ਪਤਨੀ ਹੀ ਨਿਕਲੀ ਪਤੀ ਦੀ ਕਾਤਲ, ਦੁਬਈ ਤੋਂ ਪਰਤੇ ਆਸ਼ਕ ਨੇ ਦਿੱਤਾ ਵਾਰਦਾਤ ਨੂੰ ਅੰਜਾਮ
ਜਸਵੀਰ ਸਿੰਘ ਦਾ ਵਿਆਹ ਸਾਲ 2011 ’ਚ ਪ੍ਰਭਜੋਤ ਕੌਰ ਨਾਲ ਹੋਇਆ ਸੀ, ਇਨ੍ਹਾਂ ਦੇ 2 ਬੱਚੇ ਵੀ ਹਨ। ਜਸਵੀਰ ਅਤੇ ਪ੍ਰਭਜੋਤ ਦੇ ਵਿਆਹੁਤਾ ਸਬੰਧ ਪਿਛਲੇ ਕਾਫ਼ੀ ਸਮੇਂ ਤੋਂ ਠੀਕ ਨਹੀਂ ਚੱਲ ਰਹੇ ਸਨ।
Patiala News: ਕਹਿੰਦੇ ਹਨ ਇਸ਼ਕ ਅੰਨ੍ਹਾ ਹੁੰਦਾ ਹੈ, ਤਾਹੀਂ ਤਾਂ ਇਸ ਦੌਰਾਨ ਕੋਈ ਰਿਸ਼ਤਾ ਵੀ ਮਾਇਨੇ ਨਹੀਂ ਰੱਖਦਾ। ਅਜਿਹਾ ਹੀ ਮਾਮਲਾ ਫਤਿਹਗੜ੍ਹ ਸਾਹਿਬ ਤੋਂ ਸਾਹਮਣੇ ਆਇਆ ਹੈ, ਜਿਥੇ ਇਸ਼ਕ ’ਚ ਅੰਨ੍ਹੀ ਹੋਈ ਘਰਵਾਲੀ ਨੇ ਆਪਣੇ ਘਰਵਾਲੇ ਦਾ ਹੀ ਕਤਲ ਕਰਵਾ ਦਿੱਤਾ।
ਇਸ ਮਾਮਲੇ ਦੀ ਜਾਣਕਾਰੀ ਦਿੰਦਿਆ ਐੱਸ. ਪੀ. ਹਰਬੀਰ ਸਿੰਘ ਨੇ ਦੱਸਿਆ ਕਿ 4 ਜਨਵਰੀ ਨੂੰ ਰੇਸ਼ਮ ਸਿੰਘ ਵਾਸੀ ਰੰਨੋਂ ਨੇ ਪੁਲਿਸ ਨੂੰ ਆਪਣੇ ਭਰਾ ਜਸਵੀਰ ਸਿੰਘ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ। ਪੁਲਿਸ ਨੂੰ ਜਾਂਚ ਦੌਰਾਨ ਜਸਵੀਰ ਸਿੰਘ ਦਾ ਮੋਟਰਸਾਈਕਲ ਸਾਹਨੀਪੁਰ ਪਿੰਡ ਕੋਲ ਭਾਖੜਾ-ਸਰਹਿੰਦ ਨਹਿਰ ਦੇ ਕੰਢੇ ਬਰਾਮਦ ਹੋਇਆ ਅਤੇ ਉਸਦੇ ਫ਼ੋਨ ਦੀ ਆਖ਼ਰੀ ਲੋਕੇਸ਼ਨ (Last Location) ਵੀ ਉੱਥੇ ਦੀ ਹੀ ਆਈ।
ਇੰਸਟਾਗ੍ਰਾਮ ’ਤੇ ਹੋਈ ਕੁਲਦੀਪ ਨਾਲ ਮੁਲਾਕਾਤ
ਪੁਲਿਸ ਦੀ ਮੁੱਢਲੀ ਜਾਂਚ ’ਚ ਸਾਹਮਣੇ ਆਇਆ ਕਿ ਜਸਵੀਰ ਸਿੰਘ (Jasveer Singh of Village Rano) ਦਾ ਵਿਆਹ ਸਾਲ 2011 ’ਚ ਪ੍ਰਭਜੋਤ ਕੌਰ ਨਾਲ ਹੋਇਆ ਸੀ, ਇਨ੍ਹਾਂ ਦੇ 2 ਬੱਚੇ ਵੀ ਹਨ। ਜਸਵੀਰ ਅਤੇ ਪ੍ਰਭਜੋਤ ਦੇ ਵਿਆਹੁਤਾ ਸਬੰਧ ਪਿਛਲੇ ਕਾਫ਼ੀ ਸਮੇਂ ਤੋਂ ਠੀਕ ਨਹੀਂ ਚੱਲ ਰਹੇ ਸਨ, ਠੀਕ ਇਸ ਸਮੇਂ ਦੌਰਾਨ ਪ੍ਰਭਜੋਤ ਦਾ ਸੰਪਰਕ ਸੋਸ਼ਲ ਮੀਡੀਆ ’ਤੇ ਦੁਬਈ ਰਹਿੰਦੇ ਕੁਲਦੀਪ ਸਿੰਘ ਉਰਫ਼ ਰਿੰਕੂ ਨਾਲ ਹੋ ਗਿਆ। ਪਿਛਲੇ ਸਾਲ 12 ਦਿਸੰਬਰ 2022 ’ਚ ਕੁਲਦੀਪ ਸਿੰਘ ਆਪਣੇ ਪਿੰਡ ਝੰਬਾਲ ਸਾਨੀ ਵਿਖੇ ਆਇਆ ਤੇ ਦੋਹਾਂ ਦੀ ਨੇੜਤਾ ਹੋਰ ਵੱਧ ਗਈ।
ਘਰਵਾਲੇ ਨੂੰ ਰਾਹ ’ਚੋਂ ਹਟਾਉਣ ਦੀ ਬਣਾਈ ਯੋਜਨਾ
ਜਦੋਂ ਇਸ ਪ੍ਰੇਮ-ਪ੍ਰਸੰਗ ਦਾ ਪਤਾ ਜਸਵੀਰ ਸਿੰਘ ਨੂੰ ਲੱਗਿਆ ਤਾਂ ਉਸਨੇ ਆਪਣੀ ਘਰਵਾਲੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਉਲਟਾ ਘਰਵਾਲੀ ਨੇ ਆਪਣੇ ਪ੍ਰੇਮੀ ਨਾਲ ਮਿਲਕੇ ਘਰਵਾਲੇ ਨੂੰ ਰਾਹ ’ਚੋਂ ਹਟਾਉਣ ਦੀ ਯੋਜਨਾ ਬਣਾ ਲਈ।
2 ਵਾਰ ਕਤਲ ਕਰਨ ਦੀ ਯੋਜਨਾ ਰਹੀ ਨਾਕਾਮ
ਪੁਲਿਸ ਦੇ ਦੱਸਣ ਮੁਤਾਬਕ ਕੁਲਦੀਪ ਸਿੰਘ ਅਤੇ ਉਸਦੇ ਸਾਥੀਆਂ ਨੇ 2 ਵਾਰ ਪਹਿਲਾਂ ਵੀ ਜਸਵੀਰ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋ ਸਕੇ। 2 ਜਨਵਰੀ 2023 (Missing Since Januray, 2) ਨੂੰ ਉਨ੍ਹਾਂ ਨੇ ਜਸਵੀਰ ਨੂੰ ਆਪਣੇ ਨਾਲ ਨਹਿਰ ਕੰਢੇ ਪੈਂਦੇ ਪਿੰਡ ਸਾਹਨੀਪੁਰ ਲੈ ਗਏ। ਨਹਿਰ ਕੰਢੇ ਬੈਠਕੇ ਪਹਿਲਾਂ ਉਸ ਨਾਲ ਸ਼ਰਾਬ ਪੀਤੀ ਅਤੇ ਬਾਅਦ ’ਚ ਤੇਜ਼ਧਾਰ ਹਥਿਆਰਾਂ ਨਾਲ ਜਸਬੀਰ ਦਾ ਕਤਲ ਕਰ ਦਿੱਤਾ।
ਕਤਲ ਕਰਨ ਤੋਂ ਕਈ ਦਿਨ ਬਾਅਦ ਪੁਲਿਸ ਨੇ ਕਾਤਲਾਂ ਦੀ ਨਿਸ਼ਾਨਦੇਹੀ ’ਤੇ ਜਸਵੀਰ ਦਾ ਮੋਟਰਸਾਈਕਲ, ਮੋਬਾਈਲ ਅਤੇ ਉਸਦੇ ਕੱਪੜੇ ਨਹਿਰ ਤੋਂ ਬਰਾਮਦ ਕੀਤੇ। ਜਸਵੀਰ ਦੀ ਮ੍ਰਿਤਕ ਦੇਹ ਵੀ ਪਿੰਡ ਗੰਢਾਖੇੜੀ ਤੋਂ ਤਕਰੀਬਨ 5-6 ਕਿਲੋਮੀਟਰ ਦੂਰ ਨਹਿਰ ’ਚੋਂ ਬਰਾਮਦ ਹੋਈ।
ਇਹ ਵੀ ਪੜ੍ਹੋ: ਲਲਿਤ ਮੋਦੀ ਨੂੰ 2 ਹਫ਼ਤਿਆਂ ’ਚ ਦੂਜੀ ਵਾਰ ਕੋਰੋਨਾ, ਲੰਡਨ ਦੇ ਹਸਪਤਾਲ ’ਚ ਚੱਲ ਰਿਹਾ ਇਲਾਜ