ਚੰਡੀਗੜ੍ਹ: ਨਾਇਬ ਤਹਿਸੀਲਦਾਰਾਂ ਦੀ ਭਰਤੀ ਦਾ ਮਾਮਲਾ ਗਰਮਾਉਂਦਾ ਨਜ਼ਰ ਆ ਰਿਹਾ ਹੈ।  ਇਸ ਮੁੱਦੇ ’ਤੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੁਆਰਾ ਅੰਮ੍ਰਿਤਸਰ ’ਚ ਪ੍ਰੈਸ-ਕਾਨਫ਼ਰੰਸ ਕੀਤੀ ਗਈ। 


COMMERCIAL BREAK
SCROLL TO CONTINUE READING

 


ਕਲਰਕ ਦੇ ਪੇਪਰ ’ਚ ਫੇਲ੍ਹ ਉਮੀਦਵਾਰ, ਮੈਨੇਜਰ ਦੇ ਪੇਪਰ ’ਚ ਟੌਪਰ
ਮਜੀਠੀਆ ਨੇ ਸਵਾਲ ਉਠਾਇਆ ਕਿ ਜੋ ਉਮੀਦਵਾਰ ਕਲਰਕ ਦੀ ਪਰੀਖਿਆ ’ਚ ਫੇਲ੍ਹ ਹੋ ਗਏ ਹੋਣ, ਉਹ ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) ਦੀ ਪ੍ਰੀਖਿਆ ’ਚ ਟੌਪਰ (Topper) ਕਿਵੇਂ ਹੋ ਸਕਦੇ ਹਨ? 
ਉਨ੍ਹਾਂ ਮੈਰਿਟ ’ਚ ਆਏ ਉਮੀਦਵਾਰਾਂ ਦੀ ਲਿਸਟ ਵਿਖਾਉਂਦਿਆ ਕਿਹਾ ਕਿ ਜਸਵੀਰ ਸਿੰਘ ਨੇ 29-8-2021 ਨੂੰ ਕੋ-ਆਪ੍ਰੇਟਿਵ ਬੈਂਕ ਦੇ ਕਲਰਕ-ਕਮ-ਡਾਟਾ ਐਂਟਰੀ ਓਪਰੇਟਰ ਦਾ ਪੇਪਰ ਦਿੱਤਾ ਸੀ। ਇਸ ਪ੍ਰੀਖਿਆ ’ਚ ਉਸਨੇ 21.75 ਫ਼ੀਸਦ ਅੰਕ ਹਾਸਲ ਕੀਤੇ। ਉਸੇ ਦਿਨ ਉਹੀ ਉਮੀਦਵਾਰ ਕੋ-ਆਪ੍ਰੇਟਿਵ ਮੈਨੇਜਰ ਦਾ ਪੇਪਰ ਦਿੰਦਾ ਹੈ ਤੇ ਤੀਜਾ ਰੈਂਕ ਹਾਸਲ ਕਰਦਾ ਹੈ। ਇਹ ਕਿਵੇ ਸੰਭਵ ਹੈ ਜਦਕਿ ਮੈਨੇਜਰ ਲੈਵਲ ਦਾ ਪੇਪਰ ਕਲਰਕ ਦੇ ਲੈਵਲ ਤੋਂ ਔਖਾ ਹੁੰਦਾ ਹੈ। 



ਮੈਰਿਟ ’ਚ ਆਉਣ ਵਾਲੇ ਉਮੀਦਵਾਰ CM ਦੇ ਜ਼ਿਲ੍ਹੇ ਨਾਲ ਸਬੰਧਤ: ਮਜੀਠੀਆ
ਮਜੀਠੀਆ ਨੇ ਕਿਹਾ ਕਿ ਸ਼ੱਕ ਤਾਂ ਇਸ ਗੱਲ ਤੋਂ ਪੈਂਦਾ ਹੁੰਦਾ ਹੈ ਕਿ ਸਾਰੇ ਹੀ ਮੈਰਿਟ ’ਚ ਆਏ ਉਮੀਦਵਾਰ ਮੂਨਕ ਅਤੇ ਪਾਤੜਾਂ ਦੇ ਵਸਨੀਕ ਹਨ। ਇਹ ਸਾਰੇ ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹੇ ਨਾਲ ਸਬੰਧਤ ਹਨ। ਲੱਗਦਾ ਹੈ CM ਭਗਵੰਤ ਮਾਨ ਨੇ ਨੰਬਰ ਵੀ ਬਹੁਤ ਹਿਸਾਬ ਨਾਲ ਦਿੱਤੇ ਹਨ। ਉਨ੍ਹਾਂ ਕਿਹਾ ਕਿ ਹੈਰਾਨ ਕਰਨ ਵਾਲੀ ਗੱਲ ਹੈ ਕਿ 'ਆਪ' ਸਰਕਾਰ ਦੇ ਘਪਲੇ ਦਾ ਪਰਦਾਫਾਸ਼ ਵਿਰੋਧੀ ਧਿਰਾਂ ਨਹੀਂ ਬਲਕਿ ਬੇਰੁਜ਼ਗਾਰ ਨੌਜਵਾਨ ਕਰ ਰਹੇ ਹਨ। 


 



ਇਸ ਮੌਕੇ ਬਿਕਰਮ ਮਜੀਠੀਆ ਨਾਲ ਕਾਨਫ਼ਰੰਸ ’ਚ ਮੌਜੂਦ ਨੌਜਵਾਨਾਂ ਨੇ ਇਸ ਕਥਿਤ ਘਪਲੇ ਦੀ ਜਾਂਚ ਸੀ. ਬੀ. ਆਈ (CBI) ਰਾਹੀਂ ਕਰਵਾਉਣ ਦੀ ਮੰਗ ਕੀਤੀ ਕੀਤੀ। 


 



ਜ਼ਿਕਰਯੋਗ ਹੈ ਕਿ ਬਿਕਰਮ ਮਜੀਠੀਆ ਦੀ ਪ੍ਰੈਸ ਕਾਨਫ਼ਰੰਸ ਤੋਂ ਕੁਝ ਦਿਨ ਪਹਿਲਾਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਲੋਂ ਵੀ ਨਾਇਬ ਤਹਿਸੀਲਦਾਰਾਂ ਦੀ ਭਰਤੀ ਮਾਮਲੇ ’ਚ ਘੁਟਾਲੇ ਦਾ ਦੋਸ਼ ਲਗਾਇਆ ਗਿਆ ਸੀ।