Khanna News: ਮਾਛੀਵਾੜਾ ਸਾਹਿਬ ਵਿਖੇ ਚਲਾਏ ਜਾ ਰਹੇ ਆਪ੍ਰੇਸ਼ਨ ਈਗਲ-4 ਤਹਿਤ ਇੱਕ ਨਸ਼ਾ ਤਸਕਰ ਨੇ ਪੁਲਿਸ ਪਾਰਟੀ ਉੱਪਰ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ। ਖੁਸ਼ਕਿਸਮਤੀ ਰਹੀ ਕਿ ਕਾਂਸਟੇਬਲ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਜਿਸ ਤੋਂ ਬਾਅਦ ਮੌਕੇ ਤੋਂ ਫਰਾਰ ਹੋਏ ਨਸ਼ਾ ਤਸਕਰ ਦਾ ਪਿੱਛਾ ਕਰਕੇ ਕਾਬੂ ਕਰ ਲਿਆ ਗਿਆ। ਉਸ ਦੀ ਕਾਰ ਵਿੱਚੋਂ 5 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ। ਮੁਲਜ਼ਮ ਦੀ ਪਛਾਣ ਰਮਨ ਕੁਮਾਰ ਸ਼ੈਰੀ ਵਾਸੀ ਗੁਰੂ ਕਾਲੋਨੀ ਮਾਛੀਵਾੜਾ ਸਾਹਿਬ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਸਬ-ਇੰਸਪੈਕਟਰ ਤਾਰਾ ਰਾਮ ਪੁਲਸ ਪਾਰਟੀ ਸਮੇਤ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਈਗਲ-4 ਤਹਿਤ ਤਲਾਸ਼ੀ ਕਰ ਰਹੇ ਸਨ। 


COMMERCIAL BREAK
SCROLL TO CONTINUE READING

ਇਸ ਦੌਰਾਨ ਪੁਲੀਸ ਪਾਰਟੀ ਟੀ ਪੁਆਇੰਟ ਰੋਪੜ ਰੋਡ ਨੇੜੇ ਸ਼ਕਤੀ ਸਕੂਲ ਕੋਲ ਮੌਜੂਦ ਸੀ ਤਾਂ ਚਰਨ ਕੰਵਲ ਚੌਕ ਵੱਲੋਂ ਆ ਰਹੀ ਚਿੱਟੇ ਰੰਗ ਦੀ ਸਵਿਫਟ ਡਿਜ਼ਾਇਰ ਕਾਰ ਨੂੰ ਸ਼ੱਕ ਦੇ ਆਧਾਰ ’ਤੇ ਰੁਕਣ ਦਾ ਇਸ਼ਾਰਾ ਕੀਤਾ ਗਿਆ। ਕਾਰ ਚਲਾ ਰਹੇ ਰਮਨ ਕੁਮਾਰ ਸ਼ੈਰੀ ਨੇ ਰਫਤਾਰ ਵਧਾ ਦਿੱਤੀ ਤੇ  ਜਾਨੋਂ ਮਾਰਨ ਦੀ ਨੀਅਤ ਨਾਲ ਪੁਲਿਸ ਮੁਲਾਜ਼ਮਾਂ ਉਪਰ ਕਾਰ ਚੜਾਉਣ  ਦੀ ਕੋਸ਼ਿਸ਼ ਕੀਤੀ। ਪੁਲਿਸ ਮੁਲਾਜ਼ਮਾਂ ਨੇ ਪਿੱਛੇ ਹਟ ਕੇ ਆਪਣਾ ਬਚਾਅ ਕੀਤਾ। ਕਾਂਸਟੇਬਲ ਮਨਪ੍ਰੀਤ ਸਿੰਘ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਉਸ ਨੂੰ ਵੀ ਸੱਟ ਲੱਗ ਗਈ। ਇਸ ਤੋਂ ਬਾਅਦ ਰਮਨ ਕੁਮਾਰ ਸ਼ੈਰੀ ਕਾਰ ਭਜਾ ਕੇ ਲੈ ਗਿਆ। ਪੁਲਿਸ ਨੇ ਉਸ ਦਾ ਪਿੱਛਾ ਵੀ ਕੀਤਾ। 


ਇਹ ਵੀ ਪੜ੍ਹੋ: Barnala News: ਬਰਨਾਲਾ ਦੀ ਪਾਸ਼ ਕਲੋਨੀ 'ਚੋਂ ਤਿੰਨ ਲਾਸ਼ਾਂ ਮਿਲਣ ਨਾਲ ਫੈਲੀ ਸਨਸਨੀ, ਪੁਲਿਸ ਨੇ ਸ਼ੁਰੂ ਕੀਤੀ ਜਾਂਚ

ਸ਼ਕਤੀ ਸਕੂਲ ਦੇ ਪਿਛਲੇ ਪਾਸੇ ਵਾਲੀ ਲੇਨ ਵਿੱਚ ਅਚਾਨਕ ਕਾਰ ਰੁਕ ਗਈ। ਮੁਲਜ਼ਮ ਨੇ ਕਾਰ ਛੱਡ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਪਰ ਉਥੇ ਪੁਲਿਸ ਨੇ ਦੋਸ਼ੀ ਨੂੰ ਕਾਬੂ ਕਰ ਲਿਆ। ਤਲਾਸ਼ੀ ਲੈਣ 'ਤੇ ਕਾਰ 'ਚੋਂ 5 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ। ਮਾਛੀਵਾੜਾ ਸਾਹਿਬ ਦੇ ਐਸਐਚਓ ਭਿੰਦਰ ਸਿੰਘ ਨੇ ਦੱਸਿਆ ਕਿ ਰਮਨ ਕੁਮਾਰ ਸ਼ੈਰੀ ਖ਼ਿਲਾਫ਼ ਪਹਿਲਾਂ ਵੀ ਕੇਸ ਦਰਜ ਹਨ। ਸਾਲ 2018 ਵਿੱਚ ਮਾਛੀਵਾੜਾ ਸਾਹਿਬ ਵਿੱਚ ਗੈਂਬਲਿੰਗ ਐਕਟ ਦਾ ਮਾਮਲਾ ਦਰਜ ਹੋਇਆ ਸੀ। ਸਾਹਨੇਵਾਲ ਵਿੱਚ 2023 ਵਿੱਚ ਨਸ਼ਾ ਤਸਕਰੀ ਦਾ ਕੇਸ ਦਰਜ ਹੋਇਆ ਸੀ ਅਤੇ ਮਾਛੀਵਾੜਾ ਸਾਹਿਬ ਵਿੱਚ 2015 ਵਿੱਚ ਨਸ਼ਾ ਤਸਕਰੀ ਦਾ ਕੇਸ ਦਰਜ ਹੋਇਆ ਸੀ। ਤਾਜ਼ਾ ਘਟਨਾ ਵਿੱਚ, ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀਆਂ ਧਾਰਾਵਾਂ 307 (ਕਤਲ ਦੀ ਕੋਸ਼ਿਸ਼), 353, 332, 186 (ਅਧਿਕਾਰਤ ਡਿਊਟੀ ਵਿੱਚ ਰੁਕਾਵਟ ਪਾਉਣਾ ਅਤੇ ਨੁਕਸਾਨ ਪਹੁੰਚਾਉਣਾ) ਦੇ ਨਾਲ-ਨਾਲ ਐਨਡੀਪੀਐਸ (ਡਰੱਗ ਟਰੈਫਿਕਿੰਗ) ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।