ਪਤੀ ਸ਼ੈਫੀ ਨੂੰ ਘਰੋਂ ਬਾਹਰ ਕੱਢਣ ਜਾਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ। ਉਹ ਉਸ ਨੂੰ ਕੁੱਟਦਾ ਮਾਰਦਾ ਵੀ ਸੀ। ਇਸ ਕਾਰਨ ਸ਼ੈਫੀ ਦੀ ਕੰਨ ਖਰਾਬ ਹੋਣ ਲੱਗ ਗਿਆ ਸੀ, ਉਸ ਨੂੰ ਸ਼ੱਕ ਹੈ ਕਿ ਉਸ ਦੇ ਪਤੀ ਨੇ ਸ਼ੈਫੀ ਨੂੰ ਮਾਰ ਕੇ ਦੱਬ ਦਿੱਤਾ ਹੈ, ਜਾਂ ਕਿਸੇ ਹੋਰ ਥਾਂ 'ਤੇ ਛੱਡ ਦਿੱਤਾ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਥਾਣਾ ਸਿਟੀ ਵਿੱਚ ਧਾਰਾ 325 ਬੀਐਨਐਸ 11 ਐਨੀਮਲਜ਼ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


ਸ਼ਿਕਾਇਤਕਰਤਾ ਅਪਰੇਸ਼ਨ ਕਰਵਾਉਣ ਗਈ ਸੀ


ਪੀੜਤਾ ਨੇ ਦੱਸਿਆ ਕਿ ਉਸ ਨੂੰ ਪੱਥਰੀ ਦੇ ਆਪ੍ਰੇਸ਼ਨ ਲਈ 25 ਜੁਲਾਈ ਨੂੰ ਫਰੀਦਕੋਟ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਜਦੋਂ ਉਹ ਅਪਰੇਸ਼ਨ ਤੋਂ ਬਾਅਦ 30 ਜੁਲਾਈ ਨੂੰ ਆਪਣੀ ਧੀ ਅਤੇ ਜਵਾਈ ਨਾਲ ਘਰ ਵਾਪਸ ਆਈ ਤਾਂ ਘਰ ਵਿੱਚ ਕੁੱਤਾ ਨਜ਼ਰ ਨਹੀਂ ਆਇਆ। ਜਦੋਂ ਉਸ ਨੇ ਆਪਣੇ ਪਤੀ ਨੂੰ ਪੁੱਛਿਆ ਤਾਂ ਉਸ ਨੇ ਕੁਝ ਦੱਸਣ ਦੀ ਬਜਾਏ ਲੜਾਈ ਸ਼ੁਰੂ ਕਰ ਦਿੱਤੀ। ਉਸ ਸਮੇਂ ਉਹ ਦਰਦ ਕਾਰਨ ਚੁੱਪ ਹੋ ਗਈ।


ਅਗਲੇ ਦਿਨ ਉਸ ਨੇ ਫਿਰ ਆਪਣੇ ਪਤੀ ਨੂੰ ਕੁੱਤੇ ਬਾਰੇ ਪੁੱਛਿਆ ਪਰ ਉਸ ਦੇ ਪਤੀ ਨੇ ਕੁਝ ਨਹੀਂ ਦੱਸਿਆ। ਰਾਤ ਨੂੰ ਉਸਦਾ ਪਤੀ ਸ਼ਰਾਬ ਪੀ ਕੇ ਘਰ ਆਇਆ ਅਤੇ ਲੜਾਈ ਸ਼ੁਰੂ ਕਰ ਦਿੱਤੀ। ਵਿਆਹੁਤਾ ਧੀ ਨਾਲ ਦੁਰਵਿਵਹਾਰ ਕਰਨ ਲੱਗਾ। ਪੀੜਤਾ ਨੇ ਦੱਸਿਆ ਕਿ ਉਸ ਨੂੰ ਯਕੀਨ ਹੈ ਕਿ ਉਸ ਦੇ ਪਤੀ ਨੇ ਉਨ੍ਹਾਂ ਦੇ ਕੁੱਤੇ ਨੂੰ ਮਾਰ ਕੇ ਉਸ ਦੀ ਲਾਸ਼ ਨੂੰ ਦੱਬ ਦਿੱਤਾ ਹੈ ਜਾਂ ਫਿਰ ਉਸ ਨੂੰ ਕਿਸੇ ਹੋਰ ਥਾਂ 'ਤੇ ਛੱਡ ਦਿੱਤਾ ਹੈ।


ਪੁਲਿਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਦੋਸ਼ੀ ਪਤੀ ਖਿਲਾਫ ਮਾਮਲਾ ਦਰਜ ਕਰਕੇ ਲਾਪਤਾ ਕੁੱਤੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਦੀ ਪਛਾਣ ਸੁਰਿੰਦਰਪਾਲ ਸਿੰਘ ਵਾਸੀ ਮੁਹੱਲਾ ਰਾਮ ਨਗਰ ਵਜੋਂ ਹੋਈ ਹੈ। ਮੁਲਜ਼ਮ ਆਪਣੇ ਖ਼ਿਲਾਫ਼ ਦਰਜ ਹੋਏ ਕੇਸ ਬਾਰੇ ਪਤਾ ਲੱਗਦਿਆਂ ਹੀ ਘਰੋਂ ਫਰਾਰ ਹੋ ਗਿਆ।