Mansa News(ਕੁਲਦੀਪ ਧਾਲੀਵਾਲ): ਮਾਨਸਾ ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ਦੇ ਪਿੰਡ ਵਾਸੀਆਂ ਵੱਲੋਂ ਸਾਰੀ ਰਾਤ ਸਕੂਲ ਦੇ ਬਾਹਰ ਉਮੀਦਵਾਰ ਦੇ ਹੱਕ ਵਿੱਚ ਧਰਨਾ ਲਗਾ ਕੇ ਰੱਖਿਆ ਗਿਆ ਅਤੇ ਸਰਪੰਚ ਦੇ ਉਮੀਦਵਾਰ ਦਾ ਸਵੇਰੇ ਪੌਣੇ 6 ਵਜੇ ਜੇਤੂ ਐਲਾਨ ਕੀਤਾ ਗਿਆ ਜਦੋਂ ਕਿ ਸਾਰੀ ਰਾਤ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਅਰਸ਼ਦੀਪ ਸਿੰਘ ਗਾਗੋਵਾਲ ਵੱਲੋਂ ਆਪਣੇ ਕਾਂਗਰਸ ਪਾਰਟੀ ਦੇ ਵਰਕਰਾਂ ਸਮੇਤ ਲੋਕਾਂ ਦੇ ਨਾਲ ਪ੍ਰਦਰਸ਼ਨ ਕਰਦੇ ਰਹੇ। 


COMMERCIAL BREAK
SCROLL TO CONTINUE READING

ਬੀਤੇ ਕੱਲ੍ਹ ਹੋਈਆਂ ਪੰਚਾਇਤੀ ਚੋਣਾਂ ਦੇ ਦੌਰਾਨ ਮਾਨਸਾ ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ਵਿੱਚ ਸਾਰੀ ਰਾਤ ਗਿਣਤੀ ਚਲਦੀ ਰਹੀ ਜਦੋਂ ਕਿ ਪੰਚਾਇਤ ਮੈਂਬਰਾਂ ਦੇ ਡੇਢ ਵਜੇ ਤੱਕ ਰਿਜ਼ਲਟ ਐਲਾਨ ਕੀਤੇ ਗਏ ਪਰ ਸਰਪੰਚ ਦੀ ਗਿਣਤੀ ਨਾ ਹੋਣ ਦੇ ਚਲਦਿਆਂ ਪਿੰਡ ਵਾਸੀਆਂ ਵੱਲੋਂ ਸਰਪੰਚ ਦੇ ਹੱਕ ਵਿੱਚ ਔਰਤਾਂ ਸਮੇਤ ਪੂਰਾ ਪਿੰਡ ਸਕੂਲ ਨੂੰ ਚਾਰੇ ਪਾਸਿਓਂ ਘੇਰ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।


ਪਿੰਡ ਵਾਸੀਆਂ ਨੇ ਕਿਹਾ ਕਿ ਸਰਪੰਚ ਦੀਆਂ ਵੋਟਾਂ ਦੀ ਗਿਣਤੀ ਜਾਣ ਬੁੱਝ ਕੇ ਟਾਲੀ ਜਾ ਰਹੀ ਹੈ ਅਤੇ ਮੌਜੂਦਾ ਸਰਕਾਰ ਵੱਲੋਂ ਧੱਕਾ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਸਮੇਤ ਆਲਾ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਉਹਨਾਂ ਨੇ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਸਾਢੇ ਤਿੰਨ ਵਜੇ ਦੇ ਕਰੀਬ ਸਰਪੰਚ ਦੀਆਂ ਵੋਟਾਂ ਦੀ ਗਿਣਤੀ ਸ਼ੁਰੂ ਕਰਵਾਈ ਗਈ।


ਜੇਤੂ ਸਰਪੰਚ ਰੇਸ਼ਮ ਸਿੰਘ ਜਿੰਦਾ ਨੇ ਕਿਹਾ ਕਿ ਉਨ੍ਹਾਂ ਦੇ ਨਾਲ ਅੰਦਰ ਵੋਟਾਂ ਦੀ ਗਿਣਤੀ ਨੂੰ ਲੈ ਕੇ ਬਹੁਤ ਹੀ ਧੱਕੇਸ਼ਾਹੀ ਕੀਤੀ ਗਈ ਅਤੇ ਦੂਸਰਾ ਉਮੀਦਵਾਰ ਵੋਟਾਂ ਦੀ ਗਿਣਤੀ ਕਰਵਾਉਣ ਤੋਂ ਭੱਜਦਾ ਰਿਹਾ ਸੀ। ਪਿੰਡ ਵਾਸੀਆਂ ਵੱਲੋਂ ਪੂਰੇ ਰਾਤ ਉਨ੍ਹਾਂ ਦਾ ਸਾਥ ਦਿੱਤਾ ਗਿਆ ਜੇਕਰ ਪਿੰਡ ਦੇ ਲੋਕ ਧਰਨਾ ਲਗਾ ਕੇ ਨਾ ਬੈਠਦੇ ਤਾਂ ਉਨ੍ਹਾਂ ਦੇ ਨਾਲ ਧੱਕੇਸ਼ਾਹੀ ਹੋ ਸਕਦੀ ਸੀ।


ਇਸ ਮੌਕੇ ਜ਼ਿਲ੍ਹਾਂ ਕਾਂਗਰਸ ਪਾਰਟੀ ਦੇ ਪ੍ਰਧਾਨ ਅਰਸ਼ਦੀਪ ਸਿੰਘ ਗਾਗੋਵਾਲ ਨੇ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਅਤੇ ਪੰਜਾਬ ਦੇ ਵਿੱਚ ਪਹਿਲੀ ਵਾਰੀ ਅਜਿਹਾ ਹੋਇਆ ਹੈ ਕਿ ਸਰਪੰਚ ਦੀਆਂ ਵੋਟਾਂ ਦੀ ਗਿਣਤੀ ਨੂੰ ਜਾਣ ਬੁਝ ਕੇ ਟਾਲ ਮਟੋਲ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਉਨ੍ਹਾਂ ਨੇ ਗਿਣਤੀ ਸ਼ੁਰੂ ਕਰਵਾਈ ਹੈ।