Khanna News: ਖੰਨਾ ਦੇ ਵਾਰਡ ਨੰਬਰ 2 ਵਿੱਚ ਜ਼ਿਮਨੀ ਚੋਣ ਦੌਰਾਨ ਈਵੀਐਮ ਤੋੜਨ ਦੀ ਘਟਨਾ ਤੋਂ ਬਾਅਦ ਪੰਜਾਬ ਵਿੱਚ ਕਾਂਗਰਸ ਨੇ ਖੰਨਾ ਤੋਂ ‘ਆਪ’ ਵਿਧਾਇਕ ਅਤੇ ਉਦਯੋਗ ਤੇ ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ। ਕਾਂਗਰਸੀ ਆਗੂ ਨੇ ਮੰਤਰੀ ਨੂੰ ਨੈਤਿਕ ਆਧਾਰ 'ਤੇ ਅਹੁਦਾ ਛੱਡਣ ਦੀ ਮੰਗ ਕੀਤੀ ਗਈ। 


COMMERCIAL BREAK
SCROLL TO CONTINUE READING

ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਖੰਨਾ ਸਥਿਤ ਆਪਣੀ ਰਿਹਾਇਸ਼ ’ਤੇ ਪ੍ਰੈਸ ਕਾਨਫਰੰਸ ਕਰਕੇ ਮੰਤਰੀ ਸੌਂਦ, ਬੀਡੀਪੀਓ ਪਿਆਰਾ ਸਿੰਘ, ਸਿਟੀ ਥਾਣਾ 2 ਦੇ ਐਸਐਚਓ ਹਰਦੀਪ ਸਿੰਘ ਸਮੇਤ ਪੋਲਿੰਗ ਸਟੇਸ਼ਨ ’ਤੇ ਤਾਇਨਾਤ ਸਟਾਫ਼ ਨੂੰ ਮੁਅੱਤਲ ਕਰਨ ਦੀ ਮੰਗ ਵੀ ਕੀਤੀ ਗਈ। ਗੁਰਕੀਰਤ ਕੋਟਲੀ ਨੇ ਕਿਹਾ ਕਿ ‘ਆਪ’ ਦੀ ਹਾਰ ਕਾਰਨ ਮੰਤਰੀ ਦਾ ਅਸਤੀਫਾ ਨਹੀਂ ਮੰਗਿਆ ਜਾ ਰਿਹਾ। ਜਿੱਤ ਜਾਂ ਹਾਰ ਜਨਤਕ ਫ਼ਤਵਾ ਹੈ। ਪਰ ਕੈਬਨਿਟ ਮੰਤਰੀ ਸੌਂਦ ਲੋਕਤੰਤਰ ਦੇ ਕਤਲ ਲਈ ਜ਼ਿੰਮੇਵਾਰ ਹੈ। 


ਉਨ੍ਹਾਂ ਨੇ ਕਿਹਾ ਕਿ ਤਰੁਣਪ੍ਰੀਤ ਸਿੰਘ ਸੌਂਦ ਜੋ ਕਿ ਪੰਚਾਇਤ ਮੰਤਰੀ ਹਨ, ਉਨ੍ਹਾਂ ਨੇ ਆਪਣੇ ਵਿਭਾਗ ਦੇ ਬੀ.ਡੀ.ਪੀ.ਓ. ਨੂੰ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਸੀ। ਪ੍ਰਸ਼ਾਸਨ ਦੇ ਸਾਹਮਣੇ ਈਵੀਐਮ ਤੋੜਨ ਦੀ ਘਟਨਾ ਪੂਰੀ ਤਰ੍ਹਾਂ ਯੋਜਨਾਬੱਧ ਸੀ। ਕਿਉਂਕਿ ਜਦੋਂ ‘ਆਪ’ ਉਮੀਦਵਾਰ ਹਾਰ ਰਿਹਾ ਸੀ ਤਾਂ ਗਿਣਤੀ ਕੇਂਦਰ ਦੇ ਅੰਦਰ ਮੌਜੂਦ ਇੱਕ ‘ਆਪ’ ਆਗੂ ਨੇ ਕੈਮਰੇ ਵੱਲ ਇਸ਼ਾਰਾ ਕੀਤਾ।  ਫਿਰ ਇੱਕ ਹੋਰ ‘ਆਪ’ ਆਗੂ ਨੇ ਮਸ਼ੀਨ ਵੱਲ ਇਸ਼ਾਰਾ ਕੀਤਾ। ਇਸ ਤੋਂ ਬਾਅਦ 'ਆਪ' ਉਮੀਦਵਾਰ ਵਿੱਕੀ ਮਸ਼ਾਲ ਨੇ ਮਸ਼ੀਨ ਤੋੜ ਦਿੱਤੀ।


 ਗੁਰਕੀਰਤ ਕੋਟਲੀ ਨੇ ਕਿਹਾ ਕਿ ਇਹ ਸਭ ਕੁਝ ਬੀਡੀਪੀਓ ਦੇ ਸਾਹਮਣੇ ਹੋਇਆ ਫਿਰ ਵੀ ਬੀਡੀਪੀਓ ਪੱਤਰ ਵਿੱਚ ਲਿਖ ਰਹੇ ਹਨ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਮਸ਼ੀਨ ਤੋੜ ਦਿੱਤੀ ਹੈ। ਇਸ ਦੇ ਨਾਲ ਹੀ ਸਾਬਕਾ ਮੰਤਰੀ ਨੇ ਦੋ ਪੋਲਿੰਗ ਏਜੰਟਾਂ ਦੀ ਨਿਯੁਕਤੀ 'ਤੇ ਵੀ ਸਵਾਲ ਉਠਾਏ ਹਨ।


ਸਾਬਕਾ ਮੰਤਰੀ ਕੋਟਲੀ ਨੇ ਕਿਹਾ ਕਿ ਪੰਜਾਬ ਕਾਂਗਰਸ ਦਾ ਵਫ਼ਦ ਇਸ ਸਮੁੱਚੇ ਘਟਨਾਕ੍ਰਮ ਸਬੰਧੀ ਚੋਣ ਕਮਿਸ਼ਨ ਨੂੰ ਮਿਲੇਗਾ। ਐਫਆਈਆਰ ਵਿੱਚ ਈਵੀਐਮ ਤੋੜਨ ਵਾਲੇ ਮੁਲਜ਼ਮਾਂ ਦਾ ਨਾਂ ਲੈਣ ਅਤੇ ਇਸ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਲਈ ਹਾਈ ਕੋਰਟ ਤੱਕ ਵੀ ਪਹੁੰਚ ਕੀਤੀ ਜਾਵੇਗੀ।