Mansa News: ਪਿੰਡ ਉੜਤ ’ਚ ਵੀ ਹੋਇਆ ਗੁਲਾਬੀ ਸੁੰਡੀ ਦਾ ਹਮਲਾ, ਕਿਸਾਨ ਦੀ 10 ਏਕੜ ਫਸਲ ਹੋਈ ਬਰਬਾਦ
Mansa News: ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਸੁੰਡੀ ਦੀ ਰੋਕਥਾਮ ਲਈ ਮਹਿਕਮੇ ਨੂੰ ਦਵਾਈ ਮੁਹਈਆ ਕਰਵਾਈ ਜਾਵੇ ਅਤੇ ਉਚਿਤ ਮੁਆਵਜ਼ਾ ਦਿੱਤਾ ਜਾਵੇ।
Mansa News: ਮਾਨਸਾ ਜ਼ਿਲ੍ਹੇ ਦੇ ਪਿੰਡ ਉੜਤ ਵਿੱਚ ਵੀ ਕਣਕ ਦੀ ਫ਼ਸਲ ਉੱਤੇ ਗੁਲਾਬੀ ਸੁੰਡੀ ਨੇ ਹਮਲਾ ਕਰ ਦਿੱਤਾ ਹੈ। ਜਿਸ ਕਾਰਨ ਕਿਸਾਨ ਕਾਫੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਕਿਸਾਨ ਭਗਤ ਰਾਮ ਦੀ ਕਣਕ ਦੀ ਫਸਲ ਤੇ ਗੁਲਾਬੀ ਸੁੰਡੀ ਦਾ ਹਮਲਾ ਹੋਣ ਨਾਲ ਕਰੀਬ 10 ਏਕੜ ਫਸਲ ਬਰਬਾਦ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਭਗਤ ਰਾਮ ਨੇ ਦੱਸਿਆ ਕਿ ਬੀਤੇ ਕਈ ਸਾਲਾਂ ਤੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਨੂੰ ਸਮਝਦੇ ਹੋਏ ਉਹ ਆਪਣੇ ਪਰਾਲੀ ਦੀ ਰਹਿਣ ਖੂੰਹਦ ਨੂੰ ਅੱਗ ਨਹੀਂ ਲਗਾ ਰਹੇ ਅਤੇ ਪਰਾਲੀ ਨੂੰ ਖੇਤਾਂ ਵਿੱਚ ਹੀ ਵਾਹਕੇ ਖੇਤੀ ਕਰ ਹਨ।
ਕਿਸਾਨਾਂ ਨੇ ਕਿਹਾ ਕਿ ਮਹਿੰਗੇ ਭਾਅ ਦਾ ਬੀਜ ਅਤੇ ਡੀਏਪੀ ਪਾ ਕੇ ਕਣਕ ਦੀ ਫਸਲ ਬੀਜੀ ਸੀ ਪਰ ਗੁਲਾਬੀ ਸੁੰਡੀ ਲੱਗਣ ਨਾਲ ਕਰੀਬ 10 ਏਕੜ ਕਣਕ ਦੀ ਫਸਲ ਖਰਾਬ ਹੋ ਚੁੱਕੀ ਹੈ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਸੁੰਡੀ ਦੀ ਰੋਕਥਾਮ ਲਈ ਮਹਿਕਮੇ ਨੂੰ ਦਵਾਈ ਮੁਹਈਆ ਕਰਵਾਈ ਜਾਵੇ ਅਤੇ ਉਚਿਤ ਮੁਆਵਜ਼ਾ ਦਿੱਤਾ ਜਾਵੇ।
ਕਿਸਾਨਾਂ ਨੇ ਦੱਸਿਆ ਕਿ ਸਰਕਾਰ ਦੇ ਹੁਕਮਾਂ ਅਨੁਸਾਰ ਉਨ੍ਹਾਂ ਨੇ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਆਪਣੇ ਖੇਤਾਂ ਵਿੱਚ ਸਿੱਧੀ ਬਿਜਾਈ ਕੀਤੀ ਸੀ ਪਰ ਸਿੱਧੀ ਬਿਜਾਈ ਕਾਰਨ ਉਨ੍ਹਾਂ ਦੀ ਕਣਕ ਦੀ ਫ਼ਸਲ 'ਤੇ ਵੱਡੇ ਪੱਧਰ 'ਤੇ ਗੁਲਾਬੀ ਕੀੜੇ ਦਾ ਹਮਲਾ ਹੋ ਰਿਹਾ ਹੈ।
ਜਿਸ ਕਾਰਨ ਸਾਰਾ ਖੇਤ ਖਾਲੀ ਹੋ ਰਿਹਾ ਹੈ ਅਤੇ ਸਰਕਾਰ ਵੱਲੋਂ ਖੇਤੀਬਾੜੀ ਵਿਭਾਗ ਵੱਲੋਂ ਨਿਰਧਾਰਤ ਕੀਟਨਾਸ਼ਕ ਦਵਾਈਆਂ ਲਾਗੂ ਕਰਨ ਦੇ ਬਾਵਜੂਦ ਵੀ ਕਣਕ ਦੀ ਫ਼ਸਲ ਖ਼ਤਮ ਹੋ ਚੁੱਕੀ ਹੈ। ਜਿਸ ਕਾਰਨ ਕਿਸਾਨ ਹੁਣ ਮੁੜ ਖੇਤਾਂ ਵਿੱਚ ਕਣਕ ਦੀ ਬਿਜਾਈ ਕਰਨ ਲਈ ਮਜਬੂਰ ਹਨ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਖੇਤਾਂ ਵਿੱਚ ਪਈ ਕਿਸਾਨਾਂ ਦੀ ਕਣਕ ਦੀ ਫ਼ਸਲ ਦਾ ਜਾਇਜ਼ਾ ਲੈ ਕੇ ਉਨ੍ਹਾਂ ਨੂੰ ਖ਼ਰਾਬ ਹੋਈ ਕਣਕ ਦੀ ਫ਼ਸਲ ਦਾ ਮੁਆਵਜ਼ਾ ਦਿੱਤਾ ਜਾਵੇ।