Rajya Sabha News: ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਖਾੜੀ ਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਦੇਸ਼ ਲਿਆਉਣ ਦੇ ਯਤਨਾਂ ਬਾਰੇ ਸੰਸਦ ਵਿੱਚ ਪੁੱਛੇ ਸਵਾਲ ਦਾ ਜਵਾਬ ਦਿੰਦਿਆ ਕੇਂਦਰ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਸਰਕਾਰ ਵੱਲੋਂ ਪਿਛਲੇ ਪੰਜਾਂ ਸਾਲਾਂ ਦੌਰਾਨ 38 ਹਜ਼ਾਰ ਤੋਂ ਵੱਧ ਭਾਰਤੀਆਂ ਨੂੰ ਵਾਪਸ ਲਿਆਂਦਾ ਜਾ ਚੁੱਕਾ ਹੈ। ਜਿੰਨ੍ਹਾਂ ਵਿੱਚ ਜ਼ਿਆਦਾਤਰ ਔਰਤਾਂ ਹਨ।


COMMERCIAL BREAK
SCROLL TO CONTINUE READING

ਜ਼ਿਕਰਯੋਗ ਹੈ ਕਿ ਖਾੜੀ ਦੇਸ਼ਾਂ ਵਿੱਚ ਪੰਜਾਬ ਦੀਆਂ ਧੀਆਂ-ਭੈਣਾਂ ਦੇ ਹੋ ਰਹੇ ਸ਼ੋਸ਼ਣ ਨੂੰ ਲੈਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਬੜੇ ਸੰਜੀਦਾ ਹਨ ਤੇ ਸਮੇਂ ਸਮੇਂ ਤੇ ਉਹਨਾਂ ਵੱਲੋਂ ਲਗਾਤਾਰ ਇਸ ਗੰਭੀਰ ਮੁੱਦੇ ਨੂੰ ਲੈ ਸਦਨ ਵਿੱਚ ਅਵਾਜ਼ ਚੁੱਕੀ ਜਾ ਰਹੀ ਹੈ। ਉਨ੍ਹਾਂ ਦੇ ਯਤਨਾਂ ਸਦਕਾ ਪਿਛਲੇ ਦੋ ਸਾਲਾਂ ਵਿੱਚ 100 ਤੋਂ ਵੱਧ ਪੰਜਾਬ ਦੀਆਂ ਧੀਆਂ-ਭੈਣਾਂ ਨੂੰ ਵਾਪਸ ਲਿਆਂਦਾ ਜਾ ਚੁੱਕਾ ਹੈ। ਜਿੰਨ੍ਹਾਂ ਨੂੰ ਟ੍ਰੈਵਲ ਏਜੰਟਾਂ ਨੇ ਮੋਟੀਆਂ ਤਨਖਾਹਾਂ ਦਾ ਲਾਲਚ ਦੇ ਕੇ ਉਥੇ ਲਿਜਾਕੇ ਫਸਾ ਦਿੱਤਾ ਸੀ।


ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਰਦ ਰੁੱਤ ਦੇ ਹੰਗਾਮਿਆ ਭਰਪੂਰ ਚਲ ਰਹੇ ਸ਼ੈਸ਼ਨ ਦੌਰਾਨ ਇਹ ਸਵਾਲ ਪੁੱਛਿਆ ਸੀ ਕਿ ਅਰਬ ਦੇਸ਼ਾਂ ਵਿੱਚ ਕਿੰਨ੍ਹੀਆਂ ਭਾਰਤੀ ਔਰਤਾਂ ਫਸੀਆਂ ਹੋਈਆਂ ਹਨ ਤੇ ਪਿਛਲੇ ਪੰਜਾਂ ਸਾਲਾਂ ਵਿੱਚ ਕਿੰਨ੍ਹੇ ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ ਹੈ।


ਕੇਂਦਰ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਅਰਬ ਦੇਸ਼ਾਂ ਵਿੱਚੋਂ ਹੋ ਰਹੀ ਮਨੁੱਖੀ ਤਸਕਰੀ ਦਾ ਹਵਾਲਾ ਦਿੰਦਿਆ ਦੱਸਿਆ ਕਿ 9 ਦੇਸ਼ਾਂ ਵਿੱਚ ਭਾਰਤੀ ਨਾਗਰਿਕ ਫਸੇ ਹੋਏ ਸਨ। ਸੰਤ ਸੀਚੇਵਾਲ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆ ਮੰਤਰਾਲੇ ਵੱਲੋਂ ਦੱਸਿਆ ਗਿਆ ਕਿ ਅਰਬ ਦੇ 9 ਦੇਸ਼ਾਂ ਵਿੱਚੋਂ ਪੰਜਾਂ ਸਾਲਾਂ ਦੌਰਾਨ 38 ਹਜ਼ਾਰ 917 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਵਾਪਿਸ ਲਿਆਂਦਾ ਗਿਆ ਜਾ ਚੁੱਕਾ ਹੈ। ਜਿਹਨਾਂ ਨੂੰ ਉੱਥੇ ਸ਼ੋਸ਼ਣ, ਹੱਦ ਤੋਂ ਵੱਧ ਕੰਮ ਕਰਵਾਉਣ, ਗੁਲਾਮ ਬਣਾ ਕਿ ਰੱਖਣ, ਕੰਮ ਕਰਾਵਉਣ ਦੀ ਸੂਰਤ ਵਿੱਚ ਤਨਖਾਹ ਨਾ ਦੇਣ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਗੰਭੀਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।


ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਉਹ ਲਗਾਤਾਰ ਇਹ ਯਤਨ ਕਰ ਰਹੇ ਹਨ ਕਿ ਇੰਨ੍ਹਾਂ ਅਰਬ ਦੇਸ਼ਾਂ ਨੂੰ ਜਾਣ ਦੇ ਮਾਮਲੇ ਵਿੱਚ ਪੰਜਾਬ ਦੀਆਂ ਧੀਆਂ-ਭੈਣਾਂ ਗੁਰੇਜ਼ ਹੀ ਕਰਨ। ਉਧਰ ਜਾ ਕੇ ਇੰਨ੍ਹਾਂ ਔਰਤਾਂ ਨੂੰ ਕਥਿਤ ਤੌਰ ‘ਤੇ ਇੱਕ ਤਰੀਕੇ ਨਾਲ ਵੇਚ ਦਿੱਤਾ ਜਾਂਦਾ ਹੈ। ਜਿਹਨਾਂ ਕੋਲੋਂ ਵਾਪਸੀ ਲਈ ਮਗਰੋਂ ਲੱਖਾਂ ਵਿੱਚ ਰੁਪਏ ਮੰਗੇ ਜਾਂਦੇ ਹਨ। ਉਹਨਾਂ ਦੱਸਿਆ ਕਿ ਉਥੇ ਅਰਬੀ ਭਾਸ਼ਾ ਵਿੱਚ ਅਜਿਹਾ ਹਲਫਨਾਮਾ ਤਸਦੀਕ ਕਰਵਾ ਲ਼ਿਆ ਜਾਂਦਾ ਹੈ ਜਿਸ ਵਿੱਚੋਂ ਨਿਕਲਣ ਲਈ ਕਾਨੂੰਨੀ ਚਾਰਾਜ਼ੋਈ ਕੀਤੇ ਬਿਨ੍ਹਾਂ ਗੁਜ਼ਾਰਾ ਨਹੀਂ ਹੋ ਸਕਦਾ।


ਬਾਕਸ ਆਈਟਮ : ਇਸ ਸਵਾਲ ਦੇ ਦਿੱਤੇ ਗਏ ਜਵਾਬ ਅੁਨਸਾਰ ਮਸਕਟ (ਓਮਾਨ) ਵਿੱਚ ਸਭ ਤੋਂ ਵੱਧ ਭਾਰਤੀ ਨਾਗਰਿਕਾਂ 17,454 ਨੂੰ ਵਾਪਸ ਲਿਆਂਦਾ ਗਿਆ ਹੈ। ਦੂਜੇ ਨੰਬਰ ‘ਤੇ ਸਾਊਦੀ ਅਰਬ ਆਉਂਦਾ ਹੈ ਜਿੱਥੋਂ 10,023 ਭਾਰਤੀ ਨਾਗਰਿਕਾਂ ਨੂੰ ਦੇਸ਼ ਲਿਆਂਦਾ ਗਿਆ। ਇਸੇ ਤਰ੍ਹਾਂ ਕੁਵੈਤ ਵਿੱਚੋਂ ਵੀ 7,330, ਦੁਬਈ ਵਿੱਚੋਂ 3,568, ਕਤਰ ਵਿੱਚੋਂ 239, ਇਰਾਕ ਵਿੱਚੋਂ 180, ਲੀਬੀਆ ਵਿੱਚੋਂ 83 ਅਤੇ ਬੈਹਰੀਨ ਵਿੱਚੋਂ 35 ਜਣਿਆਂ ਨੂੰ ਵਾਪਸ ਲਿਆਉਣ ਵਿੱਚ ਕਾਮਜਾਬੀ ਮਿਲੀ ਹੈ। ਇੰਨ੍ਹਾਂ ਦੇਸ਼ਾਂ ਵਿੱਚੋਂ ਸੀਰੀਆ ਹੀ ਇੱਕਲੌਤਾ ਦੇਸ਼ ਹੈ। ਜਿੱਥੇ ਸਭ ਤੋਂ ਘੱਟ ਭਾਵ ਕਿ ਸਿਰਫ 5 ਭਾਰਤੀਆਂ ਨੂੰ ਵਾਪਸ ਲਿਆਂਦਾ ਜਾ ਸਕਿਆ ਹੈ।