Surjit Patar Funeral: ਸ਼ਾਇਰ ਸੁਰਜੀਤ ਪਾਤਰ ਪੰਜ ਤੱਤਾਂ `ਚ ਹੋਏ ਵਿਲੀਨ, ਸਾਹਿਤਕ ਜਗਤ ਦੀ ਹਰ ਅੱਖ ਨਮ
Surjit Patar Funeral: ਮਰਹੂਮ ਸੁਰਜੀਤ ਪਾਤਰ ਦਾ ਅੱਜ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ।
Surjit Patar Funeral: ਪੰਜਾਬ ਦੇ ਸਾਹਿਤਕਾਰ ਮਰਹੂਮ ਸੁਰਜੀਤ ਪਾਤਰ ਦਾ ਅੱਜ ਲੁਧਿਆਣਾ ਵਿੱਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਹਰ ਅੱਖ ਨਮ ਨਜ਼ਰ ਆਈ। ਸਾਹਿਤਕ ਤੇ ਸਿਆਸਤ ਤੋਂ ਇਲਾਵਾ ਹਰ ਖੇਤਰ ਵਿਚੋਂ ਪੁੱਜੇ ਲੋਕਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਭਾਵੁਕ ਹੁੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਪਾਤਰ ਐਵਾਰਡ ਸ਼ੁਰੂ ਕਰਨ ਜਾ ਰਹੀ ਹੈ।
ਪਾਤਰ ਸਾਹਿਬ ਦੀ ਅੰਤਿਮ ਰਸਮਾਂ ਮੌਕੇ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ, ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੌਸਲ, ਮੁਹੰਮਦ ਸਦੀਕ, ਜਵੱਦੀ ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ, ਭਾਜਪਾ ਆਗੂ ਅਮਰਜੀਤ ਸਿੰਘ ਟਿੱਕਾ ਸਣੇ ਲੁਧਿਆਣਾ ਦੇ ਕਰੀਬ ਸਾਰੇ ਵਿਧਾਇਕ ਪਹੁੰਚੇ ਹਨ। ਪਾਤਰ ਦੇ ਅੰਤਿਮ ਸਸਕਾਰ ਮੌਕੇ ਪੰਜਾਬ ਦੇ ਪ੍ਰਸਿੱਧ ਗਾਇਕ, ਸਾਹਿਤਕਾਰ, ਕਵੀ, ਗੀਤਕਾਰ, ਨਾਵਲਕਾਰ, ਸੰਗੀਤ ਜਗਤ ਨਾਲ ਜੁੜੀਆਂ ਸ਼ਖ਼ਸੀਅਤਾਂ ਸਮੇਤ ਸਮਾਜ ਦੇ ਹਰ ਵਰਗ ਦੇ ਲੋਕ ਹਾਜ਼ਰ ਸਨ ਅਤੇ ਆਪਣੇ ਚਹੇਤੇ ਸਾਹਿਤਕਾਰ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਸਨ।
ਡਾ. ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਦੇਣ ਪੁੱਜੇ ਗਾਇਕ ਮੁਹੰਮਦ ਸਦੀਕ ਦੀਆਂ ਅੱਖਾਂ ਨਮ ਸੀ ਅਤੇ ਉਨ੍ਹਾਂ ਨੇ ਕਿਹਾ ਕਿ ਇਹ ਨਾ ਪੂਰਾ ਹੋਣ ਵਾਲਾ ਘਾਟਾ। ਪੰਜਾਬੀ ਸਾਹਿਤ ਨੂੰ ਪਾਤਰ ਦੀ ਬਹੁਤ ਲੋੜ ਸੀ। ਮੁਹੰਮਦ ਸਦੀਕ ਨੇ ਇਹ ਕਹਿ ਕੇ ਹੌਂਕਾ ਲਿਆ ਕਿਉਂਕਿ ਦੋ ਦਿਨ ਪਹਿਲਾਂ ਹੀ ਉਹ ਪਾਤਰ ਨੂੰ ਮਿਲਿਆ ਸੀ ਤੇ ਸਾਹਿਤ ਜਗਤ ਦੇ ਸਬੰਧ ਵਿੱਚ ਉਨ੍ਹਾਂ ਨਾਲ ਕਈ ਗੱਲਾਂ ਕੀਤੀਆਂ ਸਨ।
ਹਾਸਰਸ ਕਲਾਕਾਰ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਡਾ. ਸੁਰਜੀਤ ਪਾਤਰ ਸਭ ਨੂੰ ਨਾਲ ਲੈ ਕੇ ਚੱਲਦੇ ਸਨ ਅਤੇ ਉਨ੍ਹਾਂ ਲਈ ਸਭ ਬਰਾਬਰ ਸਨ। ਉਨ੍ਹਾਂ ਨੇ ਆਪਣੇ ਜੀਵਨ ਵਿੱਚ ਪੰਜਾਬੀ ਸਮਾਚਾਰ ਲਈ ਦਿਨ-ਰਾਤ ਕੰਮ ਕੀਤਾ। ਅਕਸਰ ਜਦੋਂ ਵੀ ਉਸ ਨੂੰ ਮਿਲਦਾ ਸੀ, ਉਹ ਪੰਜਾਬੀ ਨੂੰ ਉਤਸ਼ਾਹਿਤ ਕਰਨ ਲਈ ਗੰਭੀਰ ਹੁੰਦਾ ਸੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਥਾਨਕ ਵਿਧਾਇਕਾਂ ਸਮੇਤ ਹੋਰਨਾਂ ਨੇ ਪਾਤਰ ਨੂੰ ਸ਼ਰਧਾਂਜਲੀ ਭੇਟ ਕੀਤੀ। ਪਾਤਰ ਦੇ ਪੁੱਤਰਾਂ ਅੰਕੁਰ ਸਿੰਘ ਪਾਤਰ ਅਤੇ ਮਨਰਾਜ ਸਿੰਘ ਪਾਤਰ ਨੇ ਚਿਤਾ ਨੂੰ ਅਗਨੀ ਦਿਖਾਈ। ਡਾ. ਸੁਰਜੀਤ ਪਾਤਰ ਦਾ 11 ਮਈ ਦਿਨ ਸ਼ਨੀਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਸਾਹਿਤ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ।
ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ