Kargil Vijay Diwas: ਸ਼ਹੀਦ ਹੌਲਦਾਰ ਅਜਾਇਬ ਸਿੰਘ ਦਾ ਪਰਿਵਾਰ ਅੱਜ ਵੀ ਮਾਣ ਮਹਿਸੂਸ ਕਰਦਾ
Kargil Vijay Diwas: 7 ਜੁਲਾਈ 1999 ਨੂੰ ਅਚਾਨਕ ਹੌਲਦਾਰ ਅਜਾਇਬ ਸਿੰਘ ਦੀ ਸ਼ਹੀਦੀ ਦੀ ਖਬਰ ਪੁੱਜਣ ਨਾਲ ਸੁੰਨ ਗਏ ਸਨ ਤੇ ਕਿਸੇ ਨੂੰ ਵੀ ਇਸ ਗੱਲ ਉਤੇ ਯਕੀਨ ਨਹੀਂ ਹੋ ਰਿਹਾ ਸੀ।
Kargil Vijay Diwas (ਭਰਤ ਸ਼ਰਮਾ): ਦੇਸ਼ ਭਰ ਵਿੱਚ 26 ਜੁਲਾਈ ਨੂੰ ਕਾਰਗਿਲ ਵਿਜੇ ਦਿਵਸ ਮਨਾਇਆ ਜਾਂਦਾ ਹੈ। ਸਾਲ 1999 ਵਿੱਚ ਭਾਰਤ ਤੇ ਪਾਕਿਸਤਾਨ ਵਿਚਾਲੇ ਕਾਰਗਿਲ ਵਿੱਚ ਜੰਗ ਹੋਈ ਸੀ। ਇਸ ਜੰਗ ਵਿੱਚ ਭਾਰਤੀ ਫੌਜ ਨੇ ਦੁਸ਼ਮਣਾਂ ਨੂੰ ਆਪਣੀ ਤਾਕਤ ਦਾ ਲੋਹਾ ਮਨਵਾਇਆ ਸੀ। ਕਾਰਗਿਲ ਜੰਗ ਜਾਂ ਜਿੱਥੇ ਇੱਕ ਪਾਸੇ ਭਾਰਤ ਨੇ ਜੰਗ ਜਿੱਤੀ ਉੱਥੇ ਹੀ ਭਾਰਤੀ ਫੌਜ ਦੇ ਕਈ ਸੈਨਿਕ ਸ਼ਹੀਦ ਹੋ ਗਏ।
ਇਸ ਦਿਨ ਦੇਸ਼ ਲਈ ਸ਼ਹਾਦਤ ਦੇਣ ਵਾਲੇ ਜਵਾਨਾਂ ਨੂੰ ਯਾਦ ਕੀਤਾ ਜਾਂਦਾ ਹੈ। ਸ਼ਹੀਦ ਹੋਏ ਇਨ੍ਹਾਂ ਕਾਰਗਿਲ ਹੀਰੋਜ਼ ਵਿਚੋਂ ਸ਼ਹੀਦ ਹੌਲਦਾਰ ਅਜਾਇਬ ਸਿੰਘ ਇੱਕ ਹਨ। ਸ਼ਹੀਦ ਹੌਲਦਾਰ ਅਜਾਇਬ ਸਿੰਘ 7 ਜੁਲਾਈ 1999 ਵਿੱਚ ਸ਼ਹੀਦ ਹੋਏ ਸਨ ਉਸ ਵਕਤ ਉਨ੍ਹਾਂ ਦੀ ਉਮਰ ਮਹਿਜ 32 ਸਾਲ ਸੀ। ਉਹ ਅੱਠਵੀਂ ਸਿੱਖ ਰੈਜੀਮੈਂਟ ਵਿੱਚ ਤਾਇਨਾਤ ਸਨ।
ਉਨ੍ਹਾਂ ਦਾ ਜਨਮ ਅੰਮ੍ਰਿਤਸਰ ਵਿਖੇ ਹੋਇਆ ਸੀ। ਸ਼ਹੀਦ ਹੌਲਦਾਰ ਅਜਾਇਬ ਸਿੰਘ ਦੀ ਪਤਨੀ ਮਨਜੀਤ ਕੌਰ ਨੇ ਦੱਸਿਆ ਜਦ ਉਨ੍ਹਾਂ ਦੇ ਪਤੀ ਜਦੋ ਸ਼ਹੀਦ ਹੋਏ ਸੀ ਉਦੋਂ ਉਨ੍ਹਾਂ ਦੇ ਵਿਆਹ ਨੂੰ ਅੱਠ ਸਾਲ ਹੋਏ ਸਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਆਖਰੀ ਵਾਰ ਗੱਲ ਸ਼ਹੀਦ ਹੋਣ ਤੋਂ ਦੋ ਮਹੀਨਾ ਪਹਿਲਾਂ ਹੋਈ ਸੀ। ਉਨ੍ਹਾਂ ਨੇ ਦੱਸਿਆ ਉਨ੍ਹਾਂ ਦੇ ਗੁਆਂਢੀ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਹੌਲਦਾਰ ਅਜਾਇਬ ਸਿੰਘ ਸ਼ਹੀਦ ਹੋ ਗਏ ਹਨ।
ਇਹ ਖਬਰ ਸੁਣ ਕੇ ਉਨ੍ਹਾਂ ਦੇ ਘਰ ਵਿੱਚ ਮਾਤਮ ਦਾ ਮਾਹੌਲ ਬਣ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਇੱਕ ਮੁੰਡਾ ਅਤੇ ਇੱਕ ਕੁੜੀ ਹੈ ਤੇ ਜਦੋਂ ਉਹ ਸ਼ਹੀਦ ਹੋਏ ਸੀ ਮੁੰਡੇ ਦੀ ਉਮਰ ਚਾਰ ਸਾਲ ਸੀ ਤੇ ਲੜਕੀ ਦੀ ਉਮਰ ਤਿੰਨ ਸਾਲ ਸੀ। ਉਨ੍ਹਾਂ ਨੇ ਦੱਸਿਆ ਕਿ ਉਸ ਵਕਤ ਦੀਆਂ ਸਰਕਾਰਾਂ ਵੱਲੋਂ ਉਨ੍ਹਾਂ ਨੂੰ ਬਣਦਾ ਸਨਮਾਨ ਦਿੱਤਾ ਸੀ ਪਰ ਜਿਉਂ ਜਿਉਂ ਸਮਾਂ ਲੰਘੀ ਜਾ ਰਿਹਾ ਹੈ ਮਾਣ-ਸਨਮਾਨ ਵੀ ਘੱਟਦਾ ਜਾ ਰਿਹਾ।
ਉਨ੍ਹਾਂ ਨੇ ਕਿਹਾ ਕਿ ਸਰਕਾਰਾਂ ਉਨ੍ਹਾਂ ਨੂੰ ਸਿਰਫ ਤੇ ਸਿਰਫ ਕਾਰਗਿਲ ਦਿਵਸ ਉਤੇ ਹੀ ਯਾਦ ਕਰਦੀ ਹੈ ਪਰ ਉਨ੍ਹਾਂ ਨੇ ਇਹ ਗੱਲ ਜ਼ਰੂਰ ਕਹੀ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਹ ਹੌਲਦਾਰ ਅਜੈਬ ਸਿੰਘ ਦੀ ਧਰਮ ਪਤਨੀ ਸੀ। ਉਨ੍ਹਾਂ ਨੇ ਕਿਹਾ ਕਿ ਸ਼ੁਰੂਆਤੀ ਸਮੇਂ ਵਿੱਚ ਉਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਬੱਚਿਆਂ ਦੀ ਉਮਰ ਉਸ ਸਮੇਂ ਕਾਫਈ ਘੱਟ ਸੀ।
ਸ਼ਹੀਦ ਹੌਲਦਾਰ ਅਜਾਇਬ ਸਿੰਘ ਦੇ ਲੜਕੇ ਰਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾ ਨੂੰ ਆਪਣੇ ਪਿਤਾ ਜੀ ਉਤੇ ਮਾਣ ਹੈ ਜੋ 32 ਸਾਲ ਦੀ ਉਮਰ ਦੇ ਵਿੱਚ ਆਪਣੇ ਦੇਸ਼ ਦੇ ਲਈ ਸ਼ਹੀਦ ਹੋਏ ਸਨ। ਸਰਕਾਰਾਂ ਤੋਂ ਜ਼ਰੂਰ ਸ਼ਿਕਵਾ ਹੈ। ਕੀ ਸਰਕਾਰਾਂ ਸਿਰਫ ਉਨ੍ਹਾ ਨੂੰ ਕਾਰਗਿਲ ਦਿਵਸ ਦੇ ਮੌਕੇ ਹੀ ਯਾਦ ਕਰਦੀ ਹੈ।