Jahaz Haveli: ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਅਗਵਾਈ ਹੇਠ ਫਤਹਿਗੜ੍ਹ ਸਾਹਿਬ ਸਥਿਤ ਜਹਾਜ਼ ਹਵੇਲੀ ਦੀ ਮੁੜ ਬਹਾਲੀ ਅਤੇ ਸਾਂਭ ਸੰਭਾਲ ਲਈ ਇੱਕ ਉੱਚ ਪੱਧਰੀ ਮੀਟਿੰਗ ਸੈਰ ਸਪਾਟਾ ਵਿਭਾਗ ਦੇ ਸੈਕਟਰ 38 ਵਿਚਲੇ ਦਫ਼ਤਰ ਵਿੱਚ ਹੋਈ।


COMMERCIAL BREAK
SCROLL TO CONTINUE READING

ਸੌਂਦ ਦੀ ਪਹਿਲ ਕਦਮੀ ਹੇਠ ਮੀਟਿੰਗ ਵਿੱਚ ਫੈਸਲਾ ਹੋਇਆ ਕਿ ਇਸੇ ਹਫ਼ਤੇ ਵੀਰਵਾਰ 30 ਜਨਵਰੀ ਨੂੰ ਇੱਕ ਕਮੇਟੀ ਹਵੇਲੀ ਦਾ ਦੌਰਾ ਕਰਕੇ ਆਵੇਗੀ ਅਤੇ ਉੱਥੋਂ ਦੀ ਮੌਜੂਦਾ ਸਥਿਤੀ ਬਾਬਤ ਆਪਣੀ ਰਿਪੋਰਟ ਪੇਸ਼ ਕਰੇਗੀ। ਇਸ ਤੋਂ ਬਾਅਦ 8 ਮਾਹਿਰ ਮੈਂਬਰਾਂ ਦੀ ਇੱਕ ਡਿਜ਼ਾਈਨ ਕਮੇਟੀ ਇਸਦੀ ਘੋਖ ਕਰੇਗੀ। ਮੰਤਰੀ ਸੌਂਦ ਨੇ ਕਿਹਾ ਕਿ ਇਸ ਬਾਬਤ ਕੋਈ ਰੁਕਾਵਟ ਨਾ ਆਉਣ ਦੀ ਸੂਰਤ ਵਿੱਚ ਜਲਦ ਤੋਂ ਜਲਦ ਦੀਵਾਨ ਟੋਡਰ ਮੱਲ ਜੀ ਦੀ ਜਹਾਜ਼ ਹਵੇਲੀ ਦੀ ਮੁੜ ਬਹਾਲੀ ਅਤੇ ਸਾਂਭ ਸੰਭਾਲ ਦਾ ਕੰਮ ਸ਼ੁਰੂ ਕੀਤਾ ਜਾ ਸਕੇਗਾ।


ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨੇ ਕਿਹਾ ਕਿ ਪੁਰਾਤਨ ਅਤੇ ਇਤਿਹਾਸਕ ਇਮਾਰਤਾਂ ਸਾਡੇ ਵਿਰਸੇ ਅਤੇ ਸੱਭਿਆਚਾਰ ਦਾ ਅਹਿਮ ਹਿੱਸਾ ਹਨ ਅਤੇ ਇਨ੍ਹਾਂ ਦੀ ਗੁਆਚੀ ਸ਼ਾਨ ਮੁੜ ਬਹਾਲ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਵਿੱਚ ਦੀਵਾਨ ਟੋਡਰ ਮੱਲ ਜੀ ਦਾ ਨਾਂ ਬਹੁਤ ਆਦਰ, ਸਤਿਕਾਰ ਤੇ ਸਨਮਾਨ ਨਾਲ ਲਿਆ ਜਾਂਦਾ ਹੈ ਅਤੇ ਉਨ੍ਹਾਂ ਨਾਲ ਸਬੰਧਿਤ ਜਹਾਜ਼ ਹਵੇਲੀ ਦੀ ਸਾਂਭ ਸੰਭਾਲ ਕਰਨਾ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ। ਕਬਿਲੇਗੌਰ ਹੈ ਕਿ ਜਹਾਜ਼ ਹਵੇਲੀ ਦੀ ਸਾਂਭ ਸੰਭਾਲ ਅਤੇ ਮੁੜ ਬਹਾਲੀ ਲਈ ਸਬੰਧਿਤ ਕਾਰਜਾਂ ਨੂੰ ਸਮਾਂਬੱਧ ਕਰਨ ਲਈ ਮੀਟਿੰਗ ਵਿੱਚ ਹਾਜ਼ਰ ਪਤਵੰਤਿਆਂ ਨੇ ਮੰਤਰੀ ਸੌਂਦ ਦਾ ਖਾਸ ਧੰਨਵਾਦ ਕੀਤਾ।


ਮੀਟਿੰਗ ਵਿੱਚ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਕੱਤਰ ਮਾਲਵਿੰਦਰ ਸਿੰਘ ਜੱਗੀ, ਡਾਇਰੈਕਟਰ ਅੰਮ੍ਰਿਤ ਸਿੰਘ, ਵਿਭਾਗ ਦੇ ਹੋਰ ਉੱਚ ਅਧਿਕਾਰੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਕੱਤਰ, ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਦੇ ਪ੍ਰਧਾਨ ਅਤੇ ਹੋਰ ਸਬੰਧਿਤ ਧਿਰਾਂ ਹਾਜ਼ਿਰ ਸਨ।