Ludhiana News: ਰਵਨੀਤ ਬਿੱਟੂ ਨੇ ਭਾਜਪਾ ਉਮੀਦਵਾਰਾਂ ਦੀਆਂ ਵੋਟਾਂ ਕੱਟੇ ਜਾਣ `ਤੇ AAP ਸਰਕਾਰ ਨੂੰ ਘੇਰਿਆ
Ludhiana News: ਰਵਨੀਤ ਬਿੱਟੂ ਨੇ ਕਿਹਾ ਕਿ ਭਾਜਪਾ ਉਮੀਦਵਾਰਾਂ ਦੀਆਂ ਵੋਟਾਂ ਜਾਣ-ਬੁੱਝ ਕੇ ਕੱਟੀਆਂ ਗਈਆਂ ਹਨ। ਇਸ ਦੇ ਨਾਲ ਉਨ੍ਹਾਂ ਨੇ ਲੁਧਿਆਣਾ ਵਿੱਚ ਭਾਜਪਾ ਦਾ ਮੇਅਰ ਬਣਨ ਦਾ ਦਾਅਵਾ ਠੋਕਿਆ।
Ludhiana News: ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਲੁਧਿਆਣਾ ਦੇ ਡੀਸੀ ਦਫ਼ਤਰ ਪਹੁੰਚ ਕੇ ਭਾਜਪਾ ਉਮੀਦਵਾਰਾਂ ਨਾਲ ਧੱਕੇਸ਼ਾਹੀ ਕਰਨ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਭਾਜਪਾ ਉਮੀਦਵਾਰਾਂ ਦੀਆਂ ਵੋਟਾਂ ਜਾਣ-ਬੁੱਝ ਕੇ ਕੱਟੀਆਂ ਗਈਆਂ, ਲੁਧਿਆਣਾ ਵਿੱਚ ਭਾਜਪਾ ਦਾ ਮੇਅਰ ਬਣਨ ਦਾ ਦਾਅਵਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਲੁਧਿਆਣਾ ਦੇ ਡੀਸੀ ਜਤਿੰਦਰ ਜੋਰਵਾਲ ਨਾਲ ਵੀ ਮੁਲਾਕਾਤ ਕੀਤੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਲੁਧਿਆਣਾ ਨਗਰ ਨਿਗਮ ਚੋਣਾਂ ਲਈ ਭਾਜਪਾ ਵੱਲੋਂ ਐਲਾਨੇ ਗਏ ਉਮੀਦਵਾਰਾਂ ਦੀਆਂ ਵੋਟਾਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਜਾਣਬੁੱਝ ਕੇ ਕੱਟੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨਗਰ ਨਿਗਮ ਚੋਣਾਂ ਵਿੱਚ ਆਪਣੀ ਹਾਰ ਨੂੰ ਦੇਖਕੇ ਪੂਰੀ ਤਰ੍ਹਾਂ ਨਾਲ ਬੁਖਲਾਈ ਹੋਈ ਹੈ। ਇਸ ਕਾਰਨ ਭਾਜਪਾ ਉਮੀਦਵਾਰਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਬਿੱਟੂ ਨੇ ਕਿਹਾ ਕਿ ਫਿਰ ਵੀ ਲੁਧਿਆਣਾ ਵਿੱਚ ਭਾਜਪਾ ਦਾ ਹੀ ਮੇਅਰ ਬਣਿਆ ਰਹੇਗਾ।
ਇਸ ਦੌਰਾਨ ਰਵਨੀਤ ਬਿੱਟੂ ਨੇ ਆਮ ਆਦਮੀ ਪਾਰਟੀ 'ਤੇ ਪਰਿਵਾਰਵਾਦ ਦਾ ਦੋਸ਼ ਵੀ ਲਗਾਇਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਵਿਧਾਇਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਗਰ ਨਿਗਮ ਚੋਣਾਂ ਲਈ ਉਮੀਦਵਾਰ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਵਾਲੰਟੀਅਰਾਂ ਦੀ ਪਾਰਟੀ ਕਹਾਉਣ ਵਾਲੀ ਪਾਰਟੀ ਵੱਲੋਂ ਨਗਰ ਨਿਗਮ ਚੋਣਾਂ ਵਿੱਚ ਕਿਸੇ ਵੀ ਵਲੰਟੀਅਰ ਨੂੰ ਉਮੀਦਵਾਰ ਨਹੀਂ ਬਣਾਇਆ ਗਿਆ ਹੈ। ਇਸ ਦੌਰਾਨ ਉਨ੍ਹਾਂ ਖਨੌਰੀ ਬਾਰਡਰ ’ਤੇ ਭੁੱਖ ਹੜਤਾਲ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਾਰੇ ਵੀ ਚਿੰਤਾ ਪ੍ਰਗਟਾਈ ਹੈ।