CM ਮਾਨ ਦੀ ਸਿਆਸਤ ’ਚ ਐਂਟਰੀ ਕਰਵਾਉਣ ਵਾਲੇ ਵਿਜੀਲੈਂਸ ਬਿਊਰੋ ਦੇ ਘੇਰੇ ’ਚ
ਸਾਧੂ ਸਿੰਘ ਧਰਮਸੋਤ, ਸੰਗਤ ਸਿੰਘ ਗਿਲਜੀਆਂ ਤੇ ਭਾਰਤ ਭੂਸ਼ਣ ਆਸ਼ੂ ਤੋਂ ਬਾਅਦ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਸਰਕਾਰ ਦੇ ਨਿਸ਼ਾਨੇ ’ਤੇ ਹਨ।
ਚੰਡੀਗੜ੍ਹ: ਕਾਂਗਰਸ ਦੇ ਸਾਬਕਾ ਮੰਤਰੀਆਂ ’ਤੇ ਲਗਾਤਾਰ ਵਿਜੀਲੈਂਸ ਵਿਭਾਗ ਦੀ ਨਜ਼ਰ ਹੈ। ਹੁਣ ਸਾਧੂ ਸਿੰਘ ਧਰਮਸੋਤ, ਸੰਗਤ ਸਿੰਘ ਗਿਲਜੀਆਂ ਤੇ ਭਾਰਤ ਭੂਸ਼ਣ ਆਸ਼ੂ ਤੋਂ ਬਾਅਦ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਸਰਕਾਰ ਦੇ ਨਿਸ਼ਾਨੇ ’ਤੇ ਹਨ।
ਸਾਬਕਾ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਦਿੱਤੀ ਸ਼ਿਕਾਇਤ
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਸਾਬਕਾ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਕਿ ਪਿਛਲੀ ਕਾਂਗਰਸ ਸਰਕਾਰ ਦੌਰਾਨ ਮਨਪ੍ਰੀਤ ਬਾਦਲ ਨੇ ਕਣਕ ਤੇ ਝੋਨੇ ਦੀ ਢੋਆ-ਢੁਆਈ ’ਚ ਫਰਜ਼ੀ ਕੰਪਨੀਆਂ ਬਣਾ ਸਰਕਾਰੀ ਖਜ਼ਾਨੇ ਦੀ ਲੁੱਟ ਕੀਤੀ। ਸਿੰਗਲਾ ਦੀ ਸ਼ਿਕਾਇਤ ਤੋਂ ਬਾਅਦ ਵਿਜੀਲੈਂਸ ਵਿਭਾਗ ਨੇ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਨਾਲ ਜੁੜਿਆ ਰਿਕਾਰਡ ਤਲਬ ਕਰ ਲਿਆ ਹੈ।
ਸਾਬਕਾ ਖਜ਼ਾਨਾ ਮੰਤਰੀ ਨੇ ਡਰਾਈਵਰ ਤੇ ਗੰਨਮੈਨ ਦੇ ਨਾਮ ’ਤੇ ਬਣਾਈਆਂ ਫਰਜ਼ੀ ਕੰਪਨੀਆਂ
ਇੰਨਾ ਹੀ ਨਹੀਂ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਸਾਬਕਾ ਖਜ਼ਾਨਾ ਮੰਤਰੀ ਦੇ ਓ. ਐੱਸ. ਡੀ. ਜਗਤਾਰ ਸਿੰਘ ਖ਼ਿਲਾਫ਼ ਵੀ ਸ਼ਿਕਾਇਤ ਦਿੱਤੀ ਹੈ। ਓ. ਐੱਸ. ਡੀ. ਖ਼ਿਲਾਫ਼ ਦਿੱਤੀ ਸ਼ਿਕਾਇਤ ’ਚ ਦੱਸਿਆ ਗਿਆ ਹੈ ਕਿ ਪੰਜਾਬ ਕੰਸਟ੍ਰਕਸ਼ਨ ਪ੍ਰੋਗਰਾਮ ਤਹਿਤ ਵੀ ਸਰਕਾਰੀ ਫ਼ੰਡਾਂ ਦੀ ਦੁਰਵਰਤੋਂ ਹੋਈ ਹੈ। ਇਨ੍ਹਾ ਹੀ ਨਹੀਂ ਸ਼ਿਕਾਇਤ ’ਚ ਦੱਸਿਆ ਗਿਆ ਹੈ ਕਿ ਮਨਪ੍ਰੀਤ ਸਿੰਘ ਬਾਦਲ ਨੇ ਆਪਣ ਡਰਾਈਵਰ ਅਤੇ ਗੰਨਮੈਨ ਦੇ ਨਾਮ ’ਤੇ ਫਰਜ਼ੀ ਕੰਪਨੀਆਂ ਬਣਾਈਆਂ। ਮਨਪ੍ਰੀਤ ਬਾਦਲ ’ਤੇ ਪ੍ਰਾਈਵੇਟ ਟਰਾਂਸਪੋਰਟ ਕੰਪਨੀਆਂ ਨੂੰ ਫ਼ਾਇਦਾ ਪਹੁੰਚਾਉਣ ਦੇ ਆਰੋਪ ਹਨ।
CM ਮਾਨ ਨੂੰ ਸਿਆਸਤ ’ਚ ਲਿਆਉਣ ਵਾਲੇ ਮਨਪ੍ਰੀਤ ਬਾਦਲ
ਇਥੇ ਖ਼ਾਸ ਗੱਲ ਇਹ ਹੈ ਕਿ CM ਭਗਵੰਤ ਮਾਨ ਨੂੰ ਮਨਪ੍ਰੀਤ ਬਾਦਲ ਹੀ ਰਾਜਨੀਤੀ ’ਚ ਲੈਕੇ ਆਏ ਸਨ। ਮਨਪ੍ਰੀਤ ਬਾਦਲ ਦੀ ਪੀਪਲਜ਼ ਪਾਰਟੀ ਆਫ਼ ਪੰਜਾਬ (PPP) ਤੋਂ ਹੀ ਮਾਨ ਨੇ ਪਹਿਲੀ ਚੋਣ ਲੜੀ। ਇਸ ਤੋਂ ਬਾਅਦ ਦੋਹਾਂ ਦੇ ਰਾਹ ਵੱਖੋ-ਵੱਖਰੇ ਹੋ ਗਏ। ਮਨਪ੍ਰੀਤ ਸਿੰਘ ਬਾਦਲ ਕਾਂਗਰਸ ’ਚ ਤੇ ਭਗਵੰਤ ਮਾਨ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ
ਉੱਧਰ ਇਸ ਮਾਮਲੇ ’ਤੇ ਜਾਣਕਾਰੀ ਦਿੰਦਿਆ ਵਿਜੀਲੈਂਸ ਬਿਊਰੋ ਦੇ ਡੀਐੱਸਪੀ ਸੰਦੀਪ ਸਿੰਘ ਨੇ ਦੱਸਿਆ ਕਿ ਸਬੰਧਿਤ ਵਿਭਾਗ ਤੋਂ ਰਿਕਾਰਡ ਤਲਬ ਕਰ ਲਿਆ ਗਿਆ ਹੈ। ਕਿਸੇ ਨਤੀਜੇ ’ਤੇ ਪਹੁੰਚਣ ਤੋਂ ਪਹਿਲਾਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ।