Khanna News: ਲੁਧਿਆਣਾ `ਚ ਛੱਤ ਡਿੱਗਣ ਕਾਰਨ ਚਾਚੇ-ਭਤੀਜੇ ਦੀ ਮੌਤ, ਮਾਂ ਤੇ 2 ਬੱਚੇ ਜ਼ਖਮੀ
Ludhiana News: ਅੱਜ ਤੜਕੇ ਅਚਾਨਕ ਸੌਂ ਰਹੇ ਪਰਿਵਾਰ ਦੇ ਉੱਪਰ ਕੁਆਟਰ ਦੀ ਛੱਤ ਡਿੱਗ ਗਈ। ਜਦੋਂ ਚੀਕਚਿਹਾੜਾ ਮੱਚਿਆ ਤਾਂ ਆਲੇ ਦੁਆਲੇ ਦੇ ਲੋਕ ਇਕੱਠੇ ਹੋਏ। ਮਲਬੇ ਦੇ ਹੇਠਾਂ ਦੱਬੇ ਪਰਿਵਾਰ ਦੇ ਪੰਜ ਜੀਆਂ ਨੂੰ ਬਾਹਰ ਕੱਢਿਆ ਗਿਆ।
Ludhiana Khanna Doraha Roof Yard Collapsed News: ਖੰਨਾ ਦੇ ਦੋਰਾਹਾ 'ਚ ਖਸਤਾ ਹਾਲਤ ਕੁਆਟਰ ਦੀ ਛੱਤ ਡਿੱਗਣ ਨਾਲ ਚਾਚਾ-ਭਤੀਜੀ ਦੀ ਮੌਤ ਹੋ ਗਈ। ਜਦਕਿ, ਮਾਂ ਸਮੇਤ ਉਸਦੇ ਦੋ ਪੁੱਤਰ ਗੰਭੀਰ ਜਖ਼ਮੀ ਹੋਏ। ਜਾਣਕਾਰੀ ਦੇ ਅਨੁਸਾਰ ਪ੍ਰਵਾਸੀ ਮਜ਼ਦੂਰ ਨਰੇਸ਼ ਕੁਮਾਰ ਦੀ ਪਤਨੀ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਉਹ ਆਪਣੀ ਭਰਜਾਈ ਜਪਜੀ ਦੇ ਨਾਲ ਰਹਿੰਦਾ ਸੀ। ਪਰਿਵਾਰ 'ਚ ਨਰੇਸ਼ ਤੇ ਜਪਜੀ ਤੋਂ ਇਲਾਵਾ ਤਿੰਨ ਬੱਚੇ ਸਨ। ਇਹ ਪਰਿਵਾਰ ਦੋਰਾਹਾ ਵਿਖੇ ਕੁਆਟਰਾਂ 'ਚ ਰਹਿੰਦਾ ਸੀ।
ਅੱਜ ਤੜਕੇ ਅਚਾਨਕ ਸੌਂ ਰਹੇ ਪਰਿਵਾਰ ਦੇ ਉੱਪਰ ਕੁਆਟਰ ਦੀ ਛੱਤ ਡਿੱਗ ਗਈ। ਜਦੋਂ ਚੀਕ ਚਿਹਾੜਾ ਮੱਚਿਆ ਤਾਂ ਆਲੇ ਦੁਆਲੇ ਦੇ ਲੋਕ ਇਕੱਠੇ ਹੋਏ। ਮਲਬੇ ਦੇ ਹੇਠਾਂ ਦੱਬੇ ਪਰਿਵਾਰ ਦੇ ਪੰਜ ਜੀਆਂ ਨੂੰ ਬਾਹਰ ਕੱਢਿਆ ਗਿਆ। ਜਿਹਨਾਂ ਚੋਂ 35 ਸਾਲਾਂ ਦੇ ਨਰੇਸ਼ ਕੁਮਾਰ ਅਤੇ ਉਸਦੀ 12 ਸਾਲਾਂ ਦੀ ਭਤੀਜੀ ਰਾਧਿਕਾ ਦੀ ਮੌਤ ਹੋ ਚੁੱਕੀ ਸੀ। 33 ਸਾਲਾਂ ਦੀ ਜਪਜੀ, ਉਸਦੇ 5 ਸਾਲਾਂ ਦੇ ਪੁੱਤਰ ਗੋਲੂ ਅਤੇ 10 ਸਾਲਾਂ ਦੇ ਪੁੱਤਰ ਵਿੱਕੀ ਨੂੰ ਜਖ਼ਮੀ ਹਾਲਤ ਵਿੱਚ ਖੰਨਾ ਸਰਕਾਰੀ ਹਸਪਤਾਲ ਦਾਖਲ ਕਰਾਇਆ ਗਿਆ। ਜਪਜੀ ਤੇ ਉਸਦੇ 5 ਸਾਲਾਂ ਦੀ ਪੁੱਤ ਦੀ ਹਾਲਤ ਨਾਜ਼ੁਕ ਹੋਣ ਕਰਕੇ ਵੱਡੇ ਹਸਪਤਾਲ ਰੈਫਰ ਕੀਤਾ ਗਿਆ।
ਇਹ ਵੀ ਪੜ੍ਹੋ: Punjab Pensioners News: ਹੁਣ ਪੈਨਸ਼ਨਰਾਂ ਨੂੰ ਨਹੀਂ ਹੋਵੇਗੀ ਕੋਈ ਪਰੇਸ਼ਾਨੀ! ਵਟਸਐਪ 'ਤੇ ਹੋਵੇਗਾ ਹਰ ਸਮੱਸਿਆ ਦਾ ਹੱਲ
ਇਸ ਹਾਦਸੇ ਬਾਰੇ ਜਾਣਕਾਰੀ ਦਿੰਦੇ ਹੋਏ ਨਰੇਸ਼ ਕੁਮਾਰ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਉਹ ਕੁਆਟਰਾਂ ਤੋਂ ਥੋੜ੍ਹੀ ਦੂਰ ਰਹਿੰਦੇ ਹਨ। ਅੱਜ ਸਵੇਰੇ ਜਿਵੇਂ ਹੀ ਪਤਾ ਲੱਗਿਆ ਤਾਂਉਹ ਮੌਕੇ ਤੇ ਗਏ। ਉਦੋਂ ਤੱਕ ਮਲਬੇ ਚੋਂ ਨਰੇਸ਼ ਕੁਮਾਰ ਤੇ ਬਾਕੀਆਂ ਨੂੰ ਬਾਹਰ ਕੱਢਿਆ ਹੋਇਆ ਸੀ। ਦੋ ਦੀ ਮੌਤ ਹੋ ਚੁੱਕੀ ਸੀ। ਰਿਸ਼ਤੇਦਾਰ ਨੇ ਦੱਸਿਆ ਕਿ ਕੁਆਟਰਾਂ ਦੀ ਹਾਲਤ ਕਾਫੀ ਸਮੇਂ ਤੋਂ ਖਸਤਾ ਬਣੀ ਹੋਈ ਹੈ। ਉਹਨਾਂ ਨੇ ਕਈ ਵਾਰ ਮਾਲਕ ਨੂੰ ਕਿਹਾ ਪ੍ਰੰਤੂ ਮਾਲਕ ਨੇ ਰਿਪੇਅਰ ਨਹੀਂ ਕਰਾਈ ਜਿਸ ਕਰਕੇ ਇਹ ਹਾਦਸਾ ਹੋ ਗਿਆ।
ਦੂਜੇ ਪਾਸੇ ਨਰੇਸ਼ ਕੁਮਾਰ ਦੀ ਮਾਤਾ ਨੇ ਦੱਸਿਆ ਕਿ ਉਹ ਦੋਰਾਹਾ ਦੇ ਨੇੜੇ ਪਿੰਡ ਜੈਪੁਰਾ ਵਿਖੇ ਰਹਿੰਦੀ ਹੈ। ਜਿਵੇਂ ਹੀ ਉਸਨੂੰ ਸੂਚਨਾ ਮਿਲੀ ਤਾਂ ਉਹ ਕੁਆਟਰਾਂ ਵਿੱਚ ਪਹੁੰਚੀ। ਉਥੇ ਦੇਖਿਆ ਕਿ ਉਸਦੇ ਪੁੱਤ ਦੀ ਮੌਤ ਹੋ ਚੁੱਕੀ ਸੀ। ਨਰੇਸ਼ ਕੁਮਾਰ ਦੀ ਮਾਂ ਅਨੁਸਾਰ ਥੋੜ੍ਹੇ ਦਿਨ ਪਹਿਲਾਂ ਵੀ ਕੁਆਟਰ ਦੀ ਛੱਤ ਡਿੱਗਣ ਲੱਗੀ ਸੀ ਤਾਂ ਨਰੇਸ਼ ਨੇ ਕੋਈ ਸਹਾਰਾ ਲਾ ਕੇ ਪਰਿਵਾਰ ਨੂੰ ਬਚਾਇਆ। ਕੁੱਝ ਦਿਨਾਂ ਪਹਿਲਾਂ ਗਾਡਰ ਡਿੱਗ ਗਿਆ ਸੀ। ਇਸਦੇ ਬਾਵਜੂਦ ਮਕਾਨ ਮਾਲਕ ਨਰੇਸ਼ ਨੂੰ ਕੁਆਟਰ ਖਾਲੀ ਕਰਨ ਨਹੀਂ ਦਿੰਦਾ ਸੀ। ਰਿਪੇਅਰ ਦੇ ਲਾਰੇ ਲਾ ਕੇ ਰੋਕ ਲੈਂਦਾ ਸੀ। ਉਸਦੀ ਲਾਪਰਵਾਹੀ ਨਾਲ ਹੀ ਇਹ ਹਾਦਸਾ ਹੋ ਗਿਆ।
ਹਾਦਸੇ ਦੀ ਜਾਂਚ ਲਈ ਪੁੱਜੇ ਏਐਸਆਈ ਸੁਲੱਖਣ ਸਿੰਘ ਨੇ ਕਿਹਾ ਕਿ ਮ੍ਰਿਤਕ ਦੇਹਾਂ ਨੂੰ ਖੰਨਾ ਦੇ ਸਰਕਾਰੀ ਹਸਪਤਾਲ ਵਿਖੇ ਪੋਸਟਮਾਰਟਮ ਲਈ ਰਖਵਾਇਆ ਗਿਆ ਹੈ। ਜਖਮੀਆਂ ਦੇ ਬਿਆਨ ਦਰਜ ਕੀਤੇ ਜਾਣਗੇ ਅਤੇ ਬਣਦੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ।
(ਧਰਮਿੰਦਰ ਸਿੰਘ ਦੀ ਰਿਪੋਰਟ)