MP ਰਾਘਵ ਚੱਢਾ ਨੇ ਆਬੂਧਾਬੀ ’ਚ ਫਸੇ ਪੰਜਾਬੀ ਨੌਜਵਾਨਾਂ ਨੂੰ ਬਚਾਉਣ ਸਬੰਧੀ MEAIndia ਨੂੰ ਲਿਖਿਆ ਪੱਤਰ
MP ਰਾਘਵ ਚੱਢਾ ਨੇ ਆਬੂਧਾਬੀ ਵਿੱਚ ਫਸੇ ਲਗਭਗ 100 ਪ੍ਰਵਾਸੀ ਪੰਜਾਬੀ ਮਜ਼ਦੂਰਾਂ ਦੀ ਸੁਰੱਖਿਅਤ ਘਰ ਵਾਪਸੀ ਲਈ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੂੰ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਹੈ।
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ (Raghav Chadha) ਆਬੂਧਾਬੀ ਵਿੱਚ ਫਸੇ ਲਗਭਗ 100 ਪ੍ਰਵਾਸੀ ਪੰਜਾਬੀ ਮਜ਼ਦੂਰਾਂ ਦੀ ਸੁਰੱਖਿਅਤ ਅਤੇ ਜਲਦ ਘਰ ਵਾਪਸੀ ਲਈ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੂੰ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਹੈ।
100 ਪੰਜਾਬੀ ਨੌਜਵਾਨਾਂ ਦਾ ਕੰਟ੍ਰੈਕਟ ਕੀਤਾ ਖ਼ਤਮ
ਵਿਦੇਸ਼ ਮੰਤਰੀ ਨੂੰ ਲਿਖੇ ਇੱਕ ਪੱਤਰ ਵਿੱਚ ਸਾਂਸਦ ਰਾਘਵ ਚੱਢਾ ਨੇ ਕਿਹਾ ਕਿ ਆਬੂਧਾਬੀ ਵਿੱਚ ਇੱਕ ਪ੍ਰਾਈਵੇਟ ਫਰਮ, ਸਕੁਏਅਰ ਜਨਰਲ ਕੰਟਰੈਕਟਿੰਗ ਕੰਪਨੀ ਨੇ ਉਥੇ ਕੰਮ ਕਰਦੇ ਪੰਜਾਬ ਦੇ 100 ਦੇ ਕਰੀਬ ਮੂਲ ਨਿਵਾਸੀਆਂ ਦੇ ਕੰਟ੍ਰੈਕਟ ਖਤਮ ਕਰ ਦਿੱਤੇ ਹਨ ਤੇ ਉਨ੍ਹਾਂ ਦੇ ਪਾਸਪੋਰਟ ਵਾਪਸ ਕਰਨ ਤੋਂ ਵੀ ਮਨ੍ਹਾ ਕਰ ਰਹੇ ਹਨ। ਨਤੀਜਾ ਇਹ ਕਿ ਪੰਜਾਬੀ ਬਿਨਾਂ ਪਾਸਪੋਰਟ ਆਬੂਧਾਬੀ ਵਿੱਚ ਫਸੇ ਹੋਏ ਹਨ।
ਉਨ੍ਹਾਂ ਕਿਹਾ ਕਿ ਇਸ ਕਾਰਨ ਆਨਲਾਈਨ ਅਰਜ਼ੀਆਂ ਦੇਣ ਅਤੇ ਪਰਿਵਾਰ ਵੱਲੋਂ ਟਿਕਟਾਂ ਦੇ ਪ੍ਰਬੰਧ ਲਈ ਤਿਆਰ ਰਹਿਣ ਦੇ ਬਾਵਜੂਦ ਵੀ ਉਹ ਕਾਮੇ ਭਾਰਤ ਪਰਤਣ ਤੋਂ ਅਸਮਰੱਥ ਹਨ।
'ਆਪ' ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਨੇ ਕੇਂਦਰੀ ਮੰਤਰੀ ਨੂੰ ਆਪਣੇ ਪੱਤਰ ਵਿੱਚ ਕਿਹਾ, "ਮੈਂ ਇਸ ਮਾਮਲੇ ਵਿੱਚ ਫੌਰੀ ਤੌਰ ’ਤੇ ਤੁਹਾਨੂੰ ਦਖਲ ਦੇਣ ਦੀ ਅਪੀਲ ਕਰਦਾ ਹਾਂ ਅਤੇ ਫਸੇ ਹੋਏ ਲੋਕਾਂ ਨਾਲ ਸੰਪਰਕ ਸਥਾਪਤ ਕਰਨ ਲਈ ਦੁਬਈ ਵਿੱਚ ਭਾਰਤੀ ਦੂਤਾਵਾਸ ਨੂੰ ਨਿਰਦੇਸ਼ ਜਾਰੀ ਕਰਨ ਦੀ ਬੇਨਤੀ ਕਰਦਾ ਹਾਂ।"
MP ਰਾਘਵ ਚੱਢਾ ਨੇ ਟਵਿੱਟਰ ’ਤੇ ਸਾਂਝੀ ਕੀਤੀ ਜਾਣਕਾਰੀ
ਉਨ੍ਹਾਂ ਨੇ ਆਪਣੇ ਟਵੀਟ 'ਚ ਲਿਖਿਆ, "ਮੈਂ ਵਿਦੇਸ਼ ਮੰਤਰਾਲੇ (MEAIndia) ਨੂੰ ਪੱਤਰ ਲਿਖ ਕੇ ਯੂਏਈ (UAE) ਦੇ ਆਬੂਧਾਬੀ ਵਿੱਚ ਫਸੇ ਪੰਜਾਬ ਦੇ ਪ੍ਰਵਾਸੀ ਮਜ਼ਦੂਰਾਂ ਦੀ ਵਾਪਸੀ ਲਈ ਡਾ. ਐੱਸ ਜੈਸ਼ੰਕਰ (S. JaiShankar) ਨੂੰ ਤੁਰੰਤ ਇਸ ਮਾਮਲੇ 'ਚ ਦਖਲ ਦੇਣ ਦੀ ਬੇਨਤੀ ਕੀਤੀ ਹੈ। ਅਸੀਂ ਆਪਣੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ।"