Mansa News: ਮਾਨਸਾ ਦੇ ਨੌਜਵਾਨ ਜਸਕਰਨ ਸਿੰਘ ਦੀ ਕੈਨੇਡਾ ਵਿੱਚ ਸ਼ੱਕੀ ਹਾਲਾਤਾਂ `ਚ ਮੌਤ
Mansa News: ਮਾਪਿਆਂ ਵੱਲੋਂ ਆਪਣੇ ਪੁੱਤਰ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਅਤੇ ਲਾਸ਼ ਨੂੰ ਪੰਜਾਬ ਲਿਆਉਣ ਦੀ ਸਰਕਾਰ ਨੂੰ ਅਪੀਲ ਕੀਤੀ ਗਈ ਹੈ।
Mansa News(ਕੁਲਦੀਪ ਧਾਲੀਵਾਲ): ਮਾਨਸਾ ਜ਼ਿਲ੍ਹੇ ਦੇ ਪਿੰਡ ਜੋਈਆਂ ਕਿਸਾਨ ਵੱਲੋਂ ਦੋ ਸਾਲ ਪਹਿਲਾਂ ਡੇਢ ਏਕੜ ਜਮੀਨ ਵੇਚ ਕੇ ਆਪਣੇ ਪੁੱਤਰ ਜਸਕਰਨ ਸਿੰਘ (22 ) ਨੂੰ ਵਿਦੇਸ਼ ਭੇਜਿਆ ਸੀ। ਜਿਸ ਦੀ ਸ਼ੱਕੀ ਹਾਲਾਤਾਂ ਵਿੱਚ ਕਨੇਡਾ ਵਿਖੇ ਮੌਤ ਹੋਣ ਦੀ ਮਾਪਿਆਂ ਨੂੰ ਬੁਰੀ ਖਬਰ ਮਿਲੀ ਹੈ। ਜਿਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸ਼ੋਕ ਦੀ ਲਹਿਰ ਫੈਲ ਗਈ ਹੈ।
ਜਾਣਕਾਰੀ ਅਨੁਸਾਰ ਮਾਨਸਾ ਜ਼ਿਲ੍ਹੇ ਦੇ ਪਿੰਡ ਜੋਈਆਂ ਗਰੀਬ ਕਿਸਾਨ ਬਲਕਾਰ ਸਿੰਘ ਵੱਲੋਂ ਰੁਜ਼ਗਾਰ ਦੇ ਲਈ ਆਪਣੀ ਡੇਢ ਏਕੜ ਜਮੀਨ ਵੇਚ ਕੇ ਦੋ ਸਾਲ ਪਹਿਲਾਂ ਪੁੱਤਰ ਜਸਕਰਨ ਸਿੰਘ ਨੂੰ ਕਨੇਡਾ ਭੇਜਿਆ ਗਿਆ ਸੀ ਅਤੇ ਮਾਪਿਆਂ ਦੇ ਚਾਅ ਸਨ ਕਿ ਉਹਨਾਂ ਦਾ ਪੁੱਤਰ ਕਨੇਡਾ ਦੇ ਵਿੱਚੋਂ ਪੜ੍ਹਾਈ ਦੇ ਨਾਲ ਨਾਲ ਰੁਜ਼ਗਾਰ ਵੀ ਹਾਸਲ ਕਰ ਲਵੇਗਾ ਤੇ ਆਪਣੇ ਮਾਪਿਆਂ ਦੀ ਜਮੀਨ ਵੀ ਛੁਡਵਾ ਲਵੇਗਾ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਹੋਇਆ। ਜਿਸ ਦੇ ਚਲਦਿਆਂ ਮਾਪਿਆਂ ਨੂੰ ਬੀਤੇ ਕੱਲ ਕਨੇਡਾ ਤੋਂ ਬੁਰੀ ਖਬਰ ਆਈ ਕਿ ਉਹਨਾਂ ਦੇ ਪੁੱਤਰ ਜਸਕਰਨ ਸਿੰਘ ਦੀ ਮੌਤ ਹੋ ਗਈ ਹੈਜਿਸ ਤੋਂ ਬਾਅਦ ਹੁਣ ਮਾਪਿਆਂ ਵੱਲੋਂ ਆਪਣੇ ਪੁੱਤਰ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਅਤੇ ਲਾਸ਼ ਨੂੰ ਪੰਜਾਬ ਲਿਆਉਣ ਦੀ ਸਰਕਾਰ ਨੂੰ ਅਪੀਲ ਕੀਤੀ ਗਈ ਹੈ।