ਚੰਡੀਗੜ੍ਹ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੀ ਸਾਜਿਸ਼ ’ਚ ਸ਼ਾਮਲ ਦੀਪਕ ਟੀਨੂੰ ਪੁਲਿਸ ਦੀ ਗ੍ਰਿਫ਼ਤ ਚੋਂ ਫ਼ਰਾਰ ਹੋ ਚੁੱਕਿਆ ਹੈ। ਪਰ ਉਸਦੀ ਭੱਜਣ ’ਚ ਮਦਦ ਕਰਨ ਵਾਲੇ ਕੋਈ ਹੋਰ ਨਹੀਂ ਬਲਕਿ ਪੁਲਿਸ ਵਾਲੇ ਹੀ ਸਨ।


COMMERCIAL BREAK
SCROLL TO CONTINUE READING


ਦੀਪਕ ਟੀਨੂੰ ਦੇ ਭੱਜਣ ’ਚ ਪੁਲਿਸ ਵਾਲੀ ਨੇ ਨਿਭਾਇਆ ਅਹਿਮ ਰੋਲ
ਆਏ ਦਿਨ ਇਸ ਮਾਮਲੇ ’ਚ ਨਵੇਂ ਖੁਲਾਸੇ ਹੋ ਰਹੇ ਹਨ। ਜਿਸ ਔਰਤ ਦੀ ਮਦਦ ਨਾਲ ਟੀਨੂੰ ਹਿਰਾਸਤ ’ਚੋਂ ਭੱਜਿਆ ਉਹ ਹੋਰ ਕੋਈ ਨਹੀਂ ਬਲਕਿ ਮਹਿਲਾ ਪੁਲਿਸ ਮੁਲਾਜ਼ਮ ਸੀ। ਪੁਲਿਸ ਦੀ ਜਾਂਚ ’ਚ ਸਾਹਮਣੇ ਆਇਆ ਕਿ ਜਦੋਂ CIA ਟੀਮ ਦਾ ਸਾਬਕਾ ਇੰਚਾਰਜ ਸਬ-ਇੰਸਪੈਕਟਰ ਪ੍ਰਿਤਪਾਲ ਸਿੰਘ ਦੀਪਕ ਟੀਨੂੰ ਨੂੰ ਪ੍ਰਾਈਵੇਟ ਕਾਰ ’ਚ ਲੈਕੇ ਆਪਣੀ ਸਰਕਾਰੀ ਰਿਹਾਇਸ਼ ’ਤੇ ਪਹੁੰਚਿਆ, ਉਸ ਮੌਕੇ ਉਸਦੀ ਪ੍ਰੇਮਿਕਾ ਪਹਿਲਾਂ ਹੀ ਉੱਥੇ ਮੌਜੂਦ ਸੀ।   


 


ਦੱਸਿਆ ਜਾ ਰਿਹਾ ਹੈ ਕਿ ਟੀਨੂੰ ਦੀ ਪ੍ਰੇਮਿਕਾ ਪੰਜਾਬ ਪੁਲਿਸ ’ਚ ਕਾਂਸਟੇਬਲ ਦੇ ਅਹੁਦੇ ’ਤੇ ਤਾਇਨਾਤ ਹੈ। ਇਹ ਮਹਿਲਾ ਕਾਂਸਟੇਬਲ ਲੁਧਿਆਣਾ ਸਿਟੀ (Ludhiana City) ਦੇ ਪੱਖੋਵਾਲ ਰੋਡ ’ਤੇ ਧਾਂਦਲਾ ਇਲਾਕੇ ਦੀ ਰਹਿਣ ਵਾਲੀ ਹੈ। ਉਸਦੀ ਟੀਨੂੰ ਨਾਲ ਮੁਲਾਕਾਤ ਅਦਾਲਤ ’ਚ ਪੇਸ਼ੀ ਦੌਰਾਨ ਹੋਈ ਸੀ। ਇਸ ਤੋਂ ਬਾਅਦ ਦੋਹਾਂ ਦੀ ਫ਼ੋਨ ’ਤੇ ਗੱਲਬਾਤ ਹੁੰਦੀ ਰਹਿੰਦੀ ਸੀ। ਗੈਂਗਸਟਰ ਟੀਨੂੰ ਤੋਂ ਜੇਲ੍ਹ ’ਚ ਕੁਝ ਦਿਨ ਪਹਿਲਾਂ ਮੋਬਾਈਲ ਵੀ ਬਰਾਮਦ ਹੋਇਆ ਸੀ। ਜਿਸ ਤੋਂ ਪੁਸ਼ਟੀ ਹੁੰਦੀ ਹੈ ਕਿ ਉਹ ਮੂਸੇਵਾਲਾ ਦੀ ਹੱਤਿਆ ਕਾਂਡ ਦੇ ਸੂਤਰਧਾਰ (Master mind) ਗੋਲਡੀ ਬਰਾੜ ਦੇ ਲਗਾਤਾਰ ਸੰਪਰਕ ’ਚ ਸੀ। ਜੇਲ੍ਹ ’ਚ ਬੈਠਿਆਂ ਹੀ ਉਸਨੇ ਫ਼ਰਾਰ ਹੋਣ ਦੀ ਰੂਪ ਰੇਖਾ (Planning) ਤਿਆਰ ਕੀਤੀ। 



ਦੀਪਕ ਟੀਨੂੰ ਦੀ ਭੱਜਣ ’ਚ ਮਦਦ ਕਰਨ ਵਾਲਿਆਂ ਚੋਂ 1 ਗ੍ਰਿਫ਼ਤਾਰ
ਇਹ ਵੀ ਸਾਹਮਣੇ ਆਇਆ ਕਿ ਜਿਸ ਸਮੇਂ ਦੀਪਕ ਟੀਨੂੰ ਭੱਜਿਆ ਉਸ ਸਮੇਂ ਉਸ ਨਾਲ 5 ਹਥਿਆਰਬੰਦ ਨੌਜਵਾਨ ਸਨ। ਇਹ ਨੌਜਵਾਨ ਫਾਰਚੂਨਰ ਕਾਰ ’ਚ ਆਏ ਸਨ, ਜੋ ਕਿ ਅੰਡੇਵਰ ਦੇ ਪਿੱਛੇ ਚੱਲ ਰਹੀ ਸੀ। ਪੰਜਾਬ ਤੋਂ ਬਾਹਰ ਨਿਕਲਦਿਆਂ ਹੀ ਉਹ ਆਪਣੀ ਪ੍ਰੇਮਿਕਾ ਨਾਲੋ ਵੱਖ ਹੋਕੇ ਦੂਸਰੀ ਫਾਰਚੂਨਰ ਕਾਰ ’ਚ ਸਵਾਰ ਹੋ ਗਿਆ ਸੀ। 
ਪੁਲਿਸ ਨੇ ਜਾਂਚ ਦੌਰਾਨ ਗ੍ਰਿਫ਼ਤਾਰ ਸਬ-ਇੰਸਪੈਕਟਰ ਪ੍ਰਿਤਪਾਲ ਤੋਂ ਉਸਦੇ 2 ਮੋਬਾਈਲ ਬਰਾਮਦ ਕੀਤੇ ਹਨ। ਉਸਦੇ  ਫ਼ੋਨ ਦੀ ਕਾਲ ਸੂਚੀ (Calls list) ’ਚੋਂ ਟੀਨੂੰ ਦੀ ਪ੍ਰੇਮਿਕਾ ਦਾ ਨੰਬਰ ਵੀ ਮਿਲਿਆ ਹੈ, ਜਿਸ ਰਾਹੀਂ ਉਸਦੀ ਪ੍ਰੇਮਿਕਾ ਦੀ ਸ਼ਨਾਖਤ ਕੀਤੀ ਗਈ ਹੈ। ਜਿਨ੍ਹਾਂ ਬੰਦਿਆਂ ਨੇ ਟੀਨੂੰ ਦੀ ਪ੍ਰੇਮਿਕਾ ਨੂੰ ਮਾਨਸਾ ਪਹੁੰਚਾਇਆ ਸੀ, ਉਨ੍ਹਾਂ ’ਚੋਂ ਇਕ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਦੂਸਰੇ ਦੀ ਭਾਲ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ।