ਜੀਤੀ ਸਿੱਧੂ ਤੋਂ ਖੁੱਸੀ ਮੇਅਰ ਦੀ ਕੁਰਸੀ, ਅਹੁਦੇ ਦਾ ਦੁਰਉਪਯੋਗ ਕਰਨ ਦਾ ਇਲਜ਼ਾਮ!
ਨਗਰ ਨਿਗਮ ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਸਿੱਧੂ ’ਤੇ ਆਪਣੀ ਨਿੱਜੀ ਲੇਬਰ ਸੋਸਾਇਟੀ ’ਚ ਕਰੋੜਾਂ ਰੁਪਏ ਦਾ ਕੰਮ ਅਲਾਟ ਕਰਨ ਦੇ ਆਰੋਪ ਲੱਗੇ ਸਨ, ਕੌਂਸਲਰਾਂ ਦੀ ਸ਼ਿਕਾਇਤ ਤੋਂ ਸਰਕਾਰ ਦੇ ਧਿਆਨ ’ਚ ਇਹ ਮਾਮਲਾ ਆਇਆ।
Mohali Mayor removed from his Post: ਨਗਰ ਨਿਗਮ ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਸਿੱਧੂ ਨੂੰ ਕੌਂਸਲਰ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਸਥਾਨਕ ਸਰਕਾਰਾਂ ਵਿਭਾਗ ਦੇ ਚੀਫ਼ ਸੈਕਟਰੀ ਵਿਵੇਕ ਪ੍ਰਤਾਪ ਸਿੰਘ ਵਲੋਂ ਇਹ ਹੁਕਮ ਜਾਰੀ ਕੀਤੇ ਗਏ ਹਨ।
ਦਰਅਸਲ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਛੋਟੇ ਭਰਾ ਅਮਰਜੀਤ ਸਿੰਘ (ਜੀਤੀ ਸਿੱਧੂ) ’ਤੇ ਆਪਣੀ ਨਿੱਜੀ ਲੇਬਰ ਸੋਸਾਇਟੀ ’ਚ ਕਰੋੜਾਂ ਰੁਪਏ ਦਾ ਕੰਮ ਅਲਾਟ ਕਰਨ ਦੇ ਆਰੋਪ ਲੱਗੇ ਸਨ, ਕੌਂਸਲਰਾਂ ਦੀ ਸ਼ਿਕਾਇਤ ਤੋਂ ਸਰਕਾਰ ਦੇ ਧਿਆਨ ’ਚ ਇਹ ਮਾਮਲਾ ਆਇਆ।
ਹੁਕਮਾਂ ’ਚ ਕਿਹਾ ਗਿਆ ਹੈ ਕਿ ਪੰਜਾਬ ਮਿਊਂਸੀਪਲ ਕਾਰਪੋਰੇਸ਼ਨ ਐਕਟ-1976 ਦੀ ਧਾਰਾ- 63 ਦੀ ਉਲੰਘਣਾ ਕਾਰਨ ਸਰਕਾਰ ਕੋਲ ਜੀਤੀ ਸਿੱਧੂ ਨੂੰ ਕੌਂਸਲਰ ਦੇ ਅਹੁਦੇ ਤੋਂ ਹਟਾਉਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ। ਇਸ ਕਾਰਨ ਪੰਜਾਬ ਮਿਊਂਸੀਪਲ ਕਾਰਪੋਰੇਸ਼ਨ ਐਕਟ ਦੇ ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਸਿੱਧੂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਭਾਵੇਂ ਇਹ ਲਿਖਤੀ ਹੁਕਮ ਹੁਣ ਜਨਤਕ ਹੋਏ ਹਨ ਪਰ ਇਨ੍ਹਾਂ ਦਸਤਾਵੇਜ਼ਾਂ ’ਤੇ ਮਿਤੀ 28 ਸਿਤੰਬਰ ਲਿਖੀ ਹੋਈ ਹੈ।
ਕੌਂਸਲਰਾਂ ਨੇ ਕੀਤੀ ਸੀ ਮੇਅਰ ਸਿੱਧੂ ਖ਼ਿਲਾਫ਼ ਸ਼ਿਕਾਇਤ
ਜ਼ਿਕਰਯੋਗ ਹੈ ਕਿ ਮੋਹਾਲੀ ਕਾਰਪੋਰੇਸ਼ਨ ਦੇ ਕੁਝ ਕੌਂਸਲਰਾਂ ਤੇ ਸਾਬਕਾ ਕੌਂਸਲਰਾਂ ਜਿਨ੍ਹਾਂ ਵਿੱਚ ਸੁਖਦੇਵ ਸਿੰਘ ਪਟਵਾਰੀ, ਸ੍ਰੀਮਤੀ ਗੁਰਮੀਤ ਕੌਰ, ਅਰੁਣਾ ਵਿਸ਼ਿਸ਼ਟ, ਰਵਿੰਦਰ ਸਿੰਘ, ਕਰਮਜੀਤ ਕੌਰ, ਸਰਬਜੀਤ ਸਿੰਘ ਸਮਾਣਾ (ਸਾਰੇ ਕੌਂਸਲਰ) ਆਰ ਪੀ ਸ਼ਰਮਾ ਅਤੇ ਫੂਲਰਾਜ ਸਿੰਘ (ਸਾਬਕਾ ਕੌਂਸਲਰਾਂ) ਦੇ ਦਸਖਤਾਂ ਹੇਠ ਵਧੀਕ ਮੁੱਖ ਸਕੱਤਰ ਸਥਾਨਕ ਸਰਕਾਰਾਂ ਮਾਮਲੇ ਵਿਭਾਗ ਨੂੰ 11 ਅਗਸਤ ਨੂੰ ਇੱਕ ਪੱਤਰ ਦਿੱਤਾ ਗਿਆ ਸੀ।
ਮੇਅਰ ਦੇ ਅਹੁਦੇ ਦਾ ਦੁਰਉਪਯੋਗ ਕਰਨ ਦਾ ਇਲਜ਼ਾਮ
ਕੌਂਸਲਰਾਂ ਨੇ ਸ਼ਿਕਾਇਤ ਕੀਤੀ ਕਿ ਜੀਤੀ ਸਿੱਧੂ ਨੇ ਆਪਣੀ ਹੀ ਲੇਬਰ ਸੋਸਾਇਟੀ " ਅੰਮ੍ਰਿਤਪ੍ਰੀਤ ਕੋ-ਆਪ੍ਰੇਟਿਵ ਐਲ/ਸੀ ਸੋਸਾਇਟੀ ਲਿਮਟਿਡ" ਜਿਸਦੇ ਉਹ ਖ਼ੁਦ ਵੀ ਮੈਬਰ ਹਨ, ਨੂੰ ਕਰੋੜਾਂ ਰੁਪਏ ਦੇ ਕੰਮ ਅਲਾਟ ਕਰਵਾਏ। ਜੀਤੀ ਸਿੱਧੂ ਮੇਅਰ ਹੋਣ ਦੇ ਨਾਲ-ਨਾਲ ਐੱਫ਼ ਐਂਡ ਸੀਸੀ ਦੇ ਚੇਅਰਮੈਨ ਵੀ ਹਨ, ਜੋ ਕੰਮਾਂ ਨੂੰ ਅਲਾਟ ਕਰਦੀ ਹੈ। ਇਸ ਤਰ੍ਹਾਂ ਇਹ ਮਾਮਲਾ ਨਿੱਜੀ ਫ਼ਾਇਦੇ ਲਈ ਅਹੁਦੇ ਦੇ ਦੁਰਉਪਯੋਗ ਦਾ ਬਣਦਾ ਹੈ।
ਵੱਡੇ ਭਰਾ ਬਲਬੀਰ ਸਿੱਧੂ ਸਮੇਤ ਭਾਜਪਾ ’ਚ ਸ਼ਾਮਲ ਹੋ ਚੁੱਕੇ ਹਨ ਜੀਤੀ ਸਿੱਧੂ
ਇਸ ਮਾਮਲੇ ’ਚ ਸਥਾਨਕ ਸਰਕਾਰਾਂ ਵਿਭਾਗ ਦੁਆਰਾ ਜੀਤੀ ਸਿੱਧੂ ਨੂੰ ਆਪਣਾ ਪੱਖ ਰੱਖਣ ਦਾ ਸਮਾਂ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਪੰਜਾਬ ਸਰਕਾਰ ਦੁਆਰਾ ਇਹ ਕਾਰਵਾਈ ਕੀਤੀ ਗਈ ਹੈ। ਜੀਤੀ ਸਿੱਧੂ ਕਾਂਗਰਸ ਪਾਰਟੀ ਤੋਂ ਚੋਣ ਜਿੱਤਣ ਤੋਂ ਬਾਅਦ ਮੇਅਰ ਬਣੇ ਸਨ, ਪਰ ਵਿਧਾਨ ਸਭਾ ਚੋਣਾਂ ਤੋਂ ਬਾਅਦ ਆਪਣੇ ਵੱਡੇ ਭਰਾ ਬਲਬੀਰ ਸਿੰਘ ਸਿੱਧੂ (Balbir Singh Sidhu) ਸਮੇਤ ਭਾਜਪਾ ’ਚ ਸ਼ਾਮਲ ਹੋ ਗਏ ਸਨ।
ਇਹ ਵੀ ਪੜ੍ਹੋ: ਵਿਜੀਲੈਂਸ ਦੀ ਕੁੜਿੱਕੀ ’ਚ ਸਾਬਕਾ CM ਚੰਨੀ, ਦਾਸਤਾਨ-ਏ-ਸ਼ਹਾਦਤ ਥੀਮ ਪਾਰਕ ’ਚ ਘਪਲੇ ਦੀ ਆਹਟ!