ਜਾਣੋ, ਕੀ ਕਿਹਾ ਸੀ ਗੈਂਗਸਟਰ ਜਗਰੂਪ ਰੂਪਾ ਦੀ ਮਾਂ ਨੇ ਆਪਣੇ ਪੁੱਤ ਬਾਰੇ ?
ਬੀਤੇ ਦਿਨੀਂ ਅੰਮ੍ਰਿਤਸਰ ’ਚ ਸਿੱਧੂ ਮੂਸੇਵਾਲਾ ਦੇ ਕਾਤਲਾਂ ਦਾ ਇਨਕਾਊਂਟਰ ਕੀਤਾ ਗਿਆ ਜਿਸ ਤੋਂ ਬਾਅਦ ਇੱਕ ਗੈਂਗਸਟਰ ਜਗਰੂਪ ਸਿੰਘ ਰੂਪਾ ਦੀ ਮਾਂ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਮੇਰੇ ਪੁੱਤ ਨੂੰ ਉਸਦੇ ਕੀਤੇ ਸਜ਼ਾ ਮਿਲੀ।
ਚੰਡੀਗੜ: ਅੰਮ੍ਰਿਤਸਰ ਦੇ ਪਿੰਡ ਭਕਨਾ ਵਿੱਚ ਬੁੱਧਵਾਰ ਨੂੰ ਹੋਏ ਇਨਕਾਊਂਟਰ ਦੌਰਾਨ ਮਾਰੇ ਗਏ ਗੈਂਗਸਟਰ ਜਗਰੂਪ ਸਿੰਘ ਉਰਫ਼ ਰੂਪਾ ਅਤੇ ਮਨਪ੍ਰੀਤ ਸਿੰਘ ਉਰਫ਼ ਮਨੂੰ ਦਾ ਅੱਜ ਪੋਸਟਮਾਰਟਮ ਕੀਤਾ ਜਾਵੇਗਾ। ਪੋਸਟਮਾਰਟਮ ਕਰਨ ਵਾਲੇ ਪੈਨਲ ਵਿੱਚ ਇੱਕ ਡਾਕਟਰ ਸਿਵਲ ਹਸਪਤਾਲ ਅਤੇ ਦੋ ਡਾਕਟਰ ਮੈਡੀਕਲ ਕਾਲਜ ਦੇ ਹੋਣਗੇ। ਇਸ ਸਬੰਧੀ ਜਾਣਕਾਰੀ DCP ਡਿਟੈਕਟਿਵ ਮੁਖਵਿੰਦਰ ਸਿੰਘ ਛੀਨਾ ਨੇ ਦਿੱਤੀ ਕਿ ਦੋਹਾਂ ਦੇ ਮ੍ਰਿਤਕ ਸ਼ਰੀਰ ਰਾਤ ਨੂੰ ਹੀ ਸਿਵਲ ਹਸਪਤਾਲ ਦੇ ਮਾਰਚਰੀ ਰੂਮ ਵਿੱਚ ਪਹੁੰਚਾ ਦਿੱਤੇ ਗਏ ਸਨ।
ਮੈਜਿਸਟ੍ਰੇਟ ਦੀ ਨਿਗਰਾਨੀ ’ਚ ਹੋਵੇਗਾ ਦੋਹਾਂ ਗੈਂਗਸਟਰਾਂ ਦਾ ਪੋਸਟਮਾਰਟਮ
ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਅੱਜ ਸਵੇਰੇ ਕਾਗਜੀ ਕਾਰਵਾਈ ਉਪਰੰਤ ਦੋਹਾਂ ਦੇ ਮ੍ਰਿਤਕ ਸ਼ਰੀਰਾਂ ਨੂੰ ਮਾਰਚਰੀ ਦੇ ਫਰਿਜ਼ਰ ਵਿਚੋਂ ਬਾਹਰ ਕੱਢਿਆ ਗਿਆ। ਇਸ ਮੌਕੇ ਪੁਲਿਸ ਦੀ ਜਾਂਚ ਟੀਮ ਦੁਆਰਾ ਜਦੋਂ ਤਲਾਸ਼ੀ ਲਈ ਗਈ ਤਾਂ ਜੇਬਾਂ ਵਿਚੋਂ ਮੈਗਜ਼ੀਨ ਅਤੇ ਕੁਝ ਕਾਰਤੂਸ ਮਿਲੇ। ਜਿਵੇਂ ਕਿ ਦੋਹਾਂ ਦੀ ਮੌਤ ਪੁਲਿਸ ਇਨਕਾਊਂਟਰ ਦੌਰਾਨ ਹੋਈ ਹੈ, ਜਿਸ ਕਾਰਨ ਪੋਸਟਮਾਰਟਮ ਮਜਿਸਟ੍ਰੇਟ ਦੀ ਦੇਖਰੇਖ ਵਿੱਚ ਕਰਵਾਇਆ ਜਾਵੇਗਾ। ਦੋਹਾਂ ਦਾ ਪੋਸਟਮਾਰਟਮ ਮੈਡੀਕਲ ਕਾਲਜ ਵਿੱਚ ਹੋਵੇਗਾ ਜਿੱਥੇ ਮੈਜਿਸਟ੍ਰੇਟ ਵੀ ਪਹੁੰਚਣਗੇ।
ਰੂਪਾ ਅਤੇ ਮਨੂ ਦੇ ਮ੍ਰਿਤਕ ਦੇਹਾਂ ਦਾ ਐਕਸ-ਰੇਅ ਵੀ ਕੀਤਾ ਜਾਵੇਗਾ, ਤਾਂਕਿ ਸਾਫ਼ ਹੋ ਸਕੇ ਕਿ ਸ਼ਰੀਰ ਦੇ ਕਿਹੜੇ ਅੰਗ ਵਿੱਚ ਗੋਲੀ ਲੱਗਣ ਕਾਰਨ ਮੌਤ ਹੋਈ। ਇਸਦੀ ਜਾਣਕਾਰੀ ਵੀ ਪੋਸਟਮਾਰਟਮ ਪੂਰਾ ਹੋਣ ਤੋਂ ਬਾਅਦ ਹੀ ਸਾਹਮਣੇ ਆਏਗੀ।
ਗੈਂਗਸਟਰ ਜਗਰੂਪ ਰੂਪਾ ਦੇ ਪਿਤਾ ਪਹੁੰਚੇ ਪੁੱਤ ਦੀ ਮ੍ਰਿਤਕ ਦੇਹ ਲੈਣ
ਪੁਲਿਸ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਪੋਸਟਮਾਰਟਮ ਤੋਂ ਬਾਅਦ ਦੋਹਾਂ ਗੈਂਗਸਟਰਾਂ ਦੀਆਂ ਮ੍ਰਿਤਕ ਦੇਹਾਂ ਨੂੰ ਪਰਿਵਾਰ ਹਵਾਲੇ ਕਰ ਦਿੱਤਾ ਜਾਵੇਗਾ। ਹਾਲਾਂਕਿ ਪਹਿਲਾਂ ਜਗਰੂਪ ਦੇ ਪਿਤਾ ਨੇ ਪੁੱਤ ਦੀ ਦੇਹ ਲੈਣ ਤੋਂ ਇਨਕਾਰ ਕਰ ਦਿੱਤਾ ਸੀ, ਪਰ ਅੱਜ ਉਹ ਮੈਡੀਕਲ ਕਾਲਜ ਆਪਣੇ ਪੁੱਤ ਦੀ ਦੇਹ ਲੈਣ ਪਹੁੰਚ ਗਏ। ਇਸ ਮੌਕੇ ਪਿੰਡ ਦੇ ਕੁਝ ਲੋਕ ਵੀ ਉਨ੍ਹਾਂ ਨਾਲ ਮੌਜੂਦ ਸਨ, ਪਰ ਮੀਡੀਆ ਨਾਲ ਗੱਲਬਾਤ ਕਰਨ ਤੋਂ ਉਨ੍ਹਾਂ ਇਨਕਾਰ ਕਰ ਦਿੱਤਾ।
ਮਾਂ ਨੂੰ ਮਿਲਿਆ ਇਨਸਾਫ਼
ਜਗਰੂਪ ਸਿੰਘ ਰੂਪਾ ਦੇ ਪੁਲਿਸ ਇਨਕਾਊਂਟਰ ਵਿੱਚ ਮਾਰੇ ਜਾਣ ਤੋਂ ਬਾਅਦ ਉਸਦੀ ਮਾਂ ਪਲਵਿੰਦਰ ਕੌਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਗੈਂਗਸਟਰ ਰੂਪਾ ਦੀ ਮਾਂ ਦਾ ਕਹਿਣਾ ਹੈ ਕਿ ਮੈਂ ਪਹਿਲਾਂ ਵੀ ਕਹਿੰਦੀ ਸੀ ਕਿ ਜੇਕਰ ਮੇਰਾ ਪੁੱਤਰ ਦੋਸ਼ੀ ਹੈ ਤਾਂ ਉਸਨੂੰ ਗੋਲੀ ਮਾਰ ਦਿਓ। ਜਿਵੇਂ ਮੂਸੇਵਾਲਾ ਦੀ ਮਾਂ ਆਪਣੇ ਪੁੱਤ ਦੇ ਵਿਯੋਗ ਵਿੱਚ ਤੜਪਦੀ ਸੀ, ਹੁਣ ਮੈਂ ਵੀ ਆਪਣੇ ਪੁੱਤ ਨੂੰ ਗਵਾਉਣ ਦੇ ਗਮ ਵਿੱਚ ਤੜਫ਼ਾਂਗੀ।